ਪ੍ਰਧਾਨ ਮੰਤਰੀ ਮੋਦੀ ਦਾ ਬਿਹਾਰ ਤੇ ਬੰਗਾਲ ਦੌਰਾ ਅੱਜ; 12,200 ਕਰੋੜ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਬਿਹਾਰ ਤੇ ਪੱਛਮੀ ਬੰਗਾਲ ਦੇ ਦੌਰੇ ’ਤੇ ਜਾਣਗੇ, ਜਿੱਥੇ ਉਨ੍ਹਾਂ ਵੱਲੋਂ ਕ੍ਰਮਵਾਰ 7200 ਕਰੋੜ ਤੇ 5000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ।
ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਮੋਤੀਹਾਰੀ ਦਾ ਦੌਰਾ ਕਰਨ ਮੌਕੇ 7,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜ਼ਿਲ੍ਹਾ ਹੈੱਡਕੁਆਰਟਰ ਮੋਤੀਹਾਰੀ ਕਸਬੇ ਦੇ ਗਾਂਧੀ ਮੈਦਾਨ ਵਿੱਚ ਇੱਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ।
ਇੱਕ ਅਧਿਕਾਰਤ ਬਿਆਨ ਅਨੁਸਾਰ ਮੋਦੀ ਰੇਲ, ਸੜਕ, ਪੇਂਡੂ ਵਿਕਾਸ, ਮੱਛੀ ਪਾਲਣ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਖੇਤਰਾਂ ਨਾਲ ਸਬੰਧਤ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ।
ਭਵਿੱਖ ਲਈ ਤਿਆਰ ਰੇਲਵੇ ਨੈੱਟਵਰਕ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ ਮੋਦੀ ਰਾਜੇਂਦਰ ਨਗਰ (ਪਟਨਾ) ਅਤੇ ਨਵੀਂ ਦਿੱਲੀ, ਬਾਪੂਧਾਮ ਮੋਤੀਹਾਰੀ ਅਤੇ ਦਿੱਲੀ (ਆਨੰਦ ਵਿਹਾਰ ਟਰਮੀਨਲ), ਦਰਭੰਗਾ ਅਤੇ ਲਖਨਊ (ਗੋਮਤੀ ਨਗਰ) ਅਤੇ ਮਾਲਦਾ ਟਾਊਨ ਅਤੇ ਲਖਨਊ (ਗੋਮਤੀ ਨਗਰ) ਵਿਚਕਾਰ ਚਾਰ ਨਵੀਆਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ।
ਪ੍ਰਧਾਨ ਮੰਤਰੀ ਕਈ ਰੇਲ ਪ੍ਰੋਜੈਕਟਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਵਿੱਚ ਸਮਸਤੀਪੁਰ-ਬਛਵਾੜਾ ਖੇਤਰ ਵਿੱਚ ਆਟੋਮੈਟਿਕ ਸਿਗਨਲਿੰਗ ਸ਼ਾਮਲ ਹੈ ਜੋ ਕੁਸ਼ਲ ਰੇਲ ਸੇਵਾਵਾਂ ਨੂੰ ਸਮਰੱਥ ਬਣਾਏਗੀ। ਇਸ ਵਿਚ ਕਿਹਾ ਗਿਆ ਹੈ ਕਿ ਦਰਭੰਗਾ-ਥਲਵਾੜਾ ਅਤੇ ਸਮਸਤੀਪੁਰ-ਰਾਮਭਦਰਪੁਰ ਰੇਲ ਲਾਈਨਾਂ ਦਾ ਦੋਹਰੀਕਰਨ, 580 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦਾ ਹਿੱਸਾ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਹੋਰ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਸਮੇਤ ਕਈ ਸਹੂਲਤਾਂ ਦੇਸ਼ ਨੂੰ ਸਮਰਪਿਤ ਕਰਨਗੇ।