ਸੂਰਬੀਰਤਾ ਦੀ ਕਹਾਣੀ ਪਿਪਲੀ ਸਾਹਿਬ ਦੀ ਜੰਗ
ਦਿਲਜੀਤ ਸਿੰਘ ਬੇਦੀ
ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਪੁਰਾਣੇ ਅੰਮ੍ਰਿਤਸਰ ਸ਼ਹਿਰ ਵਿੱਚ ਲੋਹਗੜ੍ਹ ਗੇਟ ਅੰਦਰ ਸਥਿਤ ਹੈ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ। ਆਪਣੇ ਗੁਰੂ ਪਿਤਾ ਦੇ ਹੁਕਮ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗਲ ਜ਼ਾਲਮਾਂ ਦੇ ਜ਼ੁਲਮ ਵਿਰੁੱਧ ਲੜਨ ਲਈ ਨੌਜਵਾਨਾਂ ਦੀ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸਥਾਨ ’ਤੇ ਲੋਹਗੜ੍ਹ ਨਾਮਕ ਇੱਕ ਛੋਟਾ ਜਿਹਾ ਕਿਲ੍ਹਾ ਬਣਵਾਇਆ, ਜਿਸ ਨੂੰ ਹੁਣ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਕਿਹਾ ਜਾਂਦਾ ਹੈ। ਅੰਮ੍ਰਿਤਸਰ ਦੀ ਲੜਾਈ ਇੱਕ ਦੁਰਲੱਭ ਚਿੱਟੇ ਬਾਜ਼ ਕਰਕੇ ਸ਼ੁਰੂ ਹੋਈ, ਜੋ ਇਰਾਨ ਦੇ ਬਾਦਸ਼ਾਹ ਵੱਲੋਂ ਸ਼ਾਹਜਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਉਸ ਸਮੇਂ ਬਾਜ਼ ਸ਼ਾਹੀ ਪ੍ਰਤੀਕਾਂ ’ਚੋਂ ਇੱਕ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੰਗ ਬਿਲਕੁਲ ਨਹੀਂ ਚਾਹੁੰਦੇ ਸਨ ਪਰ ਗੁਰੂ ਜੀ ਨੂੰ ਬਹੁਤਾ ਚਿਰ ਅਮਨ-ਅਮਾਨ ਨਾਲ ਨਾ ਰਹਿਣ ਦਿੱਤਾ ਗਿਆ। ਗੁਰੂ ਜੀ ਨੂੰ ਚਾਰ ਜੰਗਾਂ ’ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ। ਅੰਮ੍ਰਿਤਸਰ ਪਿਪਲੀ ਸਾਹਿਬ ਦੀ ਪਹਿਲੀ ਜੰਗ, ਸ੍ਰੀ ਹਰਿਗੋਬਿੰਦਪੁਰ ਦੀ ਦੂਜੀ ਜੰਗ, ਗੁਰੂ-ਸਰ ਮਹਿਰਾਜ ਦੀ ਤੀਸਰੀ ਜੰਗ ਅਤੇ ਕਰਤਾਰਪੁਰ ਦੀ ਚੌਥੀ ਜੰਗ।
ਅੰਮ੍ਰਿਤਸਰ ਤੋਂ ਥੋੜ੍ਹੀ ਵਿੱਥ ’ਤੇ ਅਜਨਾਲਾ ਰੋਡ ’ਤੇ ਪੁਰਾਣੀ ਕੇਂਦਰੀ ਜੇਲ੍ਹ ਦੇ ਐਨ ਸਾਹਮਣੇ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਖੈਰਾਬਾਦ ਦੀ ਧਰਤੀ ’ਤੇ ਸਥਿਤ ਹੈ। ਇਹ ਗੁਰੂ ਘਰ ਸਿੱਖਾਂ ਦੀ ਪਹਿਲੀ ਜੰਗ ਅਤੇ ਪਾਤਸ਼ਾਹੀ ਛੇਵੀਂ ਨਾਲ ਸਬੰਧਤ ਹੈ। ਇਹ ਇਲਾਕਾ ਗੁੰਮਟਾਲਾ ਪਿੰਡ ਦੀ ਜੂਹ ਵਿਚ ਆਉਂਦਾ ਹੈ। ਮੀਰੀ-ਪੀਰੀ ਦੇ ਮਾਲਕ ਜਦੋਂ ਸ਼ਿਕਾਰ ਖੇਡਣ ਲਈ ਨਿਕਲਦੇ ਸਨ ਤਾਂ ਇਸ ਖੇਤਰ ਵਿੱਚ ਕੁਝ ਸਮਾਂ ਪਲਾਹ ਦੇ ਦਰੱਖਤ ਦੀ ਠੰਢੀ ਛਾਂ ਹੇਠ ਆਰਾਮ ਕਰਦੇ ਸਨ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਿੱਖ ਇਤਿਹਾਸ ਦੀ ਲੜੀ ਗਈ ਪਹਿਲੀ ਜੰਗ ਦਾ ਮੁੱਢ ਵੀ ਜ਼ੁਲਮ ਤੇ ਦਿਆ ਦੇ ਪ੍ਰਕਰਨ ’ਚ ਇਸ ਧਰਤੀ ’ਤੇ ਹੀ ਪੈਦਾ ਹੋਇਆ। 1628-29 ਈ. ਨੂੰ ਗੁਰੂ ਜੀ ਆਪਣੇ ਕੁੱਝ ਸਿੱਖਾਂ ਸਮੇਤ ਸ਼ਿਕਾਰ ਖੇਡਣ ਅੰਮ੍ਰਿਤਸਰ ਦੀ ਧਰਤੀ ਦੇ ਇਸ ਇਲਾਕੇ ਵਿੱਚ ਆਏ ਹੋਏ ਸਨ। ਸਬੱਬੀ ਸ਼ਾਹਜਹਾਂ ਬਾਦਸ਼ਾਹ ਵੀ ਲਾਹੌਰ ਵੱਲੋਂ ਇਸੇ ਖੇਤਰ ਵਿੱਚ ਸ਼ਿਕਾਰ ਲਈ ਉਤਰਿਆ ਹੋਇਆ ਸੀ।
ਸ਼ਾਹਜਹਾਂ ਕੋਲ ਚਿੱਟਾ ਬਾਜ਼ ਸੀ, ਜੋ ਸ਼ਾਹ ਇਰਾਨ ਨੇ ਉਸ ਨੂੰ ਤੋਹਫ਼ੇ ਵਜੋਂ ਭੇਟ ਕੀਤਾ ਸੀ। ਸ਼ਾਹਜਹਾਂ ਦਾ ਚਿੱਟਾ ਬਾਜ਼ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਕੋਹ ਕੋਰ ਕੇ ਮਾਰ ਰਿਹਾ ਸੀ। ਬਾਦਸ਼ਾਹ ਦੇ ਕਰਿੰਦੇ ਇਸ ਖੇਡ ਤੇ ਹੁਲੜਬਾਜ਼ੀ ਕਰ ਕੇ ਖੁਸ਼ੀ ਮਨਾ ਰਹੇ ਸਨ। ਗੁਰੂ ਦੇ ਸਿੱਖਾਂ ਨੂੰ ਬਾਦਸ਼ਾਹ ਦੇ ਸਿਪਾਹੀਆਂ ’ਤੇ ਬਾਜ਼ ਦੀ ਇਹ ਕਾਰਵਾਈ ਪਸੰਦ ਨਾ ਆਈ। ਥੋੜ੍ਹੇ ਸਮੇਂ ਬਾਅਦ ਗੁਰੂ ਜੀ ਦਾ ਬਾਜ਼ ਦੂਜੇ ਬਾਜ਼ ਨੂੰ ਘੇਰ ਕੇ ਸਿੱਖਾਂ ਕੋਲ ਲੈ ਆਇਆ। ਸਿੱਖਾਂ ਨੇ ਸ਼ਾਹਜਹਾਂ ਦੇ ਬਾਜ਼ ਨੂੰ ਫੜ ਲਿਆ। ਬਾਜ਼ ਦਾ ਪਿੱਛਾ ਕਰਦੇ ਸ਼ਾਹਜਹਾਂ ਦੇ ਸਿਪਾਹੀਆਂ ਦਾ ਕਾਫਲਾ ਸਿੱਖਾਂ ਕੋਲ ਪੁੱਜਿਆ ਤੇ ਗੁੱਸੇ ਤੇ ਰੋਹਬ ਨਾਲ ਕਹਿਣ ਲੱਗੇ, ‘ਇਹ ਬਾਜ਼ ਸਾਡਾ ਹੈ। ਇਹ ਬਾਜ਼ ਸਾਨੂੰ ਵਾਪਸ ਕਰ ਦਿਓ। ਤੁਹਾਨੂੰ ਪਤਾ ਨਹੀਂ ਇਹ ਸ਼ਾਹਜਹਾਂ ਦਾ ਸ਼ਾਹੀ ਬਾਜ਼ ਹੈ। ਇਸ ਨੂੰ ਕੋਈ ਨਹੀਂ ਰੱਖ ਸਕਦਾ। ਤੁਹਾਡੀ ਭਲੀ ਇਸ ਵਿੱਚ ਹੈ ਕਿ ਬਾਜ਼ ਵਾਪਸ ਦੇ ਦਿਓ, ਨਹੀਂ ਤਾਂ ਜੰਗ ਲਈ ਤਿਆਰ ਹੋ ਜਾਓ।’
ਸਿੱਖਾਂ ਨੇ ਜੈਕਾਰੇ ਲਾਉਦਿਆਂ ਢੁਕਵਾਂ ਉੱਤਰ ਦਿੰਦਿਆਂ ਕਿਹਾ ‘ਤਾਜ-ਬਾਜ਼ ਤੁਮਰੇ ਸਭ ਲੈਨੇ’, ਭਾਵ ‘ਤੁਸੀਂ ਬਾਜ਼ ਦੀ ਗੱਲ ਕਰਦੇ ਹੋ, ਅਸੀਂ ਤੁਹਾਡੇ ਤਾਜ ਨੂੰ ਵੀ ਹੱਥ ਪਾਵਾਂਗੇ।’ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਧਾਰਨ ਕੀਤੀ ਤੇ ਉਹ ਇਸ ਦਾ ਜਲਵਾ ਸੰਸਾਰ ਨੂੰ ਦਿਖਾਉਣਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਐਲਾਨ ਕੀਤਾ, ‘ਅੱਜ ਤੋਂ ਗੁਰੂ ਘਰ ਲਈ ਸਭ ਤੋਂ ਚੰਗੀ ਭੇਟਾ ਸੁੰਦਰ ਘੋੜੇ ਤੇ ਮਜ਼ਬੂਤ ਜਵਾਨੀ ਹੋਵੇਗੀ।’
ਮੈਕਾਲਫ਼ ਅਨੁਸਾਰ ਮਾਝੇ ’ਚੋਂ 50 ਨੌਜਵਾਨ ਸਿੰਘਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ ਸੀ। ਕੁੱਝ ਸਮੇਂ ਵਿੱਚ ਹੀ ਇਹ ਕਾਫ਼ਲਾ ਬਹੁਤ ਵੱਡਾ ਹੋ ਗਿਆ ਤੇ ਹਜ਼ਾਰਾਂ ਦੀ ਗਿਣਤੀ ਵਿਚ ਖਾਲਸਾਈ ਫੌਜ ਬਣ ਗਈ। ਇਹ ਫੌਜ ਗੁਰੂ ਹੁਕਮ ਅਨੁਸਾਰ ਜੰਗ ਦੇ ਮੈਦਾਨ ਵਿੱਚ ਜੂਝ ਕੇ ਆਪਣੇ ਆਪ ਨੂੰ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਚੜ੍ਹਾਉਣ ਦੇ ਇਛੁੱਕ ਸੀ।
ਬਾਜ਼ ਨਾ ਮਿਲਣ ’ਤੇ ਗੁੱਸੇ ਵਿੱਚ ਸ਼ਾਹਜਹਾਂ ਦੇ ਸਿਪਾਹੀ ਖੋਟੀਆਂ ਸੁਣਾਉਂਦੇ ਹੋਏ ਬਾਦਸ਼ਾਹ ਨੂੰ ਮਿਲੇ ਅਤੇ ਘਟਨਾ ਤੋਂ ਜਾਣੂ ਕਰਵਾਇਆ, ਜਿਸ ’ਤੇ ਗੁੱਸੇ ਵਿੱਚ ਆ ਕੇ ਸ਼ਾਹਜਹਾਂ ਨੇ ਜਰਨੈਲ ਮੁਖ਼ਲਸ ਖ਼ਾਨ ਦੀ ਅਗਵਾਈ ਹੇਠ 700 ਸਿਪਾਹੀਆਂ ਦੀ ਫੌਜ ਸਿੱਖਾਂ ਨਾਲ ਲੜਨ ਲਈ ਭੇਜੀ ਅਤੇ ਸਿੱਖ ਇਤਿਹਾਸ ਦੀ ਇਹ ਪਹਿਲੀ ਜੰਗ ਅੰਮ੍ਰਿਤਸਰ ਦੇ ਖੈਰਾਬਾਦ, ਖਾਲਸਾ ਕਾਲਜ ਵਾਲਾ ਖੇਤਰ, ਪਿਪਲੀ ਸਾਹਿਬ ਪੁਤਲੀਘਰ, ਕੋਟ ਖਾਲਸਾ ਲੋਹਗੜ੍ਹ ਅਤੇ ਗੁਰਦੁਆਰਾ ਸੰਗਰਾਣਾ ਸਾਹਿਬ ਤੱਕ ਲੜੀ ਗਈ। ਇਹ ਸਾਰਾ ਖੇਤਰ ਜੰਗਲ ਬੀੜ ਸੀ। ਸ਼ਾਹਜਹਾਂ ਨੇ ਸਿੱਖਾਂ ਦੇ ਗੁਰੂ ਨੂੰ ਬਾਜ਼ ਸਮੇਤ ਫੜਕੇ ਲਿਆਉਣ ਦਾ ਹੁਕਮ ਕੀਤਾ।
ਸ਼ਾਹੀ ਫੌਜਾਂ ਦੀ ਚੜ੍ਹਾਈ ਨੂੰ ਰੋਕਣ ਲਈ ਗੁਰੂ ਜੀ ਨੇ 25 ਯੋਧੇ ਭੇਜੇ। ਇਨ੍ਹਾਂ ਵੀਰ ਬਹਾਦਰਾਂ ਨੇ ਸ਼ਾਹੀ ਫੌਜ ਨੂੰ ਠੱਲੀ ਰੱਖਿਆ। ਰਾਤ ਨੂੰ ਇਹ ਸਿੰਘ ਹੌਂਸਲੇ ਨਾਲ ਜੈਕਾਰੇ ਲਾਉਂਦੇ ਕਹਿ ਰਹੇ ਸਨ, ‘ਸਵੇਰ ਹੋਣ ਦਿਓ, ਲੜਦੇ-ਮਰਦੇ ਲਾਹੌਰ ਪਹੁੰਚ ਜਾਵਾਂਗੇ ਤੇ ਬਾਦਸ਼ਾਹ ਦੀਆਂ ਮਸ਼ਕਾਂ ਬੰਨ੍ਹ ਕੇ ਲਿਆਵਾਂਗੇ।’ ਇਨ੍ਹਾਂ ਵਿੱਚ ਸੂਰਬੀਰ ਯੋਧੇ ਭਾਈ ਬਿਧੀਚੰਦ, ਭਾਈ ਜੇਠਾ ਸਿੰਘ, ਭਾਈ ਪੈਦੇ ਖਾਂ ਆਦਿ ਸਿੱਖਾਂ ਦੀ ਜੰਗ ਦੀ ਅਗਵਾਈ ਕਰ ਰਹੇ ਸਨ। ਮੁਗਲਾਂ ਵੱਲੋਂ ਸ਼ਮਸ਼ਾਨ ਖਾਨ, ਅਨਵਰ ਖਾਂ, ਮੁਹੰਮਦ ਅਲੀ ਖਾਂ, ਅਲੀ ਬੇਗ ਆਦਿ ਨੇ ਮੁਗ਼ਲ ਸੈਨਾ ਦੀ ਅਗਵਾਈ ਕੀਤੀ। ਸਿੱਖਾਂ ਤੇ ਤੁਰਕਾਂ ਵਿੱਚ ਘਮਸਾਣ ਦਾ ਯੁੱਧ ਹੋਇਆ। ਦੋਹਾਂ ਪਾਸਿਆਂ ਦਾ ਕਾਫੀ ਜਾਨੀ ਨੁਕਸਾਨ ਹੋਇਆ।
ਇਸ ਮਗਰੋਂ ਮੁਖ਼ਲਿਸ ਖ਼ਾਨ ਜੁਅਰਤ ਕਰਕੇ ਆਪ ਜੰਗ ਦੇ ਮੈਦਾਨ ਵਿੱਚ ਉੱਤਰਿਆ ਅਤੇ ਗੁਰੂ ਜੀ ਨੂੰ ਯੁੱਧ ਕਰਨ ਲਈ ਲਲਕਾਰਿਆ। ਗੁਰੂ ਜੀ ਨੇ ਸਿੱਖਾਂ ਨੂੰ ਪਿੱਛੇ ਹਟਣ ਲਈ ਕਿਹਾ। ਮੁਖਲਿਸ ਖਾਂ ਦੇ ਪਹਿਲੇ ਦੋਵੇਂ ਵਾਰ ਗੁਰੂ ਜੀ ਨੇ ਬਚਾਅ ਲਏ ਤੇ ਆਖਿਆ, ‘ਤੂੰ ਦੋ ਵਾਰ ਕੀਤੇ ਅਸੀਂ ਬਚਾ ਲਏ ਹੁਣ ਤੂੰ ਤਿਆਰੀ ਕਸ ਲੈ।’ ਗੁਰੂ ਜੀ ਨੇ ਆਪਣੀ ਤਲਵਾਰ ਨਾਲ ਵਾਰ ਕੀਤਾ ਤਾਂ ਉਸ ਦਾ ਸਿਰ ਧੜ ਨਾਲੋਂ ਲੱਥ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਦੀ ਬਾਕੀ ਫੌਜ ਇਹ ਭੈਅ-ਭੀਤ ਦ੍ਰਿਸ਼ ਦੇਖ ਕੇ ਲਾਹੌਰ ਨੂੰ ਭੱਜ ਗਈ। ਇਹ ਜੰਗ 15 ਮਈ 1628-1629 ਈ. ਨੂੰ ਹੋਈ ਦੱਸੀ ਜਾਂਦੀ ਹੈ। ਜੰਗ ਮਗਰੋਂ ਗੁਰੂ ਜੀ ਆਪ ਝਬਾਲ ਚਲੇ ਗਏ, ਜਿੱਥੇ ਉਨ੍ਹਾਂ ਆਪਣਾ ਪਰਿਵਾਰ ਪਹਿਲਾਂ ਹੀ ਭੇਜ ਦਿੱਤਾ ਸੀ। ਉਥੇ ਹੀ ਚੌਧਰੀ ਭਾਈ ਲੰਗਾਹ ਦੇ ਘਰ ਬੀਬੀ ਵੀਰੋ ਦਾ ਵਿਆਹ ਕੀਤਾ ਗਿਆ। ਮੈਕਾਲਿਫ ਅਨੁਸਾਰ ਇਹ ਯੁੱਧ ਅੰਮ੍ਰਿਤਸਰ ਤੋਂ ਚਾਰ ਮੀਲ ਤੱਕ ਦੱਖਣ ਵੱਲ ਵੀ ਹੁੰਦਾ ਰਿਹਾ, ਜਿੱਥੇ ਗੁਰੂ ਜੀ ਦੀ ਜਿੱਤ ਦੀ ਯਾਦਗਾਰ ਗੁਰਦੁਆਰਾ ਸੰਗਰਾਣਾ ਸਾਹਿਬ ਸਥਿਤ ਹੈ।
ਭਾਵੇਂ ਸ਼ਾਹਜਹਾਂ ਦੇ ਜੰਗਨਾਮਿਆਂ ਵਿੱਚ ਇਸ ਜੰਗ ਦਾ ਜ਼ਿਕਰ ਨਹੀਂ ਮਿਲਦਾ, ਪਰ ਇਤਿਹਾਸ ਦੇ ਕੁੱਝ ਸਰੋਤਾਂ ਮੁਤਾਬਕ ਇਹ ਸਿੱਖਾਂ ਦੀ ਪਹਿਲੀ ਲੜਾਈ ਸੀ। ਗੁਰਦੁਆਰਾ ਪਲਾਹ ਸਾਹਿਬ ਅਤੇ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਵਿੱਚ ਹਰ ਸਾਲ ਫ਼ਤਹਿ ਦਿਵਸ ਮਨਾਇਆ ਜਾਂਦਾ ਹੈ।
ਸੰਪਰਕ: 98148-98570