ਸਿੱਖ ਧਰਮ ਦਾ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ
ਇੰਦਰਜੀਤ ਸਿੰਘ ਬਾਵਾ
ਗੁਰੂ ਦਰਬਾਰ ਸਮੁੱਚੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦਾ ਹੈ। ਵੱਖ-ਵੱਖ ਖੇਤਰਾਂ ਦੇ ਜਲਵਾਯੂ ਮੁਤਾਬਕ ਮਨੁੱਖਾਂ ਦੇ ਰੰਗ-ਰੂਪ, ਕੱਦ-ਕਾਠ ਆਦਿ ਇੱਕ-ਦੂਜੇ ਨਾਲੋਂ ਵੱਖਰੇ ਹਨ ਪਰ ਪੂਰੀ ਸ੍ਰਿਸ਼ਟੀ ਦਾ ਬਾਦਸ਼ਾਹ ਸਭ ਨੂੰ ਸੂਰਜ, ਚੰਦਰਮਾ ਦੀ ਰੌਸ਼ਨੀ ਤੇ ਹਵਾ ਬਿਨਾ ਵਿਤਕਰੇ ਦੇ ਰਿਹਾ ਹੈ। ਉਸ ਦੀਆਂ ਸਿਫ਼ਤਾਂ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਵਿੱਚ ਦਰਜ ਹਨ। ਗੁਰਬਾਣੀ ਮਨੁੱਖਤਾ ਨੂੰ ਆਪਸੀ ਪ੍ਰੇਮ ਅਤੇ ਮਿਲਵਰਤਣ ਰਾਹੀਂ ਧਰਤੀ ਨੂੰ ਸਵਰਗ ਬਣਾਉਣ ਦਾ ਪੈਗ਼ਾਮ ਦਿੰਦੀ ਹੈ ਪਰ ਸੰਸਾਰੀ ਰਾਜਿਆਂ ਨੂੰ ਇਹ ਵਿਚਾਰਧਾਰਾ ਚੰਗੀ ਨਹੀਂ ਲੱਗਦੀ ਕਿਉਂਕਿ ਪਰਮਾਤਮਾ ਦੇ ਪਿਆਰੇ ਸੰਤ, ਭਗਤ ਉਨ੍ਹਾਂ ਦੇ ਹੁਕਮ ਵਿੱਚ ਨਹੀਂ ਚੱਲਦੇ ਅਤੇ ਸਿਰਫ਼ ਪ੍ਰਮੇਸ਼ਵਰ ਦੀ ਬਾਦਸ਼ਾਹਤ ਹੀ ਕਬੂਲ ਕਰਦੇ ਹਨ। ਧਰਮ ਅਤੇ ਅਧਰਮ ਦਾ ਵਿਚਾਰਧਾਰਕ ਟਕਰਾਅ ਆਦਿ ਕਾਲ ਤੋਂ ਹੀ ਚੱਲਦਾ ਆਇਆ ਹੈ ਕਿਉਂਕਿ ਸੰਤ ਅਤੇ ਸੱਤਾ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ। ਸੰਤ ਸੱਚ ਦੇ ਰਸਤੇ ’ਤੇ ਚੱਲਦੇ ਹਨ ਅਤੇ ਸੱਤਾ ਝੂਠ ਅਤੇ ਅਧਰਮ ਦੇ ਰਸਤੇ ਉੱਤੇ ਚੱਲਦੀ ਹੋਈ ਜ਼ੁਲਮ ਤੇ ਅਤਿਆਚਾਰ ਨਾਲ ਮਨੁੱਖਤਾ ’ਤੇ ਆਪਣਾ ਹੁਕਮ ਚਲਾਉਂਦੀ ਹੈ। ਪ੍ਰਹਿਲਾਦ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਗੁਰੂ ਨਾਨਕ ਸਾਹਿਬ ਦੇ ਉੱਤਰਾਧਿਕਾਰੀਆਂ ਦਾ ਸਮੇਂ ਦੀ ਹਕੂਮਤ ਨਾਲ ਵਿਚਾਰਧਾਰਕ ਟਕਰਾਅ ਰਿਹਾ ਹੈ। ਇਸੇ ਕਾਰਨ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਅਤੇ ਹੋਰ ਸਿਰੜੀ ਸਿੱਖਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਵਿਚਾਰਧਾਰਾ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ।
ਸਿੱਖ ਧਰਮ ਦੇ ਕੇਂਦਰੀ ਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ ਦੇ 4 ਦਰਵਾਜ਼ੇ ਊਚ-ਨੀਚ ਦਾ ਭਿੰਨ-ਭੇਦ ਖ਼ਤਮ ਕਰਦੇ ਹੋਏ ਚਾਰਾਂ ਵਰਣਾਂ ਵਾਸਤੇ ਖੁੱਲ੍ਹੇ ਹਨ ਅਤੇ ਇੱਥੇ ਗੁਰਮਤਿ ਵਿਚਾਰਧਾਰਾ ਵਿੱਚ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਅਤੇ ਹਰ ਮਜ਼ਲੂਮ ਦੀ ਰੱਖਿਆ ਲਈ ਆਵਾਜ਼ ਉਠਾਈ ਜਾਂਦੀ ਹੈ। ਖ਼ਾਲਸੇ ਕੋਲ ਸ਼ਸਤਰ ਮਜ਼ਲੂਮ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ ਲਈ ਹਨ। ਦਰਬਾਰ ਸਾਹਿਬ ਸਮੁੱਚੀ ਮਨੁੱਖਤਾ ਦਾ ਕੇਂਦਰ ਹੈ ਅਤੇ ਇਸ ਵਿਚਾਰਧਾਰਾ ਦੀ ਅਗਵਾਈ ਦੇਣ ਵਾਲ਼ਾ ਚਾਨਣ-ਮੁਨਾਰਾ ਹੈ। ਹਰ ਜ਼ੁਲਮ ਅਤੇ ਅਤਿਆਚਾਰ ਦੀ ਖ਼ਿਲਾਫ਼ਤ ਗੁਰੂ ਕਾ ਖ਼ਾਲਸਾ ਹੀ ਕਰਦਾ ਰਿਹਾ ਹੈ ਅਤੇ ਇਸੇ ਕੇਂਦਰੀ ਸਥਾਨ ਤੋਂ ਸ਼ਕਤੀ ਅਤੇ ਊਰਜਾ ਪ੍ਰਾਪਤ ਕਰਦਾ ਹੈ। ਇਸੇ ਲਈ ਦਰਬਾਰ ਸਾਹਿਬ ਸਮੇਂ ਦੇ ਹੰਕਾਰੀ ਹੁਕਮਰਾਨਾਂ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਹੈ। ਜਿਨ੍ਹਾਂ ਦਾ ਹੁਕਮ ਚੱਲਦਾ ਸੀ, ਉਹ ਜਾਤੀ ਭੇਦ-ਭਾਵ ਕਰਕੇ ਆਮ ਆਦਮੀ ਨੂੰ ਖੂਹਾਂ ਤੋਂ ਪਾਣੀ ਵੀ ਨਹੀਂ ਭਰਨ ਦਿੰਦੇ ਸਨ। ਉਸ ਵੇਲੇ ਗੁਰੂ ਸਾਹਿਬ ਨੇ ਸਮਾਜਿਕ ਵਿਤਕਰੇ ਖ਼ਤਮ ਕਰਨ, ਸਭ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਇਸ਼ਨਾਨ ਕਰਨ ਵਾਸਤੇ ਸਰੋਵਰ, ਬਾਉਲੀਆਂ ਬਣਵਾਏ ਅਤੇ ਸਰੀਰਕ ਖ਼ੁਰਾਕ ਵਾਸਤੇ ਪੌਸ਼ਟਿਕ ਲੰਗਰ ਸ਼ੁਰੂ ਕੀਤੇ, ਜਿੱਥੇ ਊਚ-ਨੀਚ ਦਾ ਕੋਈ ਭੇਦ-ਭਾਵ ਨਹੀਂ ਸੀ ਅਤੇ ਰਾਜਾ-ਰੰਕ ਬਰਾਬਰ ਲੰਗਰ ਛਕਦੇ ਸਨ। ਸਮੇਂ ਦੇ ਹੁਕਮਰਾਨਾਂ ਨੇ ਮਨੁੱਖੀ ਆਜ਼ਾਦੀ, ਮਜ਼ਲੂਮਾਂ ਦੀ ਰਾਖੀ ਅਤੇ ਅਤੇ ਚਾਰਾਂ ਵਰਣਾਂ ਵਾਸਤੇ ਖੁੱਲ੍ਹੇ ਦਰਵਾਜ਼ਿਆਂ ਨੂੰ ਬੰਦ ਕਰਨ ਦਾ ਤਹੱਈਆ ਕਰਕੇ ਆਪਣੇ ਹੰਕਾਰ ਦਾ ਪ੍ਰਗਟਾਵਾ ਕਰਦਿਆਂ ਇਸ ਮਹਾਨ ਰੂਹਾਨੀ ਸ਼ਕਤੀ ਦੇ ਕੇਂਦਰ ਨੂੰ ਤਬਾਹ ਕਰਨ ਦੇ ਯਤਨ ਕੀਤੇ। ਪੰਜਾਬ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਅੰਮ੍ਰਿਤਸਰ ਦੇ ਦੱਖਣ ਵਿੱਚ ਸਥਿਤ ਪਿੰਡ ਮੰਡਿਆਲਾ ਦੇ ਮਸਾਲ-ਉੱਦ-ਦੀਨ (ਮੱਸਾ ਰੰਘੜ) ਨੂੰ ਪਿੰਡ ਦਾ ਚੌਧਰੀ ਬਣਾਇਆ ਤੇ ਸਿੱਖਾਂ ਦੇ ਸ਼ਕਤੀ-ਸ੍ਰੋਤ ਦਰਬਾਰ ਸਾਹਿਬ ਦਾ ਕਬਜ਼ਾ ਦੇ ਦਿੱਤਾ ਕਿ ਇੱਥੇ ਸਿੱਖਾਂ ਨੂੰ ਵੜਨ ਨਹੀਂ ਦੇਣਾ। ਉਸ ਨੇ ਇੱਥੇ ਕੁਤਾਹੀ ਕਰਨੀ ਸ਼ੁਰੂ ਕਰ ਦਿੱਤੀ। ਬੁੱਢਾ ਜੌਹੜ ਦੇ ਜੰਗਲ ਵਿੱਚ ਸਿੱਖਾਂ ਨੂੰ ਖ਼ਬਰ ਮਿਲ਼ੀ ਤਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਮਾਲੀਆ ਦੇਣ ਆਏ ਨੰਬਰਦਾਰਾਂ ਦਾ ਭੇਸ ਧਾਰ ਕੇ ਉਸ ਨੂੰ ਮਾਰ ਕੇ ਇਸ ਪਵਿੱਤਰ ਸਥਾਨ ਦੀ ਬੇਹੁਰਮਤੀ ਖ਼ਤਮ ਕੀਤੀ। ਅਹਿਮਦ ਸ਼ਾਹ ਦੁਰਾਨੀ , ਅਬਦਾਲੀ ਨੇ 1762 ਵਿੱਚ ਦਰਬਾਰ ਸਾਹਿਬ ਦੀ ਇਮਾਰਤ ਬਾਰੂਦ ਨਾਲ਼ ਉਡਾ ਦਿੱਤੀ ਅਤੇ ਸਰੋਵਰ ਕੂੜੇ-ਕਰਕਟ ਨਾਲ ਭਰ ਦਿੱਤਾ। ਇਮਾਰਤ ਦਾ ਇੱਕ ਇੱਟ ਦਾ ਟੁਕੜਾ ਇਸ ਦੇ ਨੱਕ ’ਤੇ ਵੱਜਾ ਤੇ ਗਹਿਰਾ ਜ਼ਖ਼ਮ ਹੋ ਗਿਆ। ਡਾ. ਹਰੀ ਰਾਮ ਗੁਪਤਾ ਮੁਤਾਬਕ ਇਹ ਕਦੀ ਵੀ ਠੀਕ ਨਾ ਹੋ ਸਕਿਆ, ਜੋ 10 ਸਾਲ ਬਾਅਦ ਇਸ ਦੀ ਮੌਤ ਦਾ ਕਾਰਨ ਬਣਿਆ।
ਹਰ ਵਾਰ ਹਕੂਮਤ ਵੱਲੋਂ ਤਬਾਹ ਕਰਨ ਤੋਂ ਬਾਅਦ ਸਿੱਖ ਫਿਰ ਇਸ ਮਹਾਨ ਅਸਥਾਨ ਦੀ ਉਸਾਰੀ ਕਰਦੇ ਰਹੇ ਹਨ। ਇੱਥੇ ਮੌਤ ਵੰਡਣ ਆਏ ਖ਼ੁਦ ਮੌਤ ਦਾ ਸ਼ਿਕਾਰ ਹੋ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਰਹੇ। ਘੱਲੂਘਾਰਿਆਂ ਤੋਂ ਬਾਅਦ ਕੌਮ ਸੋਨੇ ਦੀ ਅੱਗ ’ਚੋਂ ਨਿਕਲਣ ਤੋਂ ਬਾਅਦ ਕੁੰਦਨ ਬਣ ਕੇ ਨਿਖਰਨ ਵਾਂਗ ਹੋਰ ਸ਼ਕਤੀਸ਼ਾਲੀ ਬਣਦੀ ਰਹੀ। ਮੀਰ ਮੰਨੂ ਨੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲੇ ਵਿਚ ਹਾਰ ਬਣਾ ਕੇ ਪਵਾਏ, ਜਵਾਨ ਹੋ ਰਹੇ ਬੱਚੇ ਸਿਰਾਂ ਵਿੱਚ ਕਿੱਲ ਠੋਕ ਕੇ ਸ਼ਹੀਦ ਕੀਤੇ ਅਤੇ ਵੱਡਿਆਂ ਦੇ ਸਿਰਾਂ ਦੇ ਮੁੱਲ ਰੱਖ ਕੇ ਗ੍ਰਿਫਤਾਰ ਕਰਕੇ ਸ਼ਹੀਦ ਕੀਤੇ। ਇੰਝ ਸਿੱਖਾਂ ਦੀਆਂ 3 ਪੀੜ੍ਹੀਆਂ ਖ਼ਤਮ ਕੀਤੀਆਂ। ਇਸ ਬਾਰੇ ਵੀ ਸਿੱਖ ਕਹਿੰਦੇ ਸਨ:
ਮੰਨੂ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ,
ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।
ਦਿੱਲੀ ਫ਼ਤਹਿ ਕਰਨ ਤੋਂ ਬਾਅਦ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਦਿੱਲੀ ਦੀ ਮੁਗ਼ਲ ਹਕੂਮਤ ਦਾ ਤਖ਼ਤ, ਜਿਸ ’ਤੇ ਬੈਠ ਕੇ ਗੁਰੂ ਤੇਗ਼ ਬਹਾਦਰ ਜੀ ਅਤੇ ਸਿੱਖਾਂ ਉੱਪਰ ਜ਼ੁਲਮ ਦੇ ਫ਼ਰਮਾਨ ਜਾਰੀ ਕੀਤੇ ਗਏ, ਪੁੱਟ ਕੇ ਸੰਗਲਾਂ ਵਿੱਚ ਬੰਨ੍ਹ ਕੇ ਘੋੜਿਆਂ ਪਿੱਛੇ ਰਸਤੇ ’ਤੇ ਮਿੱਟੀ ਘੱਟੇ ਵਿੱਚ ਰੋਲ਼ਦਿਆਂ ਗੁਰੂ ਦਰਬਾਰ ਵਿੱਚ ਪੇਸ਼ ਕੀਤਾ, ਜਿਹੜਾ ਬੁੰਗਾ ਰਾਮਗੜ੍ਹੀਆ ਵਿੱਚ ਪਿਆ ਹੈ।
ਪ੍ਰੋ. ਪੂਰਨ ਸਿੰਘ ਅਨੁਸਾਰ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਪੈਰ ਹੌਲ਼ੀ ਜਿਹੇ ਰੱਖਣਾ ਕਿਉਂਕਿ 1-1 ਪੱਥਰ ਹੇਠ ਪਤਾ ਨਹੀਂ ਕਿੰਨੇ ਸ਼ਹੀਦਾਂ ਦੇ ਸਿਰ ਹਨ। ਮਨੁੱਖੀ ਆਜ਼ਾਦੀ ਅਤੇ ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਕੇਂਦਰੀ ਸਥਾਨ ਦੀ ਮਾਣ ਮਰਿਆਦਾ ਲਈ ਸਿੱਖ ਕੌਮ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ ਅਤੇ ਪ੍ਰੇਮ ਦੀ ਗਲ਼ੀ ’ਚੋਂ ਲੰਘਣ ਲਈ ਆਪਣੇ ਸੀਸ ਤਲੀ ’ਤੇ ਟਿਕਾਏ ਹਨ।
ਸ਼ਾਸਤਰ (ਵਿਚਾਰਧਾਰਾ) ਦੀ ਰਾਖੀ ਲਈ ਸ਼ਸਤਰ ਚੁੱਕੇ ਗਏ। ਅਕਾਲ ਬੁੰਗਾ (ਬਾਅਦ ਵਿੱਚ ਅਕਾਲ ਤਖ਼ਤ ਸਾਹਿਬ), ਜਿੱਥੇ ਦੀਵਾਲੀ ਅਤੇ ਵਿਸਾਖੀ ਵੇਲੇ ਸਰਬੱਤ ਖ਼ਾਲਸਾ ਦਾ ਇਕੱਠ ਕਰਨ ਤੋਂ ਬਾਅਦ ਗੁਰਮਤਿਆਂ ਵਿੱਚ ਹੋਏ ਫੈਸਲਿਆਂ ਦਾ ਐਲਾਨ ਕੀਤਾ ਜਾਂਦਾ ਸੀ, ’ਤੇ ਅਬਦਾਲੀ ਦੇ 7ਵੇਂ ਹਮਲੇ ਵੇਲੇ ਜਥੇਦਾਰ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਸਿਰਫ਼ 30 ਸਿੰਘ ਹੀ ਸਨ ਪਰ ਉਨ੍ਹਾਂ ਹਜ਼ਾਰਾਂ ਦੀ ਫੌਜ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਸੰਸਾਰੀ ਰਾਜਿਆਂ ਨੂੰ ਕੋਈ ਯਾਦ ਵੀ ਨਹੀਂ ਕਰਦਾ। ਉਹ ਇਤਿਹਾਸ ਦੇ ਪੰਨਿਆਂ ਵਿਚ ਗੁਆਚ ਗਏ, ਪਰ ਸ਼ਹੀਦਾਂ ਨੂੰ ਹਰ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਗੁਰਮਤਿ ਵਿਚਾਰਧਾਰਾ ਤੋਂ ਪ੍ਰੇਰਣਾ ਲੈ ਕੇ ਖ਼ਾਲਸਾ ਦੁਨੀਆ ਦੇ ਹਰ ਕੋਨੇ ਵਿੱਚ ਕੁਦਰਤੀ ਆਫ਼ਤਾਂ ਭੂਚਾਲ, ਤੂਫ਼ਾਨ, ਅਕਾਲ ਅਤੇ ਭੁੱਖਮਰੀ ਦੇ ਮਾਰੇ ਲੋਕਾਂ ਦੀ ਸਹਾਇਤਾ ਲਈ ਪਹੁੰਚਦਾ ਹੈ। ਦਰਬਾਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਸਥਾਨ ਹੈ, ਜਿਸ ਨੂੰ ਪੰਜਵੇਂ ਪਾਤਿਸ਼ਾਹ ਨੇ ਪੋਥੀ ਸਾਹਿਬ (ਬਾਅਦ ’ਚ ਗੁਰੂ ਗ੍ਰੰਥ ਸਾਹਿਬ) ਦੇ ਪ੍ਰਕਾਸ਼ ਸਥਾਨ ਅਤੇ ਕੀਰਤਨ ਦਾ ਪ੍ਰਵਾਹ ਚਲਾਉਣ ਲਈ ਸਾਕਾਰ ਰੂਪ ਦਿੱਤਾ। ਉਨ੍ਹਾਂ ਨੇ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ, ਜੋ ਇਸ ਵਿਚਾਰ ਦਾ ਪ੍ਰਤੀਕ ਹੈ ਕਿ ਸੰਸਾਰ ਰੂਪੀ ਭਵਸਾਗਰ ਨੂੰ ਪ੍ਰਮਾਤਮਾ ਦੇ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਕੇ ਸਹਿਜੇ ਹੀ ਪਾਰ ਕੀਤਾ ਜਾ ਸਕਦਾ ਹੈ। ਇੱਥੇ ਸਰਦੀਆਂ ਵਿੱਚ 19 ਘੰਟੇ ਅਤੇ ਗਰਮੀਆਂ ਵਿੱਚ 21 ਘੰਟੇ ਕੀਰਤਨ ਹੁੰਦਾ ਹੈ। ਇੱਥੇ ਪਾਣੀ ਅਤੇ ਬਾਣੀ ਦਾ ਅਨੋਖਾ ਸੁਮੇਲ ਹੈ, ਜਿੱਥੇ ਪਾਣੀ ਨਾਲ ਸਰੀਰਕ ਇਸ਼ਨਾਨ ਅਤੇ ਬਾਣੀ ਨਾਲ ਆਤਮਿਕ ਇਸ਼ਨਾਨ ਕੀਤਾ ਜਾਂਦਾ ਹੈ। ਇੱਥੇ ਆਏ ਹਮਲਾਵਰਾਂ ਦੀ ਮੜ੍ਹੀ ’ਤੇ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਪਰ ਗੁਰੂ ਦਰਬਾਰ ਵਿੱਚ ਰੌਸ਼ਨੀਆਂ ਦੀ ਜਗਮਗ-ਜਗਮਗ ਹੋ ਰਹੀ ਹੈ। ਤਪਦੇ ਹਿਰਦਿਆਂ ਨੂੰ ਠੰਢਕ ਮਿਲਦੀ ਹੈ। ਆਤਮਿਕ ਅਭਿਲਾਸ਼ੀਆਂ ਨੂੰ ਰੂਹਾਨੀ ਬਖ਼ਸ਼ਿਸ਼ਾਂ ਅਤੇ ਤ੍ਰਿਪਤੀ ਮਿਲਦੀ ਹੈ ਅਤੇ ਦੁਨਿਆਵੀ ਪਦਾਰਥਾਂ ਦੀਆਂ ਦਾਤਾਂ ਵੀ ਮਿਲਦੀਆਂ ਹਨ।
ਸੰਪਰਕ: 81468-91795