ਮੁੰਬਈ: ਬਿਰਧ ਔਰਤ ਨਾਲ 7.88 ਕਰੋੜ ਦੀ ਸਾਈਬਰ ਠੱਗੀ
ਮੁੰਬਈ ਦੀ ਇੱਕ 62 ਸਾਲਾ ਔਰਤ ਨੂੰ ਸਾਈਬਰ ਧੋਖੇਬਾਜ਼ਾਂ ਨੇ ਸ਼ੇਅਰ ਮਾਰਕੀਟ ਵਿੱਚ ਉੱਚ ਰਿਟਰਨ ਲਈ ਨਿਵੇਸ਼ ਕਰਨ ਦਾ ਲਾਲਚ ਦੇ ਕੇ ਕਥਿਤ ਤੌਰ ’ਤੇ 7.88 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪੱਛਮੀ ਖੇਤਰ ਸਾਈਬਰ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਧੋਖੇਬਾਜ਼ਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਬਾਂਦਰਾ ਖੇਤਰ ਦੀ ਵਸਨੀਕ ਔਰਤ ਨੂੰ ਧੋਖਾ ਦੇਣ ਲਈ ਇੱਕ ਨਾਮੀ ਵਿੱਤੀ ਸੇਵਾਵਾਂ ਕੰਪਨੀ ਦੇ ਨੁਮਾਇੰਦਿਆਂ ਵਜੋਂ ਪੇਸ਼ ਕੀਤਾ।
ਪੀੜਤ ਨੇ ਆਪਣੀ ਪੁਲੀਸ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਪਹਿਲਾਂ ਇੱਕ ਅਣਜਾਣ ਨੰਬਰ ਤੋਂ ਵਟਸਐਪ ’ਤੇ ਇੱਕ ਸੁਨੇਹਾ ਮਿਲਿਆ ਸੀ। ਭੇਜਣ ਵਾਲੇ ਨੇ ਇੱਕ ਔਰਤ ਵਜੋਂ ਆਪਣੀ ਪਛਾਣ ਕਰਾਉਂਦੇ ਹੋਏ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਦੀ ਸਹਾਇਕ ਹੋਣ ਦਾ ਦਾਅਵਾ ਕੀਤਾ ਅਤੇ ਸਟਾਕ ਨਿਵੇਸ਼ਾਂ ਬਾਰੇ ਗੱਲਬਾਤ ਸ਼ੁਰੂ ਕੀਤੀ।
ਪੀੜਤ ਨੂੰ ਫਿਰ ਕੰਪਨੀ ਦੇ ਅਧਿਕਾਰੀ ਦਾ ਸੰਪਰਕ ਨੰਬਰ ਅਤੇ ਇੱਕ ਵੈੱਬਸਾਈਟ ਦਾ ਲਿੰਕ ਪ੍ਰਦਾਨ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਉਸਨੂੰ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਅਤੇ ਇੱਕ ਹੋਰ ਵਿਅਕਤੀ ਨਾਲ ਜਾਣ-ਪਛਾਣ ਕਰਵਾਈ ਗਈ, ਜਿਸ ਨੇ ਵਿੱਤ ਕੰਪਨੀ ਨਾਲ ਜੁੜੇ ਹੋਣ ਦਾ ਦਾਅਵਾ ਵੀ ਕੀਤਾ।
ਪੁਲੀਸ ਨੇ ਦੱਸਿਆ ਕਿ ਔਰਤ ਦੇ ਕਹਿਣ ’ਤੇ ਪੀੜਤ ਨੇ ਸਮੇਂ-ਸਮੇਂ ’ਤੇ ਕੁੱਲ 7,88,87,000 ਰੁਪਏ ਕਈ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ। ਜਦੋਂ ਉਸਨੇ ਆਪਣੇ ਫੰਡ ਕਢਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਰਕਮ ਦਾ ਵਾਧੂ 10 ਫੀਸਦੀ ਜਮ੍ਹਾਂ ਕਰਾਉਣ ਲਈ ਕਿਹਾ ਗਿਆ। ਬਾਅਦ ਵਿਚ ਕੁਝ ਗੜਬੜ ਮਹਿਸੂਸ ਕਰਦੇ ਹੋਏ ਔਰਤ ਨੇ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਜਿਸ ਤੋਂ ਉਸ ਨੂੰ ਧੋਖਾਧੜੀ ਬਾਰੇ ਪਤਾ ਲੱਗਾ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।