ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ

        ਰਮੇਸ਼ ਬੱਗਾ ਚੋਹਲਾ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਪੰਨਿਆਂ ਦੀ ਇਬਾਰਤ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਦਿਖਾਈ ਦਿੰਦੀ ਹੈ। ਇਸ ਇਬਾਰਤ ਦੀ ਬਣਾਵਟ ਅਤੇ ਸਜਾਵਟ ਵਿਚ ਦੁੱਧ...
Advertisement

 

Advertisement

 

 

 

ਰਮੇਸ਼ ਬੱਗਾ ਚੋਹਲਾ

ਸਿੱਖ ਇਤਿਹਾਸ ਦੇ ਪੰਨਿਆਂ ਨੂੰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਪੰਨਿਆਂ ਦੀ ਇਬਾਰਤ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਦਿਖਾਈ ਦਿੰਦੀ ਹੈ। ਇਸ ਇਬਾਰਤ ਦੀ ਬਣਾਵਟ ਅਤੇ ਸਜਾਵਟ ਵਿਚ ਦੁੱਧ ਪੀਂਦੇ ਬੱਚਿਆਂ ਤੋਂ ਲੈ ਕੇ 75-80 ਸਾਲ ਦੇ ਬਾਬਿਆਂ ਦੇ ਬਲੀਦਾਨ ਦੀ ਅਨੋਖੀ ਅਤੇ ਦਲੇਰਾਨਾ ਪਹੁੰਚ ਕੰਮ ਕਰਦੀ ਹੈ। ਇਹ ਇਬਾਰਤ ਇਸ ਗੱਲ ਨੂੰ ਤਸਦੀਕ ਕਰਦੀ ਹੈ ਕਿ ਇਸ ਦੇ ਸਿਰਜਕਾਂ ਨੇ ਆਪਣੇ ਸਰੀਰ ਦੇ ਬੰਦ-ਬੰਦ ਤਾਂ ਹੱਸ ਕੇ ਕਟਵਾ ਲਏ ਪਰ ਕਿਸੇ ਵੀ ਕੀਮਤ ’ਤੇ ਸਿੱਖੀ ਦੇ ਸਿਧਾਂਤਾਂ ਨੂੰ ਢਾਹ ਨਹੀਂ ਲੱਗਣ ਦਿੱਤੀ। ਜਦੋਂ ਵੀ ਕਦੇ ਮਨੁੱਖੀ ਕਦਰਾਂ-ਕੀਮਤਾਂ ਜਾਂ ਇਨਸਾਨੀਅਤ ਨਾਲ ਜੁੜੇ ਪੱਖਾਂ ਦੀ ਪਹਿਰੇਦਾਰੀ ਦਾ ਵੇਲਾ ਆਇਆ ਤਾਂ ਸਿੱਖ ਸ਼ਹੀਦਾਂ ਨੇ ਵਕਤ ਦੇ ਹਾਕਮਾਂ ਤੋਂ ਕਿਸੇ ਕਿਸਮ ਦੀ ਕੋਈ ਰਿਆਇਤ ਨਹੀਂ ਮੰਗੀ। ਸਗੋਂ ਅਣਮਨੁੱਖੀ ਤਸੀਹਿਆਂ ਨੂੰ ਵੀ ‘ਉਸ ਦੀ’ ਰਜ਼ਾ ਸਮਝ ਕੇ ਸਹਿਣ ਕਰ ਲਿਆ। ਇਸੇ ਤਰ੍ਹਾਂ ਦੀ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਨ ਵਾਲਿਆਂ ’ਚ ਹੀ ਸ਼ਾਮਲ ਹਨ ਭਾਈ ਮਨੀ ਸਿੰਘ ਜੀ ਸ਼ਹੀਦ।

ਭਾਈ ਮਨੀ ਸਿੰਘ ਦੇ ਜਨਮ ਬਾਰੇ ਕਈਆਂ ਲੇਖਕਾਂ ਵਿਚ ਕੁਝ ਮਤਭੇਦ ਹਨ। ਪਰ ਭੱਟ ਵਹੀਆਂ ਅਤੇ ਪੰਡਾ ਵਹੀਆਂ ਦੀ ਲਿਖਤ ਅਨੁਸਾਰ ਭਾਈ ਸਾਹਿਬ ਦਾ ਜਨਮ 10 ਮਾਰਚ 1644 ਈ. ਨੂੰ ਭਾਈ ਮਾਈਦਾਸ ਅਤੇ ਮਾਤਾ ਮਧਰੀ ਬਾਈ ਦੇ ਘਰ ਪਿੰਡ ਅਲੀਪੁਰ ਜ਼ਿਲ੍ਹਾ ਮੁਜਫ਼ਰਗੜ੍ਹ (ਪਾਕਿਸਤਾਨ) ਵਿੱਚ ਹੋਇਆ। ਭਾਈ ਮਨੀ ਸਿੰਘ ਦਾ ਪਰਿਵਾਰ ਵੱਡੀ ਕੁਰਬਾਨੀ ਵਾਲਾ ਰਿਹਾ ਹੈ। ਸਿੱਖ ਇਤਿਹਾਸ ਦੇ ਵਰਕਿਆਂ ਨੂੰ ਫਰੋਲਦਿਆਂ ਪਤਾ ਲੱਗਦਾ ਹੈ ਕਿ ਸ਼ਹੀਦ ਮਨੀ ਸਿੰਘ ਦੇ ਦਾਦਾ ਭਾਈ ਬੱਲੂ ਜੀ, ਜਿਹੜੇ ਛੇਵੇਂ ਗੁਰੂ ਹਰਿਗੋਬਿੰਦ ਸਹਿਬ ਦੀ ਪਹਿਲੀ ਜੰਗ ’ਚ ਸ਼ਹੀਦ ਹੋਏ ਸਨ, ਦੇ 12 ਫ਼ਰਜ਼ੰਦ ਸਨ। ਇਨ੍ਹਾਂ ’ਚੋਂ ਇਕ ਦਾ ਨਾਮ ਭਾਈ ਮਾਈਦਾਸ ਸੀ, ਜਿਨ੍ਹਾਂ ਦੇ ਦੋ ਵਿਆਹ ਹੋਏ ਸਨ। ਪਹਿਲੀ ਪਤਨੀ ਦੀ ਕੁੱਖੋਂ ਭਾਈ ਮਨੀ ਰਾਮ (ਸਿੰਘ) ਸਮੇਤ 7 ਪੁੱਤਰ ਸਨ ਅਤੇ ਦੂਸਰੀ ਪਤਨੀ ਦੇ 5 ਬੱਚੇ ਸਨ। ਭਾਈ ਮਨੀ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਬਾਕੀ 10 ਭਰਾ ਵੀ ਸਮੇਂ-ਸਮੇਂ ਸਿੱਖੀ ਦੀ ਚੜ੍ਹਦੀਕਲਾ ਅਤੇ ਪੰਥ ਦੀ ਖੁਸ਼ਹਾਲੀ ਲਈ ਸ਼ਹੀਦ ਹੁੰਦੇ ਰਹੇ ਹਨ। ਭਾਈ ਮਨੀ ਸਿੰਘ ਦੇ 10 ਪੁੱਤਰਾਂ ’ਚੋਂ 7 ਪੁੱਤਰਾਂ ਨੂੰ ਧਰਮ ਲਈ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ, ਜਿਨ੍ਹਾਂ ਵਿਚ ਬਚਿੱਤਰ ਸਿੰਘ ਅਤੇ ਭਾਈ ਉਦੈ ਸਿੰਘ ਦਾ ਨਾਮ ਵਰਨਣਯੋਗ ਹੈ।

ਭਾਈ ਮਨੀ ਸਿੰਘ ਦੇ ਪਰਿਵਾਰ ਦਾ ਨਾਤਾ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੋਂ ਹੀ ਜੁੜਦਾ ਹੈ ਕਿਉਂਕਿ ਭਾਈ ਸਾਹਿਬ ਦੇ ਦਾਦਾ ਭਾਈ ਬੱਲੂ ਜੀ ਛੇਵੇਂ ਪਾਤਸ਼ਾਹ ਦੇ ਜਰਨੈਲ ਸਨ। ਜਦੋਂ ਭਾਈ ਮਨੀ ਸਿੰਘ ਦੀ ਉਮਰ 13 ਸਾਲ ਦੀ ਹੋਈ ਤਾਂ ਭਾਈ ਮਾਈਦਾਸ ਉਨ੍ਹਾਂ ਨੂੰ ਨਾਲ ਲੈ ਕੇ ਸਤਵੇਂ ਗੁਰੂ ਹਰਿਰਾਇ ਜੀ ਦੇ ਦਰਬਾਰ ਕੀਰਤਪੁਰ ਸਾਹਿਬ ਵਿਖੇ ਆ ਕੇ ਨਤਮਸਤਕ ਹੋਏ। ਜਦੋਂ ਬਾਲਕ ਮਨੀਏ (ਭਾਈ ਮਨੀ ਸਿੰਘ ਜੀ) ਨੇ ਸਤਵੇਂ ਗੁਰੂ ਦੇ ਚਰਨਾਂ ’ਤੇ ਮੱਥਾ ਟੇਕਿਆ ਤਾਂ ਉਸ ਦੇ ਸੁੰਦਰ ਸਰੂਪ ਨੂੰ ਦੇਖ ਕੇ ਗੁਰੂ ਸਾਹਿਬ ਕਹਿਣ ਲੱਗੇ, ‘ਮਨੀਆ ਗੁਨੀਆ ਹੋਵੇਗਾ ਬੀਚ ਜਗ ਸਾਰੇ।’ ਦੋ ਸਾਲ ਗੁਰੂ ਘਰ ਦੇ ਜੂਠੇ ਬਰਤਨ ਮਾਂਜਦਿਆਂ ਬਾਲਕ ਮਨੀਏ ਨੇ ਆਪਣੇ ਮਨ ਦੀ ਮੈਲ ਗੁਆ ਲਈ ਅਤੇ ਇਕ ਨਿਰਮਲ ਅਤੇ ਨਿਰਛੱਲ ਹਿਰਦੇ ਦਾ ਮਾਲਕ ਬਣ ਗਿਆ।

ਜਦੋਂ ਭਾਈ ਮਨੀਏ ਦੀ ਉਮਰ 16 ਕੁ ਸਾਲ ਹੋਈ ਤਾਂ ਉਸ ਦਾ ਆਨੰਦ ਕਾਰਜ ਬੀਬੀ ਸੀਤੋ ਨਾਲ ਹੋ ਗਿਆ। ਆਨੰਦ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਭਾਈ ਮਨੀ ਸਿੰਘ ਆਪਣੇ ਦੋ ਭਰਾਵਾਂ ਭਾਈ ਜੇਠਾ ਅਤੇ ਭਾਈ ਦਿਆਲਾ ਜੀ ਸਮੇਤ ਮੁੜ ਕੀਰਤਪੁਰ ਸਾਹਿਬ ਆ ਗਏ। ਗੁਰੂ ਹਰਿਰਾਇ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ ਅਠਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਜੁਟ ਗਏ। ਅਠਵੇਂ ਗੁਰੂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਜੀ ਕੋਲ ਆ ਗਏ। ਜਦੋਂ ਗੁਰੂ ਤੇਗ ਬਹਾਦਰ ਪੂਰਬ ਦੀ ਬਾਹੀ ਵੱਲ ਧਰਮ ਪ੍ਰਚਾਰ ਕਰ ਕੇ ਵਾਪਸ ਆਨੰਦਪੁਰ ਸਾਹਿਬ ਆ ਗਏ ਤਾਂ ਭਾਈ ਮਨੀ ਸਿੰਘ ਨੇ ਆਪਣੀ ਹਾਜ਼ਰੀ ਇੱਥੇ ਲਗਵਾਉਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਦੀ ਸੇਵਾ-ਸੰਭਾਲ ਦਿੱਤੀ, ਜਿਸ ਨੂੰ ਉਨ੍ਹਾਂ ਨੇ ਬੜੀ ਹੀ ਤਨਦੇਹੀ ਨਾਲ ਨਿਭਾਇਆ। ਮਜ਼ਲੂਮਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਜਦੋਂ ਨੌਵੇਂ ਗੁਰੂ ਹਿੰਦ ਦੀ ਚਾਦਰ ਬਣ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਹਿ ਗਏ। ਦਸਮ ਪਿਤਾ ਦੀ ਹਜ਼ੂਰੀ ਵਿਚ ਰਹਿ ਕੇ ਭਾਈ ਸਾਹਿਬ ਦੀ ਬੌਧਿਕਤਾ ਵਿਚ ਕਾਫ਼ੀ ਨਿਖ਼ਾਰ ਆ ਗਿਆ। ਇਸ ਨਿਖ਼ਾਰ ਸਦਕਾ ਉਹ ਸਿੱਖ ਧਰਮ ਦੇ ਮਹਾਨ ਵਿਦਵਾਨ ਬਣ ਗਏ।

ਜਦੋਂ ਭੰਗਾਣੀ ਦਾ ਯੁੱਧ ਹੋਇਆ ਤਾਂ ਉਸ ਵੇਲੇ ਭਾਈ ਮਨੀ ਸਿੰਘ ਨੇ ਗੁਰੂ ਸਾਹਿਬ ਦਾ ਡਟਵਾਂ ਸਾਥ ਦਿੱਤਾ। ਇਸ ਜੰਗ ਵਿਚ ਉਨ੍ਹਾਂ ਦੇ ਭਰਾ ਹਰੀ ਚੰਦ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਇਕ ਸਾਲ ਬਾਅਦ ਨਦੌਣ ਦੀ ਲੜਾਈ ਲੜੀ ਗਈ ਤਾਂ ਭਾਈ ਸਾਹਿਬ ਦੀ ਬਹਾਦਰੀ ਅਤੇ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਵੱਲੋਂ ਇਨ੍ਹਾਂ ਨੂੰ ਦੀਵਾਨ ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ। 1699 ਈ: ਵਿਚ ਜਦੋਂ ਪਾਤਸ਼ਾਹ ਨੇ ਵਿਸਾਖੀ ਦੇ ਦਿਹਾੜੇ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਭਾਈ ਮਨੀ ਸਿੰਘ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਉਨ੍ਹਾਂ ਦਾ ਨਾਮ ਭਾਈ ਮਨੀਏ ਤੋਂ ਭਾਈ ਮਨੀ ਸਿੰਘ ਹੋ ਗਿਆ। ਇਸ ਤਰ੍ਹਾਂ ਗੁਰੂ ਦਰਬਾਰ ਵਿਚ ਉਨ੍ਹਾਂ ਦਾ ਮਾਣ-ਸਤਿਕਾਰ ਪਹਿਲਾਂ ਤੋਂ ਵੀ ਵਧ ਗਿਆ। ਸੂਰਬੀਰ ਹੋਣ ਦੇ ਨਾਲ-ਨਾਲ ਉਹ ਆਪਣੇ ਸਮੇਂ ਦੇ ਸਥਾਪਿਤ ਕਥਾ-ਵਾਚਕ ਵੀ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹ ਰੋਜ਼ ਹੀ ਕਥਾ ਰਾਹੀਂ ਸੰਗਤ ਨੂੰ ਨਿਹਾਲ ਕਰਦੇ ਸਨ।

ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਸਮੇਂ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤਾਇਆ ਸੀ ਤਾਂ ਉਸ ਦਾ ਮੂੰਹ-ਤੋੜ ਜਵਾਬ ਵੀ ਭਾਈ ਮਨੀ ਸਿੰਘ ਦੇ ਫ਼ਰਜ਼ੰਦਾਂ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੈ ਸਿੰਘ ਨੇ ਹੀ ਦਿੱਤਾ ਸੀ। ਇਨ੍ਹਾਂ ਦੋਵਾਂ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਇਕ ਵਿਸ਼ੇਸ਼ ਹੁਕਮਨਾਮੇ ਦੀ ਬਖ਼ਸ਼ਿਸ਼ ਕੀਤੀ। ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਤਕ, ਜਿੱਥੇ ਦਸਵੇਂ ਗੁਰੂ ਦਾ ਪਰਿਵਾਰ ਅਤੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ, ਉੱਥੇ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਵੀ ਸਿੱਖ ਧਰਮ ਤੋਂ ਕੁਰਬਾਨ ਹੋ ਗਏ। ਸ੍ਰੀ ਮੁਕਤਸਰ ਦੀ ਲੜਾਈ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਪਹੁੰਚੇ ਤਾਂ ਭਾਈ ਮਨੀ ਸਿੰਘ ਨੇ ਉੱਥੇ ਪਹੁੰਚ ਕੇ ਵੀ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਭਾਈ ਸਾਹਿਬ ਤੋਂ ਦਮਦਮੀ ਬੀੜ ਲਿਖਵਾਈ ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਦਰਜ ਕੀਤੀ ਗਈ। ਸੰਨ 1721 ਤੋਂ ਭਾਈ ਮਨੀ ਸਿੰਘ ਸਿੱਖ ਕੌਮ ਦੀ ਰਹਿਨੁਮਾਈ ਕਰ ਰਹੇ ਸਨ। ਦੀਵਾਲੀ ਅਤੇ ਵਿਸਾਖੀ ਦੇ ਤਿਉਹਾਰਾਂ ਮੌਕੇ ਉਹ ਅਕਸਰ ਵੱਡਾ ਇਕੱਠ ਕਰ ਕੇ ਸਿੱਖ ਸੰਗਤ ਨੂੰ ਆਪਸ ਵਿਚ ਮਿਲਾਉਣ/ਬਿਠਾਉਣ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਇਨ੍ਹਾਂ ਮਿਲਣੀਆਂ/ਬੈਠਕਾਂ ਸਦਕਾ ਹੀ ਸਿੱਖ ਕੌਮ ਸੰਕਟਕਾਲੀਨ ਸਮਿਆਂ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦੀ ਰਹੀ ਹੈ।

70 ਸਾਲ ਉਮਰ ਹੋ ਜਾਣ ਕਰਕੇ ਭਾਈ ਮਨੀ ਸਿੰਘ ਦਾ ਸਰੀਰ ਬੇਸ਼ੱਕ ਕੁਝ ਕਮਜ਼ੋਰ ਪੈ ਰਿਹਾ ਸੀ ਪਰ ਉਨ੍ਹਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਉਤਸ਼ਾਹ ਅਜੇ ਵੀ ਜਵਾਨ ਸੀ। ਸੰਮਤ 1790 ਬਿਕ੍ਰਮੀ ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ। ਇਸ ਵੇਲੇ ਉਹ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸੇਵਾ-ਸੰਭਾਲ ਮੁੱਖ ਗ੍ਰੰਥੀ ਦੇ ਰੂਪ ਵਿੱਚ ਕਰ ਰਹੇ ਸਨ। ਇਸ ਪੁਰਬ ਨੂੰ ਮਨਾਉਣ ਲਈ ਭਾਈ ਸਾਹਿਬ ਆਪਣੇ ਸਾਥੀਆਂ ਸੁਬੇਗ ਸਿੰਘ ਅਤੇ ਸੂਰਤ ਸਿੰਘ ਨੂੰ ਨਾਲ ਲੈ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਗਏ। ਸੂਬੇਦਾਰ ਨੇ 10,000 ਦੀ ਰਕਮ ਜਜ਼ੀਏ ਵਜੋਂ ਮੰਗ ਲਈ, ਜੋ ਭਾਈ ਮਨੀ ਸਿੰਘ ਨੇ ਮੇਲੇ ਉਪਰੰਤ ਦੇਣੀ ਮੰਨ ਲਈ। ਆਪਸੀ ਸਹਿਮਤੀ ਹੋਣ ਦੇ ਬਾਵਜੂਦ ਵੀ ਲਾਹੌਰ ਦੇ ਸੂਬੇਦਾਰ ਦਾ ਮਨ ਬੇਈਮਾਨ ਹੋ ਗਿਆ। ਇਸ ਬੇਈਮਾਨੀ ਤਹਿਤ ਉਸ ਨੇ ਮੇਲੇ ’ਤੇ ਜੁੜਨ ਵਾਲੀ ਸੰਗਤ ਨੂੰ ਖ਼ਤਮ ਕਰਨ ਦੀ ਠਾਣ ਲਈ। ਜਦੋਂ ਭਾਈ ਮਨੀ ਸਿੰਘ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਸੰਗਤ/ਖਾਲਸੇ ਨੂੰ ਉੱਥੇ ਆਉਣ ਤੋਂ ਰੋਕਣ ਲਈ ਸਿੰਘਾਂ ਨੂੰ ਭੇਜਿਆ, ਜਿਸ ਕਰਕੇ ਸੰਗਤ ਦਾ ਇਕੱਠ ਨਹੀਂ ਹੋਇਆ। ਭਾਈ ਮਨੀ ਸਿੰਘ ਨੇ ਹਕੂਮਤ ਦੇ ਇਸ ਵਿਹਾਰ ਦੀ ਨਿਖੇਧੀ ਕੀਤੀ। ਜ਼ਕਰੀਆ ਖਾਨ ਨੇ ਭਾਈ ਸਾਹਿਬ ਕੋਲੋਂ ਜਜ਼ੀਏ ਦੀ ਰਕਮ ਵਸੂਲਣੀ ਚਾਹੀ ਪਰ ਜਵਾਬ ਵਿਚ ਭਾਈ ਮਨੀ ਸਿੰਘ ਨੇ ਕਿਹਾ ਕਿ ਇਕੱਠ ਤਾਂ ਹੋਣ ਨਹੀਂ ਦਿੱਤਾ ਫਿਰ ਕਿਹੜੀ ਰਕਮ? ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਦਰਬਾਰ ਵਿਚ ਪੇਸ਼ ਕੀਤਾ ਗਿਆ। ਜ਼ਕਰੀਆ ਖਾਨ ਨੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖ ਦਿੱਤੀ, ਜੋ ਭਾਈ ਸਾਹਿਬ ਨੇ ਨਹੀਂ ਮੰਨੀ। ਕੋਈ ਗੱਲ ਨਾ ਬਣਦੀ ਦੇਖ ਕੇ ਲਾਹੌਰ ਦੇ ਸੂਬੇਦਾਰ ਨੇ ਭਾਈ ਸਾਹਿਬ ਦੇ ਸਰੀਰ ਦਾ ਬੰਦ-ਬੰਦ ਕੱਟਣ ਦਾ ਹੁਕਮ ਦੇ ਦਿੱਤਾ। ਹੁਕਮ ਦੀ ਤਮੀਲ ਕਰਦਿਆਂ ਸਿਪਾਹੀ ਉਨ੍ਹਾਂ ਨੂੰ ਸ਼ਾਹੀ ਕਿਲ੍ਹੇ ਦੇ ਮੈਦਾਨ ਵਿਚ ਲੈ ਗਏ। ਭਾਈ ਮਨੀ ਸਿੰਘ ਨੇ ਇਸ ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਸਵੀਕਾਰ ਕਰ ਲਿਆ ਅਤੇ ਸ਼ਹਾਦਤ ਦਾ ਜਾਮ ਪੀ ਗਏ।

ਸੰਪਰਕ: 94631-32719

Advertisement