ਨਾਜਾਇਜ਼ ਸਬੰਧਾਂ ਕਾਰਨ ਪਤੀ ਦਾ ਕਤਲ ਕਰਨ ਦੇ ਦੋਸ਼ ਵਿੱਚ ਪਤਨੀ ਗ੍ਰਿਫ਼ਤਾਰ
ਝਾਰਖੰਡ ਦੇ ਸਰਾਈਕੇਲਾ-ਖਰਸਵਾਂ ਜ਼ਿਲ੍ਹੇ ਵਿੱਚ ਇੱਕ 29 ਸਾਲਾ ਮਹਿਲਾ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ, ਕਿਉਂਕਿ ਉਸ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ। ਪੁਲੀਸ ਸੁਪਰਡੈਂਟ ਮੁਕੇਸ਼ ਕੁਮਾਰ ਲੂਨਾਯਤ ਨੇ ਦੱਸਿਆ ਕਿ ਦੋਸ਼ੀ ਪੂਜਾ ਕੁਮਾਰੀ ਨੇ 15/16 ਜੁਲਾਈ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਰਾਜੇਸ਼ ਕੁਮਾਰ ਮਾਹਥਾ ’ਤੇ ਉਸ ਸਮੇਂ ਹਥੌੜੇ ਨਾਲ ਹਮਲਾ ਕੀਤਾ ਜਦੋਂ ਉਹ ਸੁੱਤਾ ਹੋਇਆ ਸੀ।
ਲੂਨਾਯਤ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਪਰਾਧ ਕਰਨ ਤੋਂ ਬਾਅਦ ਦੋਸ਼ੀ ਔਰਤ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਆਪਣੇ ਬੱਚਿਆਂ ਸਮੇਤ ਫਰਾਰ ਹੋ ਗਈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਲਾਸ਼ ਮਿਲਣ ਤੋਂ ਬਾਅਦ ਦੋਸ਼ੀ ਨੂੰ ਫੜਨ ਲਈ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ (ਸਰਾਈਕੇਲਾ) ਸਮੀਰ ਸਵਾਈਆ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ। ਮਨੁੱਖੀ ਅਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਟੀਮ ਨੇ ਰਾਜੇਸ਼ ਦੀ ਪਤਨੀ ਪੂਜਾ ਕੁਮਾਰੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਲਿਆ।
ਐਸਪੀ ਨੇ ਦੱਸਿਆ ਕਿ ਉਸ ਨੇ ਪੁਲੀਸ ਨੂੰ ਦੱਸਿਆ ਕਿ ਰਾਜੇਸ਼ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ। ਪੁਲੀਸ ਨੇ ਖੂਨ ਨਾਲ ਲੱਥਪੱਥ ਹਥੌੜਾ ਅਤੇ ਦੋ ਖੂਨ ਨਾਲ ਲੱਥਪੱਥ ਸਮਾਰਟਫੋਨ ਬਰਾਮਦ ਕੀਤੇ ਹਨ।