ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 26 ਕੈਡਿਟ ਐੱਨਡੀਏ ਪ੍ਰੀਖਿਆ ’ਚੋਂ ਪਾਸ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ 26 ਕੈਡਿਟਾਂ ਨੇ ਐਨਡੀਏ-155 ਕੋਰਸ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) (1) ਲਿਖਤੀ ਪ੍ਰੀਖਿਆ ਪਾਸ ਕਰਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਯੂਪੀਐਸਸੀ ਵੱਲੋਂ ਬੀਤੀ ਸ਼ਾਮ ਨਤੀਜਾ ਐਲਾਨਿਆ ਗਿਆ ਸੀ। ਇਹ ਕੋਰਸ ਦਸੰਬਰ 2025 ਵਿੱਚ ਸ਼ੁਰੂ ਹੋਵੇਗਾ। ਸੰਸਥਾ ਦੇ 34 ਕੈਡਿਟਾਂ ਨੇ ਐੱਨਡੀਏ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 26 ਕੈਡਿਟਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ’ਚੋਂ ਅੱਠ ਕੈਡਿਟ ਪਹਿਲਾਂ ਹੀ ਐਨਡੀਏ-154 ਕੋਰਸ ਲਈ ਮੈਰਿਟ ਸੂਚੀ ਵਿੱਚ ਹਨ ਅਤੇ ਆਪਣੇ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹੋਣਹਾਰ ਕੈਡਿਟਾਂ ਨੂੰ ਪੰਜਾਬ ਦਾ ਮਾਣ ਦੱਸਿਆ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ ਚੌਹਾਨ ਨੇ ਕਿਹਾ ਕਿ ਇਹ ਕੈਡਿਟ ਜਲਦ ਹੀ ਆਪਣਾ ਐਸਐੱਸਬੀ ਇੰਟਰਵਿਊ ਦੇਣਗੇ।