DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਈ ਤਾਰੂ ਸਿੰਘ ਅਤੇ ਉਨ੍ਹਾਂ ਦਾ ਸ਼ਹੀਦੀ ਅਸਥਾਨ

        ਦਿਲਜੀਤ ਸਿੰਘ ਬੇਦੀ ਸਿੱਖ ਇਤਿਹਾਸ ਵਿਚ ਭਾਈ ਤਾਰੂ ਸਿੰਘ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਉਨ੍ਹਾਂ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ਨੂੰ ਖਿੜੇ ਮੱਥੇ ਸਹਾਰਿਆ ਅਤੇ ‘ਸਿਰ ਜਾਵੇ ਤਾਂ ਜਾਵੇ-ਮੇਰਾ...

  • fb
  • twitter
  • whatsapp
  • whatsapp
Advertisement

Advertisement

Advertisement

ਦਿਲਜੀਤ ਸਿੰਘ ਬੇਦੀ

ਸਿੱਖ ਇਤਿਹਾਸ ਵਿਚ ਭਾਈ ਤਾਰੂ ਸਿੰਘ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਉਨ੍ਹਾਂ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ਨੂੰ ਖਿੜੇ ਮੱਥੇ ਸਹਾਰਿਆ ਅਤੇ ‘ਸਿਰ ਜਾਵੇ ਤਾਂ ਜਾਵੇ-ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾ ਕੇ ਕੇਸਾਂ ਦੀ ਰਾਖੀ ਲਈ ਖੋਪਰੀ ਉਤਰਵਾ ਕੇ ਕੁਰਬਾਨੀ ਦੇ ਅਨੋਖੇ ਪੂਰਨੇ ਪਾਏ।

ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਮਗਰੋਂ ਮੁਗਲਾਂ ਵੱਲੋਂ ਸਿੱਖਾਂ ’ਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ। ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਅਤਿ ਹੀ ਚੁੱਕ ਲਈ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ ਤੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ। ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਸਿੰਘਾਂ ਨੇ ਜੰਗਲਾਂ ਵਿਚ ਜਾ ਨਿਵਾਸ ਕੀਤਾ। ਉਥੇ ਰਹਿ ਕੇ ਜਥੇਬੰਦਕ ਤਿਆਰੀਆਂ ਕਰਨ ਲੱਗੇ ਅਤੇ ਜਦੋਂ ਸਮਾਂ ਮਿਲਦਾ, ਹਕੂਮਤ ਨਾਲ ਟੱਕਰ ਵੀ ਲੈਂਦੇ। ਇਲਾਕੇ ਦੇ ਸਿੰਘ ਜੰਗਲਾਂ ਵਿਚ ਰਹਿ ਰਹੇ ਵੀਰਾਂ ਦੇ ਲੰਗਰ-ਪਾਣੀ ਦੀ ਸੇਵਾ ਬੜੇ ਉਤਸ਼ਾਹ ਨਾਲ ਕਰਦੇ। ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਦੇ ਵਸਨੀਕ ਭਾਈ ਤਾਰੂ ਸਿੰਘ ਵੀ ਇਨ੍ਹਾਂ ਸਿਦਕੀ ਸਿੰਘਾਂ ’ਚੋਂ ਇਕ ਸਨ। ਉਹ ਪਿੰਡ ਵਿਚ ਖੇਤੀਬਾੜੀ ਕਰਦੇ ਸਨ ਅਤੇ ਜਦੋਂ ਵੀ ਕਿਸੇ ਸਿੱਖ ਜਥੇ ਦੀ ਆਮਦ ਦਾ ਪਤਾ ਲੱਗਦਾ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ। ਉਨ੍ਹਾਂ ਦੀ ਭੈਣ ਅਤੇ ਮਾਤਾ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਦੇ ਅਤੇ ਭਾਈ ਤਾਰੂ ਸਿੰਘ ਜਥੇ ਦੇ ਸਿੰਘਾਂ ਕੋਲ ਲੰਗਰ ਪਹੁੰਚਾਉਣ ਦੀ ਸੇਵਾ ਕਰਦੇ।

ਜਿੱਥੇ ਸਿਦਕੀ ਸਿੰਘ, ਮੁਸੀਬਤ ਵਿਚ ਘਿਰੇ ਆਪਣੇ ਵੀਰਾਂ ਦੀ ਸੇਵਾ ਲਈ ਨਿੱਤਰ ਕੇ ਸਾਹਮਣੇ ਆ ਰਹੇ ਸਨ, ਉਥੇ ਸਿੰਘਾਂ ਨਾਲ ਵੈਰ ਕਮਾਉਣ ਵਾਲੇ ਦੋਖੀਆਂ ਦੀ ਵੀ ਕੋਈ ਕਮੀ ਨਹੀਂ ਸੀ। ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਜ਼ਕਰੀਆ ਖਾਨ ਕੋਲ ਜਾ ਕੇ ਭਾਈ ਤਾਰੂ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਕਿ ਕਿਵੇਂ ਉਹ ਹਕੂਮਤ ਨਾਲ ਟੱਕਰ ਲੈ ਰਹੇ ਸਿੰਘਾਂ ਦੀ ਟਹਿਲ-ਸੇਵਾ ਕਰਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ।

ਜ਼ਕਰੀਆ ਖਾਨ ਇਹ ਸੁਣ ਕੇ ਗੁੱਸੇ ਵਿਚ ਲਾਲ-ਪੀਲਾ ਹੋ ਗਿਆ ਅਤੇ ਤੁਰੰਤ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਸਿਪਾਹੀ ਭਿਜਵਾ ਦਿੱਤੇ। ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਅਤੇ ਭਾਰੀ ਤਸੀਹੇ ਦਿੱਤੇ ਜਾਣ ਲੱਗੇ। ਪਰ ਗੁਰੂ ਕਾ ਸਿੰਘ ਹਕੂਮਤ ਦੇ ਹਰ ਤਰ੍ਹਾਂ ਦੇ ਜ਼ੁਲਮਾਂ ਨੂੰ ਖਿੜੇ ਮੱਥੇ ਬਰਦਾਸ਼ਤ ਕਰਦਾ ਰਿਹਾ।

ਭਾਈ ਤਾਰੂ ਸਿੰਘ ਨੂੰ ਨਵਾਬ ਜ਼ਕਰੀਆ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ, ਜਿਥੇ ਭਾਈ ਸਾਹਿਬ ਨੂੰ ਸਿੱਖੀ ਤਿਆਗ ਕੇ ਇਸਲਾਮ ਧਰਮ ਅਖਤਿਆਰ ਕਰਨ ਲਈ ਕਈ ਤਰ੍ਹਾਂ ਦੇ ਲੋਭ-ਲਾਲਚ ਦਿੱਤੇ ਗਏ, ਪਰ ਉਹ ਆਪਣੇ ਅਕੀਦੇ ’ਤੇ ਅਟਲ ਰਹੇ। ਭਾਈ ਸਾਹਿਬ ਦਾ ਗੁਰਸਿੱਖੀ ਪ੍ਰਤੀ ਦ੍ਰਿੜ੍ਹ ਨਿਸ਼ਚਾ ਵੇਖ ਕੇ ਸੂਬੇ ਨੇ ਭਾਈ ਸਾਹਿਬ ਦੇ ਕੇਸ ਕਤਲ ਕਰਨ ਦਾ ਹੁਕਮ ਸੁਣਾ ਦਿੱਤਾ। ਇਸ ’ਤੇ ਭਾਈ ਸਾਹਿਬ ਨੇ ਬਚਨ ਕੀਤਾ ਕਿ ਕੇਸ, ਜੋ ਗੁਰੂ ਦੀ ਅਮਾਨਤ ਹਨ, ਨੂੰ ਅਲਹਿਦਾ ਕਰਨ ਦੀ ਥਾਂ ਜੇ ਉਹ ਜਾਨ ਵੀ ਲੈਣੀ ਚਾਹਣ ਤਾਂ ਉਹ ਤਿਆਰ ਹਨ। ਇਸ ’ਤੇ ਸੂਬੇ ਨੇ ਜੱਲਾਦ ਨੂੰ ਬੁਲਾ ਕੇ ਭਾਈ ਸਾਹਿਬ ਦੀ ਖੋਪਰੀ ਉਤਾਰਨ ਦਾ ਜ਼ਾਲਮਾਨਾ ਹੁਕਮ ਸੁਣਾ ਦਿੱਤਾ। ਸੂਬੇ ਦਾ ਇਹ ਫ਼ੁਰਮਾਨ ਸੁਣ ਕੇ ਭਾਈ ਸਾਹਿਬ ਨੂੰ ਦੁੱਖ ਨਾ ਹੋਇਆ, ਬਲਕਿ ਡਾਢਾ ਚਾਅ ਚੜ੍ਹ ਗਿਆ ਕਿ ਹੁਣ ਉਹ ਦਸਮੇਸ਼ ਪਿਤਾ ਦੇ ਸਾਹਮਣੇ ਸਾਬਤ-ਸੂਰਤ ਹਾਜ਼ਰ ਹੋ ਕੇ ਖੁਸ਼ੀਆਂ ਦਾ ਪਾਤਰ ਬਣ ਸਕਣਗੇ। ਹੱਸਦੇ ਹੋਏ ਖੋਪਰੀ ਲੁਹਾ ਕੇ ਉਨ੍ਹਾਂ ਦਰਸਾ ਦਿੱਤਾ ਕਿ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਪਿਆਰੇ ਹਨ। ਇਸ ਤਰ੍ਹਾਂ ਆਪ 1745 ਈ. ਨੂੰ ਉਹ ਸ਼ਹੀਦੀ ਪ੍ਰਾਪਤ ਕਰ ਗਏ।

ਪਰਉੱਪਕਾਰ ਦੀ ਮੂਰਤ ਭਾਈ ਤਾਰੂ ਸਿੰਘ ਦੀ ਬਰਸੀ ਇਸ ਵਾਰ ਵੀ ਲਾਹੌਰ ’ਚ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਦੀ ਸਮਾਧ ਵਿਖੇ ਨਹੀਂ ਮਨਾਈ ਜਾਵੇਗੀ। ਲਾਹੌਰ ’ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਨੌਲੱਖਾ ਬਾਜ਼ਾਰ ’ਚ ਸਥਿਤ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਨੂੰ ਜਾਣ ਵਾਲੇ ਰਸਤੇ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ 6 ਸਾਲ ਪਹਿਲਾਂ ਸੀਲ ਕੀਤਾ ਗਿਆ ਸੀ। ਇਹ ਅਸਥਾਨ ਪਾਕਿਸਤਾਨੀ ਸਿੱਖਾਂ ਸਮੇਤ ਦੇਸ਼-ਵਿਦੇਸ਼ ਦੀ ਸੰਗਤ ਲਈ ਅਜੇ ਵੀ ਬੰਦ ਹੈ ਤੇ ਉਨ੍ਹਾਂ ਨੂੰ ਇੱਥੇ ਜਾਣ ਦੀ ਮਨਜ਼ੂਰੀ ਨਹੀਂ ਹੈ। ਇਸ ਨੂੰ ਲੈ ਕੇ ਸਿੱਖ ਸੰਗਤ ’ਚ ਭਾਰੀ ਰੋਸ ਹੈ। ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦੇ ਨਾਂ ਹਿੰਦੂ ਔਕਾਫ਼ ਵੱਲੋਂ ਲਾਈ 4-5 ਕਨਾਲ ਭੂਮੀ ਹਥਿਆਉਣ ਲਈ ਕੁੱਝ ਲੋਕਾਂ ਨੇ ਵਿਵਾਦ ਖੜ੍ਹਾ ਕਰਕੇ ਇਸ ਅਸਥਾਨ ਨੂੰ ਪੱਕੇ ਤੌਰ ’ਤੇ ਸੀਲ ਕਰਵਾ ਦਿੱਤਾ ਹੈ।

ਲਾਹੌਰ ਵਿੱਚ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਅਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਨੇੜੇ-ਨੇੜੇ ਹਨ। ਲਾਹੌਰ ਵਿੱਚ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਦੇ ਕੰਪਲੈਕਸ ਅੰਦਰ ਹਜ਼ਰਤ ਸ਼ਾਹ ਕਾਕੂ ਚਿਸ਼ਤੀ ਦੀ ਮਜਾਰ ਬਣਾਈ ਗਈ ਹੈ। ਮੁਸਲਿਮ ਭਾਈਚਾਰੇ ਵੱਲੋਂ ਇਸ ਮਜਾਰ ਦੇ ਮਾਮਲੇ ਬਾਰੇ ਵੰਡ ਤੋਂ ਬਾਅਦ ਸਮੇਂ-ਸਮੇਂ ਮੰਗ ਉੱਠਦੀ ਰਹੀ ਹੈ, ਪਰ ਸਿੱਖਾਂ ਵੱਲੋਂ ਝਗੜਾ ਨਿਬੇੜਣ ਦੀ ਨੀਅਤ ਨਾਲ ਮਜਾਰ ਦੀ ਜਗ੍ਹਾ ਛੱਡ ਦਿੱਤੀ ਗਈ, ਜਿਸ ਦੇ ਚੁਫੇਰੇ ਚਾਰ-ਦੀਵਾਰੀ ਕਰਕੇ ਇਕ ਦਰਵਾਜ਼ਾ ਵੀ ਲਾ ਦਿੱਤਾ ਗਿਆ ਸੀ। ਹੁਣ ਉਸ ਜਗ੍ਹਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਸਰਕਾਰ ਨੇ ਗੁਰਦੁਆਰਾ ਸੀਲ ਕੀਤਾ ਹੋਇਆ ਹੈ।

ਸ਼ਹੀਦ-ਗੰਜ ਸ਼ਬਦ ਉਸ ਸਥਾਨ ਲਈ ਵਰਤਿਆ ਜਾਂਦਾ ਹੈ, ਜਿਥੇ ਕੋਈ ਸ਼ਹੀਦ ਦੱਬਿਆ ਗਿਆ ਹੋਵੇ ਜਾਂ ਜਿੱਥੇ ਸਸਕਾਰ ਕੀਤਾ ਗਿਆ ਹੋਵੇ। ਪਰ ਇਹ ਸ਼ਬਦ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਨਾਲ ਵਿਸ਼ੇਸ਼ ਰੂਪ ਵਿਚ ਜੁੜ ਗਿਆ ਹੈ ਅਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਕਈ ਧਰਮ-ਧਾਮ ‘ਸ਼ਹੀਦ-ਗੰਜ’ ਦੇ ਨਾਂ ਨਾਲ ਪ੍ਰਸਿੱਧ ਹਨ। ਪਰ ਇਹ ਸ਼ਬਦ ਉਸ ਗੁਰਦੁਆਰੇ, ਧਰਮ-ਧਾਮ ਲਈ ਜ਼ਿਆਦਾ ਪ੍ਰਚੱਲਿਤ ਹੋਇਆ ਹੈ, ਜੋ ਲਾਹੌਰ ਰੇਲਵੇ ਸਟੇਸ਼ਨ ਨੇੜੇ ਲੰਡਾ ਬਾਜ਼ਾਰ ਵਿਚ ਹੈ ਅਤੇ ਜਿੱਥੇ ਮੀਰ ਮੰਨੂ ਦੇ ਸਮੇਂ ਹਜ਼ਾਰਾਂ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ/ਭੁਜੰਗਣਾਂ ਨੂੰ ਖੂਹ ਵਿਚ ਸੁੱਟ ਕੇ, ਕੋਠਿਆਂ ਵਿਚ ਬੰਦ ਕਰਕੇ ਅਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਦੇ ਪਿੰਜਰਾਂ ਅਤੇ ਹੱਡੀਆਂ ਨਾਲ ਦੀਵਾਰਾਂ ਉਸਾਰੀਆਂ ਗਈਆਂ ਸਨ। ਉਥੋਂ ਖੁਦਾਈ ਕਰਨ ’ਤੇ ਹੁਣ ਵੀ ਸਿੱਖਾਂ ਦੇ ਲੋਹੇ ਦੇ ਬਰਤਨ, ਕੜੇ ਅਤੇ ਸ਼ਸਤਰ ਮਿਲ ਜਾਂਦੇ ਹਨ।

ਇਸ ਧਰਮ-ਧਾਮ ਨੂੰ ਪ੍ਰਾਪਤ ਕਰਨ ਲਈ ਸਿੱਖ ਕੌਮ ਨੂੰ ਲੰਬਾ ਸੰਘਰਸ਼ ਕਰਨਾ ਪਿਆ, ਜਿਸ ਦਾ ਅੰਤਿਮ ਨਿਬੇੜਾ 2 ਮਈ 1940 ਈ. ਵਿਚ ਹੋਇਆ। ਇਸ ਦਾ ਸਬੰਧ ਲਾਹੌਰ ਦੇ ਲੰਡਾ ਬਾਜ਼ਾਰ ਵਿਚ ਸਥਿਤ ਗੁਰਦੁਆਰਾ ‘ਸ਼ਹੀਦ ਗੰਜ’ ਨਾਲ ਹੈ। ਇਹ ਉਸ ਥਾਂ ’ਤੇ ਬਣਿਆ ਹੋਇਆ ਹੈ, ਜਿਥੇ ਪਹਿਲਾਂ ਨਖਾਸ ਚੌਕ ਹੁੰਦਾ ਸੀ ਅਤੇ ਜਿੱਥੇ ਗੁਲਾਮਾਂ ਅਤੇ ਪਸ਼ੂਆਂ ਨੂੰ ਵੇਚਿਆ-ਖ਼ਰੀਦਿਆ ਜਾਂਦਾ ਸੀ। ਇਥੇ ਮੀਰ ਮੰਨੂ ਵੇਲੇ ਇਕ ਮਸਜਿਦ ਸ਼ਕਲ ਦੀ ਇਮਾਰਤ ਬਣਾਈ ਗਈ, ਜਿਥੇ ਬੈਠ ਕੇ ਮੁਗਲ ਸਰਕਾਰ ਦੇ ਕਾਜ਼ੀ ਅਤੇ ਮੁਫਤੀ ਉਨ੍ਹਾਂ ਲੋਕਾਂ ਨੂੰ ਮਾਰਨ ਦੀ ਸਜ਼ਾ ਦਿੰਦੇ ਸਨ, ਜੋ ਇਸਲਾਮ ਨੂੰ ਕਬੂਲ ਨਹੀਂ ਕਰਦੇ ਸਨ। ਇਥੇ ਹਜ਼ਾਰਾਂ ਦੀ ਗਿਣਤੀ ਵਿਚ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਸੀ। ਭਾਈ ਤਾਰੂ ਸਿੰਘ ਦੀ ਸ਼ਹਾਦਤ ਵੀ ਇਥੇ ਹੀ ਹੋਈ ਸੀ।

ਜਦੋਂ ਪੰਜਾਬ ਵਿਚ ਦਲ ਖ਼ਾਲਸਾ (ਬੁੱਢਾ ਦਲ) ਮਜ਼ਬੂਤ ਹੋਇਆ ਤਾਂ ਇਥੇ ਗੁਰਦੁਆਰਾ ਸ਼ਹੀਦ ਗੰਜ ਦੀ ਸਥਾਪਨਾ ਕੀਤੀ ਗਈ। ਸਿੱਖ-ਰਾਜ ਦੀ ਸਮਾਪਤੀ ਤੋਂ ਬਾਅਦ ਮੁਸਲਮਾਨਾਂ ਨੇ ਇਸ ਨੂੰ ਮਸਜਿਦ ਕਹਿ ਕੇ ਆਪਣਾ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ। ਪਰ ਉਨ੍ਹਾਂ ਵਲੋਂ ਕੀਤੇ ਸਾਰੇ ਦਾਅਵੇ ਬੇ-ਬੁਨਿਆਦ ਸਾਬਤ ਹੋਏ ਅਤੇ ਇਸ ਸਮਾਰਕ ਨੂੰ ਗੁਰਦੁਆਰਾ ਸਿੱਧ ਕੀਤਾ ਗਿਆ। ਮੁਸਲਮਾਨਾਂ ਵੱਲੋਂ ਫਿਰ ਹੱਕ ਜਮਾਉਣ ’ਤੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਨੇ 20 ਜਨਵਰੀ 1930 ਈ. ਨੂੰ ਫ਼ੈਸਲਾ ਕੀਤਾ ਕਿ ਇਹ ਥਾਂ ਗੁਰਦੁਆਰਾ ਭਾਈ ਤਾਰੂ ਸਿੰਘ ਦੀ ਹੈ। ਇਸ ਦੇ ਵਿਰੋਧ ਵਿਚ ਮੁਸਲਮਾਨਾਂ ਦੀ ਹਾਈ ਕੋਰਟ ਵਿਚ ਕੀਤੀ ਅਪੀਲ ਸੰਨ 1934 ਈ. ਵਿਚ ਖ਼ਾਰਜ ਹੋ ਗਈ। ਫਲਸਰੂਪ ਲਾਹੌਰ ਦੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਰਚ 1935 ਈ. ਵਿਚ ਗੁਰਦੁਆਰਾ ਸ਼ਹੀਦ ਗੰਜ ਦਾ ਕਬਜ਼ਾ ਪ੍ਰਾਪਤ ਕਰ ਲਿਆ।

ਕਬਜ਼ਾ ਲੈਣ ਤੋਂ ਬਾਅਦ ਸਿੱਖਾਂ ਨੇ 8 ਜੂਨ 1935 ਈ. ਨੂੰ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਆਰੰਭ ਕਰ ਦਿੱਤਾ। ਲਗਪਗ ਤਿੰਨ ਹਫ਼ਤੇ ਬਾਅਦ 29 ਜੂਨ 1935 ਈ. ਨੂੰ ਮੁਸਲਮਾਨਾਂ ਦੇ ਹਜੂਮ ਨੇ ਗੁਰਦੁਆਰੇ ਅੰਦਰ ਦਾਖਲ ਹੋਣ ਦਾ ਯਤਨ ਕੀਤਾ, ਜੋ ਸਿੱਖਾਂ ਵੱਲੋਂ ਨਾਕਾਮਯਾਬ ਕਰ ਦਿੱਤਾ ਗਿਆ। ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆ ਢਾਹੁਣ ਦਾ ਕੰਮ ਰੋਕ ਦਿੱਤਾ। ਪਰ 8 ਜੁਲਾਈ ਨੂੰ ਮਨਾਹੀ ਦੀ ਪਰਵਾਹ ਨਾ ਕਰਦਿਆਂ ਸਿੱਖਾਂ ਨੇ ਕੰਮ ਫਿਰ ਸ਼ੁਰੂ ਕਰ ਦਿੱਤਾ। 30 ਅਕਤੂਬਰ 1935 ਈ. ਨੂੰ ਮੁਸਲਮਾਨਾਂ ਨੇ ਸ਼ਹੀਦ ਗੰਜ ਦਾ ਕਬਜ਼ਾ ਲੈਣ ਲਈ ਫਿਰ ਦਾਅਵਾ ਕਰ ਦਿੱਤਾ, ਜੋ 25 ਮਈ 1936 ਈ. ਨੂੰ ਖਾਰਜ ਕਰ ਦਿੱਤਾ। ਮੁਸਲਮਾਨਾਂ ਵੱਲੋਂ ਫਿਰ ਹਾਈ ਕੋਰਟ ਵਿਚ ਅਪੀਲ ਕਰ ਦਿੱਤੀ ਗਈ, ਜੋ 26 ਜਨਵਰੀ 1938 ਈ: ਨੂੰ ਨਾ-ਮਨਜ਼ੂਰ ਹੋ ਗਈ। ਇਸ ਤੋਂ ਬਾਅਦ ਪ੍ਰਿਵੀ ਕੌਂਸਲ ਦੀ ਜ਼ੁਡੀਸ਼ੀਅਲ ਕਮੇਟੀ ਕੋਲ ਅਪੀਲ ਕੀਤੀ ਗਈ, ਜੋ 2 ਮਈ 1940 ਈ: ਨੂੰ ਰੱਦ ਹੋ ਗਈ। ਇਸ ਫੈਸਲੇ ਨਾਲ ਸੰਘਰਸ਼ ਦੀ ਵੀ ਸਮਾਪਤੀ ਹੋ ਗਈ। ਇਸ ਥਾਂ ’ਤੇ ਸਿੱਖਾਂ ਨੇ ਸੇਵਾ ਕਾਰਜ ਸੰਭਾਲ ਲਿਆ। ਪਰ 1947 ਦੀ ਵੰਡ ਤੋਂ ਬਾਅਦ ਇਸ ਮਹਾਨ ਅਸਥਾਨ ਦੀ ਜੋ ਸੇਵਾ ਸੰਭਾਲ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਸਕੀ।

ਸੰਪਰਕ: 98148-98570

Advertisement
×