ਜਦੋਂ ਦਰਿਆ 'ਚ ਲਾਪਤਾ ਲੜਕੀ ਬਾਰੇ ਕਵਰੇਜ ਕਰ ਰਹੇ ਪੱਤਰਕਾਰ ਦਾ ਪੈਰ ਉਸੇ ਕੁੜੀ ਦੀ ਲਾਸ਼ ਨਾਲ ਟਕਰਾਇਆ
ਇੱਕ ਰੁਟੀਨ ਫੀਲਡ ਰਿਪੋਰਟਿੰਗ ਦੌਰਾਨ ਬਰਾਜ਼ੀਲ ਦੇ ਬਾਕਾਬਲ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਵਾਕਿਆ ਸਾਹਮਣੇ ਆਇਆ, ਜਦੋਂ ਪੱਤਰਕਾਰ ਲੇਨਿਲਡੋ ਫਰਾਜ਼ਾਓ (Lenildo Frazao) ਨੇ ਮੀਅਰਿਮ ਦਰਿਆ (Mearim river) ਵਿੱਚ ਗਲਤੀ ਨਾਲ ਉਸ ਕੁੜੀ ਦੀ ਲਾਸ਼ ’ਤੇ ਪੈਰ ਰੱਖ ਦਿੱਤਾ, ਜਿਸ ਦੇ ਲਾਪਤਾ ਹੋਣ ਦੀ ਕਵਰੇਜ ਕਰਨ ਉਹ ਦਰਿਆ ਵਿਚ ਵੜਿਆ ਸੀ। ਇਹ ਮ੍ਰਿਤਕ ਦੇਹ 13-ਸਾਲਾ ਰਾਇਸਾ (Raissa) ਦੀ ਸੀ।
ਫਰਾਜ਼ਾਓ ਵੱਲੋਂ ਬਕਾਇਦਾ ਇੱਕ ਵੀਡੀਓ ਜਾਰੀ ਕੀਤੀ ਗਈ, ਜਿਸ ਵਿੱਚ ਉਹ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਵੇਂ ਹੀ ਉਹ ਮੀਰੀਮ ਦਰਿਆ ਵਿੱਚ ਦਾਖ਼ਲ ਹੋਇਆ ਉਸ ਨਾਲ ਕੀ ਕੁੱਝ ਵਾਪਰਿਆ। ਦਰਿਆ ਵਿੱਚ ਕਵਰੇਜ ਕਰਨ ਲਈ ਜਾਣ ਤੋਂ ਬਾਅਦ ਉਸਨੂੰ ਹੇਠਾਂ ਕੁਝ ਅਜਿਹਾ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਹ ਘਬਰਾ ਗਿਆ।
ਉਸਨੇ ਅਚਾਨਕ ਡਰ ਨਾਲ ਛਾਲ ਮਾਰੀ। ਉਸਨੁੂੰ ਮਹਿਸੂਸ ਹੋਇਆ ਕਿ ਇਹ ਕਿਸੇ ਦਾ ਸਰੀਰ ਹੈ। ਹਾਲਾਂਕਿ ਉਸ ਨੂੰ ਇਹ ਵੀ ਲੱਗਿਆ ਕਿ ਹੋ ਸਕਦਾ ਇਹ ਕੋਈ ਜਾਨਵਰ ਹੋਵੇ।
ਜਦੋਂ ਬਚਾਅ ਟੀਮਾਂ ਨੇ ਆਪਣੀ ਜਾਂਚ ਕੀਤੀ ਤਾਂ ਰਾਇਸਾ ਦੀ ਲਾਸ਼ ਉਸੇ ਜਗ੍ਹਾ ਤੋਂ ਮਿਲੀ ਜਿਥੇ ਫਰਜ਼ਾਓ ਖੜ੍ਹਾ ਸੀ। ਪੋਸਟਮਾਰਟਮ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਰਾਇਸਾ (Raissa) ਗਲਤੀ ਨਾਲ ਡੁੱਬ ਗਈ ਸੀ। ਹਾਲਾਂਕਿ ਰਾਇਸਾ (Raissa) ਦੀ ਮੌਤ ਤੇ ਉਸ ਦੇ ਸਕੂਲ ਵਾਲਿਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਸਦੀ ਇਸ ਦੁਖ਼ਦਾਈ ਮੌਤ ਲਈ ਤਿੰਨ ਦਿਨਾਂ ਦਾ ਸੋਗ ਐਲਾਨ ਦਿੱਤਾ।