ਦੀਰ ਅਲ-ਬਲਾਹ, 14 ਜੂਨ
ਗਾਜ਼ਾ ਪੱਟੀ ’ਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ 16 ਫਲਸਤੀਨੀ ਮਾਰੇ ਗਏ। ਉਧਰ ਰਾਹਤ ਸਮੱਗਰੀ ਵੰਡਣ ਵਾਲੇ ਇਕ ਕੇਂਦਰ ਨੇੜੇ ਗੋਲੀਬਾਰੀ ’ਚ 11 ਫਲਸਤੀਨੀ ਹਲਾਕ ਹੋ ਗਏ। ਚਸ਼ਮਦੀਦਾਂ ਮੁਤਾਬਕ ਇਜ਼ਰਾਇਲੀ ਫੌਜ ਨੇ ਭੀੜ ’ਤੇ ਗੋਲੀਆਂ ਚਲਾਈਆਂ ਜਦਕਿ ਫੌਜ ਨੇ ਕਿਹਾ ਕਿ ਉਨ੍ਹਾਂ ਸਿਰਫ਼ ਚਿਤਾਵਨੀ ਵਜੋਂ ਗੋਲੀਆਂ ਦਾਗ਼ੀਆਂ ਸਨ ਕਿਉਂਕਿ ਕੁਝ ਲੋਕ ਜਵਾਨਾਂ ਦੇ ਐਨ ਨੇੜੇ ਪਹੁੰਚ ਗਏ ਸਨ। ਗਾਜ਼ਾ ਮਾਨਵੀ ਫਾਊਂਡੇਸ਼ਨ ਨੇ ਕਿਹਾ ਸੀ ਕਿ ਉਹ ਸ਼ਨਿਚਰਵਾਰ ਨੂੰ ਕੇਂਦਰ ਬੰਦ ਰਖਣਗੇ ਪਰ ਫਿਰ ਵੀ ਹਜ਼ਾਰਾਂ ਲੋਕ ਭੋਜਨ ਲੈਣ ਲਈ ਉਥੇ ਇਕੱਤਰ ਹੋ ਗਏ ਸਨ। ਇਜ਼ਰਾਈਲ ਵੱਲੋਂ ਕੀਤੀ ਨਾਕਾਬੰਦੀ ਕਾਰਨ ਗਾਜ਼ਾ ’ਚ ਅਕਾਲ ਵਰਗੇ ਹਾਲਾਤ ਪੈਦਾ ਹੋ ਗਏ ਹਨ। ਅਲ-ਅਵਦਾ ਹਸਪਤਾਲ ਨੇ ਕਿਹਾ ਕਿ ਉਨ੍ਹਾਂ ਕੋਲ ਅੱਠ ਲਾਸ਼ਾਂ ਪਹੁੰਚੀਆਂ ਹਨ ਅਤੇ ਇਹ ਲੋਕ ਗਾਜ਼ਾ ਮਾਨਵੀ ਫਾਊਂਡੇਸ਼ਨ ਨੇੜੇ ਗੋਲੀਬਾਰੀ ’ਚ ਮਾਰੇ ਗਏ। ਜ਼ਖ਼ਮੀ ਹੋਏ 125 ਵਿਅਕਤੀਆਂ ਨੂੰ ਵੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਰਾਫ਼ਾਹ ’ਚ ਵੀ ਰਾਹਤ ਸਮੱਗਰੀ ਵੰਡਣ ਵਾਲੇ ਕੇਂਦਰ ਦੇ ਨੇੜੇ ਗੋਲੀਆਂ ਚਲਣ ਕਾਰਨ ਤਿੰਨ ਹੋਰ ਵਿਅਕਤੀ ਮਾਰੇ ਗਏ। ਇਸ ਦੌਰਾਨ ਖ਼ਾਨ ਯੂਨਿਸ ਦੇ ਨਾਸਿਰ ਹਸਪਤਾਲ ਨੇ ਕਿਹਾ ਕਿ ਉਨ੍ਹਾਂ ਕੋਲ 16 ਲਾਸ਼ਾਂ ਪਹੁੰਚੀਆਂ ਹਨ, ਜਿਨ੍ਹਾਂ ’ਚ ਪੰਜ ਮਹਿਲਾਵਾਂ ਦੀਆਂ ਹਨ। ਇਹ ਵਿਅਕਤੀ ਸ਼ਨਿਚਰਵਾਰ ਤੜਕੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਮਲਿਆਂ ’ਚ ਮਾਰੇ ਗਏ। ਇਜ਼ਰਾਈਲ ਅਤੇ ਅਮਰੀਕਾ ਨੇ ਕਿਹਾ ਹੈ ਕਿ ਉਨ੍ਹਾਂ ਗਾਜ਼ਾ ’ਚ ਰਾਹਤ ਸਮੱਗਰੀ ਵੰਡਣ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਦੀ ਥਾਂ ’ਤੇ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਹੈ। -ਏਪੀ