DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਸਲਮੇਰ ’ਚ ਪਾਕਿਸਤਾਨੀ ਪਾਇਲਟ ਕਾਬੂ; ਭਾਰਤ ਵੱਲੋਂ ਹਮਲਿਆਂ ਦਾ ਮੂੰਹ ਤੋੜ ਜਵਾਬ

ਪਾਕਿਸਤਾਨ ਦੇ ਤਿੰਨ ਫਾਈਟਰ ਜੈੱਟ ਸੁੱਟੇ; ਲਾਹੌਰ ਸਣੇ ਹੋਰ ਕਈ ਥਾਵਾਂ ’ਤੇ ਹਵਾਈ ਰੱਖਿਆ ਪ੍ਰਣਾਲੀ ਤਬਾਹ; ਮੋਗਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ’ਚ ਬਲੈਕਆਊਟ
  • fb
  • twitter
  • whatsapp
  • whatsapp
featured-img featured-img
ਭਾਰਤ ਵੱਲੋਂ ਬੁੱਧਵਾਰ ਨੂੰ ਕੀਤੇ ਹਮਲੇ ’ਚ ਲਾਹੌਰ ਨੇੜੇ ਮੁਰੀਦਕੇ ਵਿੱਚ ਤਬਾਹ ਹੋਈ ਇਮਾਰਤ ਦਾ ਮਲਬਾ। -ਫੋਟੋ: ਰਾਇਟਰਜ਼/ਏਐੱਨਆਈ
Advertisement

ਅਜੈ ਬੈਨਰਜੀ/ਟ੍ਰਿਬਿਊਨ ਨਿਊਜ਼ ਸਰਵਿਸ

Advertisement

ਨਵੀਂ ਦਿੱਲੀ, 8 ਮਈ

ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਅੱਜ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਜੈਸਲਮੇਰ ਵਿੱਚ ਪਾਕਿਸਤਾਨੀ ਹਵਾਈ ਫ਼ੌਜ ਦੇ ਪਾਇਲਟ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਕਾਬੂ ਕਰ ਲਿਆ। ਇਹ ਪਾਕਿਸਤਾਨੀ ਪਾਇਲਟ ਆਪਣੇ ਜੰਗੀ ਜਹਾਜ਼ ’ਚੋਂ ਨਿਕਲਣ ਬਾਅਦ ਭਾਰਤੀ ਸੁਰੱਖਿਆ ਦਸਤਿਆਂ ਦੇ ਕਾਬੂ ਆ ਗਿਆ। ਖ਼ਬਰ ਲਿਖੇ ਜਾਣ ਤੱਕ ਪਾਇਲਟ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਗਈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦੇ ਲੜਾਕੂ ਜਹਾਜ਼ ਤੋਂ ਡਿੱਗਣ ਮਗਰੋਂ ਪਾਇਲਟ ਨੂੰ ਹਿਰਾਸਤ ’ਚ ਲੈ ਲਿਆ ਗਿਆ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਵੱਲੋਂ ਅੱਜ ਰਾਤ ਕੀਤੇ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੰਦਿਆਂ ਸਿਆਲਕੋਟ ਤੇ ਲਾਹੌਰ ’ਚ ਹਵਾਈ ਹਮਲੇ ਕੀਤੇ ਜਿਸ ਦੌਰਾਨ ਇਨ੍ਹਾਂ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ। ਭਾਰਤ ਨੇ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਦੋ ਜੇਐੱਫ-17 ਤੇ ਇੱਕ ਐੱਫ-16 ਲੜਾਕੂ ਜਹਾਜ਼ ਸੁੱਟ ਲਿਆ ਹੈ। ਜੰਮੂ ’ਚ ਕੰਟਰੋਲ ਰੇਖਾ ਨੇੜੇ ਵੀ ਭਾਰਤੀ ਜਵਾਨਾਂ ਵੱਲੋਂ ਪਾਕਿਸਤਾਨੀ ਫੌਜਾਂ ਨੂੰ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਤੇ ਯੂਰਪੀ ਯੂਨੀਅਨ ਦੇ ਉਪ ਮੁਖੀ ਨਾਲ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਹਾਲਾਤ ਬਾਰੇ ਜਾਣਕਾਰੀ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਪਰੇਸ਼ਨ ਸਿੰਧੂਰ ਤੋਂ 24 ਘੰਟਿਆਂ ਬਾਅਦ ਪਾਕਿਸਤਾਨ ਫਿਰੋਜ਼ਪੁਰ, ਪਠਾਨਕੋਟ, ਜੰਮੂ, ਅਖਨੂਰ, ਜੈਸਲਮੇਰ ਸਮੇਤ ਕਈ ਥਾਵਾਂ ’ਤੇ ਕੀਤੇ ਗਏ ਡਰੋਨ ਹਮਲੇੇੇੇ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤੇ ਹਨ। ਪਾਕਿਸਤਾਨ ਦੇ ਹਮਲਿਆਂ ਤੋਂ ਬਾਅਦ ਪੰਜਾਬ ਦੇ ਮੋਗਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਕਈ ਹੋਰ ਇਲਾਕਿਆਂ ਸਮੇਤ ਰਾਜਸਥਾਨ, ਗੁਜਰਾਤ ਤੇ ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਬਲੈਕਆਊਟ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਹਾਲਾਂਕਿ ਇਨ੍ਹਾਂ ਹਮਲਿਆਂ ’ਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਣ ਦੀ ਗੱਲ ਕਹੀ ਹੈ। ਪਾਕਿਸਤਾਨ ਵੱਲੋਂ ਜੰਮੂ ’ਚ ਕੰਟਰੋਲ ਰੇਖਾ ਨੇੜੇ ਲਗਦੇ ਇਲਾਕਿਆਂ ’ਚ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ ਜਿਸ ਦਾ ਭਾਰਤ ਵੱਲੋਂ ਢੁੱਕਵਾਂ ਜਵਾਬ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ। ਭਾਰਤ ਨੇ ਜਵਾਬੀ ਕਾਰਵਾਈ ’ਚ ਲਾਹੌਰ ’ਚ ਇੱਕ ਪਾਕਿਸਤਾਨ ਹਵਾਈ ਰੱਖਿਆ ਪ੍ਰਣਾਲੀ ਤਬਾਹ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਸ਼ਹਿਰ ਵਿਚ ਅੱਜ ਸ਼ਾਮੀਂ 15 ਮਿੰਟਾਂ ਦੇ ਵਕਫ਼ੇ ਵਿਚ ਤਿੰਨ ਵੱਡੇ ਧਮਾਕਿਆਂ ਦੀ ਆਵਾਜ਼ ਸੁਣੇ ਜਾਣ ਮਗਰੋਂ ਸਿਵਲ ਡਿਫੈਂਸ ਡਰਿਲ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਜਵਾਬੀ ਉਪਾਅ ਵਜੋਂ ਪੂਰੇ ਸ਼ਹਿਰ ਵਿਚ ਬਲੈਕਆਊਟ ਹੋ ਗਿਆ ਹੈ। ਗ੍ਰੇਟਰ ਕੈਲਾਸ਼, ਆਰਐੱਸ ਪੋਰਾ, ਛਨੀ ਹਿੰਮਤ ਦੇ ਵਸਨੀਕਾਂ ਨੇ ਸ਼ਹਿਰੀ ਖੇਤਰਾਂ ਅਤੇ ਇਸ ਦੇ ਆਲੇ-ਦੁਆਲੇ ਵੱਡੇ ਧਮਾਕੇ ਸੁਣਨ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਹਵਾ ਵਿੱਚ ਕਈ ਲਾਲ ਗੋਲੇ ਦੇਖੇ ਗਏ ਹਨ। ਇਸ ਦੌਰਾਨ ਭਾਰਤੀ ਫੌਜ ਨੇ ਸੁੰਜਵਾਂ ਫੌਜੀ ਅੱਡੇ ਨੇੜੇ ਵੀ ਪਾਕਿਸਤਾਨੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕੀਤਾ ਹੈ। ਦੇਰ ਰਾਤ ਪਾਕਿਸਤਾਨ ਵੱਲੋਂ ਜੰਮੂ ਹਵਾਈ ਪੱਟੀ ਤੇ ਜੰਮੂ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾ ਕੇ ਵੀ ਗੋਲੇ ਦਾਗੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਜੰਮੂ ਯੂਨੀਵਰਸਿਟੀ ਨੇੜੇ ਘੱਟੋ ਘੱਟ ਦੋ ਡਰੋਨ ਹੇਠਾਂ ਸੁੱਟ ਲਏ ਗਏ ਹਨ। ਪਾਕਿਸਤਾਨ ਦੇ ਹਮਲਿਆਂ ਤੋਂ ਬਾਅਦ ਜੰਮੂ, ਊਧਮਪੁਰ, ਮਾਤਾ ਵੈਸ਼ਨੋ ਦੇਵੀ ਮੰਦਰ ’ਚ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਦੇ ਫਿਰੋਜ਼ਪੁਰ ਤੇ ਰਾਜਸਥਾਨ ਤੇ ਜੈਸਲਮੇਰ ’ਚ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ ਜਿਸ ਮਗਰੋਂ ਪੰਜਾਬ, ਰਾਜਸਥਾਨ, ਗੁਜਰਾਤ ਦੇ ਸਰਹੱਦੀ ਜ਼ਿਲ੍ਹਿਆਂ ’ਚ ਬਲੈਕਆਊਟ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ’ਚ ਸਾਰੇ ਸਕੂਲ ਬੰਦ ਰਹੇ। ਇਨ੍ਹਾਂ ਜ਼ਿਲ੍ਹਿਆਂ ’ਚ ਸਾਰੇ ਜਨਤਕ ਪ੍ਰੋਗਰਾਮ ਤੇ ਇਕੱਠ ਰੱਦ ਕਰ ਦਿੱਤੇ ਗਏ। ਇਸੇ ਤਰ੍ਹਾਂ ਰਾਜਸਥਾਨ ਦੇ ਸਾਰੇ ਸਕੂਲ, ਆਂਗਣਵਾੜੀ ਕੇਂਦਰ ਤੇ ਕੋਚਿੰਗ ਸੈਂਟਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਜੋਧਪੁਰ, ਬੀਕਾਨੇਰ ਤੇ ਸ੍ਰੀ ਗੰਗਾਨਗਰ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ।

ਸਰਹੱਦ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਪਾਕਿਸਤਾਨੀ ਹਲਾਕ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਇੱਥੋਂ ਦੇ ਮਮਦੋਟ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਅੱਜ ਤੜਕੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ। ਇਹ ਘਟਨਾ ਬੀਐੱਸਐੱਫ ਦੀ ਲੱਖਾ ਸਿੰਘ ਵਾਲਾ ਚੌਕੀ ਨੇੜੇ ਉਸ ਵੇਲੇ ਵਾਪਰੀ ਜਦੋਂ ਤੜਕੇ ਢਾਈ ਵਜੇ ਸਰਹੱਦ ’ਤੇ ਗਸ਼ਤ ਕਰ ਰਹੇ ਜਵਾਨਾਂ ਨੇ ਪਾਕਿਸਤਾਨੀ ਖੇਤਰ ਤੋਂ ਭਾਰਤੀ ਸੀਮਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਘੁਸਪੈਠੀਏ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕਿਆ। ਇਸ ਉਪਰੰਤ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ, ਤਲਾਸ਼ੀ ਉਪਰੰਤ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ।

ਭਾਰਤ-ਪਾਕਿ ਦੀ ਮਦਦ ਲਈ ਤਿਆਰ ਹਾਂ: ਟਰੰਪ

ਨਿਊਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਭਾਰਤ ਤੇ ਪਾਕਿਸਤਾਨ ‘ਇੱਟ ਦਾ ਜਵਾਬ ਪੱਥਰ ਨਾਲ ਦੇਣ’ ਵਾਲੀਆਂ ਕਾਰਵਾਈਆਂ ਬੰਦ ਕਰਨ। ਉਨ੍ਹਾਂ ਕਿਹਾ ਕਿ ਜੇ ਉਹ ‘ਮਦਦ’ ਲਈ ਕੁਝ ਕਰ ਸਕਦੇ ਹਨ ਤਾਂ ਉਹ ਇਸ ਲਈ ਤਿਆਰ ਹਨ। ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਦੇ ਹਾਲਾਤ ਬਾਰੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਇਹ ਬਹੁਤ ਭਿਆਨਕ ਹੈ। ਮੇਰੀ ਸਥਿਤੀ ਇਹ ਹੈ ਕਿ ਮੈਂ ਦੋਵਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ। ਮੈਂ ਦੋਵਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਇਹ ਮਸਲਾ ਹੱਲ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਰੁਕਦੇ ਹੋਏ ਦੇਖਣਾ ਚਾਹੁੰਦਾ ਹਾਂ ਅਤੇ ਉਮੀਦ ਹੈ ਕਿ ਉਹ ਹੁਣ ਰੁਕ ਸਕਦੇ ਹਨ। -ਪੀਟੀਆਈ

ਸੰਯੁਕਤ ਰਾਸ਼ਟਰ ਵੱਲੋਂ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਅਪੀਲ

ਸੰਯੁਕਤ ਰਾਸ਼ਟਰ: ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੀ ਦੁਸ਼ਮਣੀ ਤੋਂ ਫਿਕਰਮੰਦ ਸੰਯੁਕਤ ਰਾਸ਼ਟਰ ਆਮ ਸਭਾ (ਯੂਐੱਨਜੀਏ) ਦੇ ਮੁਖੀ ਫਿਲੇਮੋਨ ਯਾਂਗ ਨੇ ਅੱਜ ਦੋਵਾਂ ਮੁਲਕਾਂ ਨੂੰ ਸੰਜਮ ਵਰਤਣ ਤੇ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਆਮ ਸਭਾ ਦੇ ਮੁਖੀ ਯਾਂਗ ਨੇ ਸਥਾਈ ਸ਼ਾਂਤੀ ਲਈ ‘ਸੰਯੁਕਤ ਰਾਸ਼ਟਰ ਚਾਰਟਰ ਤੇ ਕੌਮਾਂਤਰੀ ਕਾਨੂੰਨ ਅਨੁਸਾਰ’ ਸੰਵਾਦ ਤੇ ਕੂਟਨੀਤਕ ਹੱਲ ਦੀ ਵੀ ਵਕਾਲਤ ਕੀਤੀ। ਯਾਂਗ ਨੇ ਐੱਕਸ ’ਤੇ ਲਿਖਿਆ, ‘ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੀ ਦੁਸ਼ਮਣੀ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ। ਮੈਂ ਦੋਵਾਂ ਧਿਰਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਤੇ ਤੁਰੰਤ ਤਣਾਅ ਘਟਾਉਣ ਦੀ ਅਪੀਲ ਕਰਦਾ ਹਾਂ।’ -ਪੀਟੀਆਈ

ਸਰਕਾਰ ਵੱਲੋਂ ਓਟੀਟੀ ਪਲੈਟਫਾਰਮਾਂ ਨੂੰ ਪਾਕਿ ਸਮੱਗਰੀ ਰੋਕਣ ਦੀ ਸਲਾਹ

ਨਵੀਂ ਦਿੱਲੀ: ਪਾਕਿਸਤਾਨ ਨਾਲ ਵਧਦੇ ਤਣਾਅ ਦੌਰਾਨ ਸਰਕਾਰ ਨੇ ਓਟੀਟੀ ਪਲੈਟਫਾਰਮਾਂ ਤੇ ਸੋਸ਼ਲ ਮੀਡੀਆ ਨੂੰ ਵੈੱਬਸੀਰੀਜ਼, ਫਿਲਮਾਂ ਤੇ ਪੌਡਕਾਸਟ ਸਣੇ ਪਾਕਿਸਤਾਨ ’ਚ ਤਿਆਰ ਸਮੱਗਰੀ ਦੀ ਭਾਰਤ ਵਿੱਚ ਸਟਰੀਮਿੰਗ ਤੁਰੰਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਇਹ ਐਡਵਾਈਜ਼ਰੀ ਪਹਿਲਗਾਮ ਦਹਿਸ਼ਤੀ ਦੇ ਬਦਲੇ ਵਜੋਂ ਭਾਰਤੀ ਫੌਜਾਂ ਵੱਲੋਂ ਪਾਕਿਸਤਾਨ ’ਚ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਜਾਰੀ ਕੀਤੀ ਹੈ। ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ’ਚ ਕਿਹਾ ਗਿਆ, ‘‘ਕੌਮੀ ਸੁਰੱਖਿਆ ਦੇ ਹਿੱਤ ’ਚ ਭਾਰਤ ’ਚ ਚੱਲਦੇ ਸਾਰੇ ਓਟੀਟੀ ਪਲੈਟਫਾਰਮਾਂ ਤੇ ਮੀਡੀਆ ਸਟਰੀਮਿੰਗ ਪਲੈਟਫਾਰਮਾਂ ਆਦਿ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਾਕਿਸਤਾਨੀ ਵੈੱਬ ਸੀਰੀਜ਼, ਫ਼ਿਲਮਾਂ, ਗੀਤ, ਪੌਡਕਾਸਟ ਤੇ ਹੋਰ ਸਟਰੀਮਿੰਗ ਮੀਡੀਆ ਸਮੱਗਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦੇਣ।’

Advertisement
×