ਰਾਹੁਲ ਗਾਂਧੀ ਵੱਲੋਂ ਮਕਾਨਾਂ ਦੀਆਂ ਵਧਦੀਆਂ ਕੀਮਤਾਂ ’ਤੇ ਚਿੰਤਾ ਜ਼ਾਹਰ
ਨਵੀਂ ਦਿੱਲੀ, 26 ਜੂਨ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੱਡੇ ਸ਼ਹਿਰਾਂ ਵਿਚ ਘਰਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਗਲੀ ਵਾਰ ਜੇ ਕੋਈ ਤੁਹਾਨੂੰ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅੰਕੜੇ ਦੱਸੇ ਤਾਂ ਉਨ੍ਹਾਂ ਨੂੰ ਆਪਣੇ ਘਰੇਲੂ ਬਜਟ ਦੀ ਸਚਾਈ ਜ਼ਰੂਰ ਦੱਸੀ ਜਾਵੇ। ਸ੍ਰੀ ਗਾਂਧੀ ਨੇ ਆਪਣੇ ਵਟਸਐਪ ਚੈਨਲ ’ਤੇ ਮੀਡੀਆ ਰਿਪੋਰਟ ਸਾਂਝੀ ਕੀਤੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮਹਾਰਾਸ਼ਟਰ ਵਿੱਚ ਆਮਦਨ ਦੇ ਮਾਮਲੇ ਵਿੱਚ ਸ਼ਹਿਰੀ ਪਰਿਵਾਰਾਂ ਦੇ ਸਿਖਰਲੇ 5 ਫੀਸਦੀ ਲਈ ਵੀ ਮੁੰਬਈ ਵਿੱਚ ਘਰ ਖਰੀਦਣ ਵਿੱਚ 100 ਸਾਲਾਂ ਤੋਂ ਵੱਧ ਦੀ ਬੱਚਤ ਖਰਚ ਹੋ ਗਈ ਹੋਵੇਗੀ। ਰਾਹੁਲ ਨੇ ਕਿਹਾ, ‘ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ ਅਤੇ ਜੇ ਤੁਸੀਂ ਇਸ ’ਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੈਂ ਇਸ ਨੂੰ ਦੁਹਰਾਉਂਦਾ ਹਾਂ, ਮੁੰਬਈ ਵਿੱਚ ਘਰ ਖਰੀਦਣ ਲਈ, ਭਾਰਤ ਦੇ ਸਭ ਤੋਂ ਅਮੀਰ ਪੰਜ ਫੀਸਦੀ ਲੋਕਾਂ ਨੂੰ ਵੀ 109 ਸਾਲਾਂ ਲਈ ਆਪਣੀ ਆਮਦਨ ਦਾ 30 ਫੀਸਦੀ ਬਚਾਉਣਾ ਪਵੇਗਾ। ਇਹ ਜ਼ਿਆਦਾਤਰ ਵੱਡੇ ਸ਼ਹਿਰਾਂ ਦੀ ਹਾਲਤ ਹੈ, ਜਿੱਥੇ ਤੁਸੀਂ ਮੌਕਿਆਂ ਅਤੇ ਸਫਲਤਾ ਦੀ ਭਾਲ ਵਿੱਚ ਸਖ਼ਤ ਮਿਹਨਤ ਕਰਦੇ ਹੋ ਪਰ ਇੰਨੀ ਬੱਚਤ ਕਿੱਥੋਂ ਆਵੇਗੀ।’
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਹਿੰਦੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਗਰੀਬਾਂ ਅਤੇ ਮੱਧ ਵਰਗ ਦੀ ਵਿਰਾਸਤ ਦੌਲਤ ਨਹੀਂ, ਸਗੋਂ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਵਿਚ ਬੱਚਿਆਂ ਦੀ ਮਹਿੰਗੀ ਸਿੱਖਿਆ, ਮਹਿੰਗੇ ਇਲਾਜ ਦੀ ਚਿੰਤਾ, ਮਾਪਿਆਂ ਦੀ ਜ਼ਿੰਮੇਵਾਰੀ ਜਾਂ ਪਰਿਵਾਰ ਲਈ ਇੱਕ ਛੋਟੀ ਕਾਰ ਹੁੰਦੀ ਹੈ। ਫਿਰ ਵੀ ਉਨ੍ਹਾਂ ਦੇ ਦਿਲਾਂ ਵਿੱਚ ਸੁਫ਼ਨਾ ਹੈ ਕਿ ਇੱਕ ਦਿਨ ਸਾਡਾ ਆਪਣਾ ਘਰ ਹੋਵੇਗਾ ਪਰ ਇਹ ਦਿਨ ਅਮੀਰਾਂ ਲਈ ਵੀ 109 ਸਾਲ ਦੂਰ ਹੈ। ਇਨ੍ਹਾਂ ਕੀਮਤਾਂ ਨੇ ਗਰੀਬਾਂ ਨੂੰ ਉਨ੍ਹਾਂ ਦੇ ਸੁਪਨਿਆਂ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ। ਪੀਟੀਆਈ