ਇੰਡੋਨੇਸ਼ੀਆ ਦੇ ਮਾਉਂਟ ਲੇਵੋਟੋਬੀ ਲਾਕੀ ਲਾਕੀ ਜਵਾਲਾਮੁਖੀ ਦੇ ਫਟਣ ਨਾਲ 11 ਮੀਲ ਤੱਕ ਫੈਲੀ ਸੁਆਹ
ਜਕਾਰਤਾ, 7 ਜੁਲਾਈ
ਇੰਡੋਨੇਸ਼ੀਆ ਦਾ ਜਬਰਦਸਤ ਮਾਉਂਟ ਲੇਵੋਟੋਬੀ ਲਾਕੀ ਲਾਕੀ ਜਵਾਲਾਮੁਖੀ ਸੋਮਵਾਰ ਨੂੰ ਫਟ ਗਿਆ, ਜਿਸ ਨਾਲ ਜਵਾਲਾਮੁਖੀ ਦੀ ਸਮੱਗਰੀ ਦਾ ਇੱਕ ਥੰਮ 18 ਕਿਲੋਮੀਟਰ ਉੱਚਾ ਅਸਮਾਨ ਵਿੱਚ ਚਲਾ ਗਿਆ ਅਤੇ ਆਸ ਪਾਸ ਦੇ ਪਿੰਡਾਂ ’ਤੇ ਸੁਆਹ ਡਿੱਗਣ ਲੱਗੀ। ਜਵਾਲਾਮੁਖੀ ਪਿਛਲੇ ਮਹੀਨੇ ਤੋਂ ਹਾਈ ਅਲਰਟ ’ਤੇ ਸੀ। ਤੁਰੰਤ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਇੰਡੋਨੇਸ਼ੀਆ ਦੀ ਭੂ-ਵਿਗਿਆਨ ਏਜੰਸੀ ਨੇ ਜਵਾਲਾਮੁਖੀ ਦੀਆਂ ਢਲਾਣਾਂ ਤੋਂ 5 ਕਿਲੋਮੀਟਰ ਤੱਕ ਦੀ ਦੂਰੀ ’ਤੇ ਪੱਥਰਾਂ ਅਤੇ ਲਾਵੇ ਨਾਲ ਮਿਲੇ ਗਰਮ ਗੈਸ ਦੇ ਬੱਦਲਾਂ ਦੇ ਵਹਾਅ ਨੂੰ ਰਿਕਾਰਡ ਕੀਤਾ। ਡਰੋਨਾਂ ਰਾਹੀਂ ਲਈਆਂ ਗਈਆਂ ਤਸਵੀਰਾਂ ਵਿਚ ਲਾਵਾ ਭਰਿਆ ਦਿਖਾਇਆ ਗਿਆ ਹੈ। ਜਿਸ ਨੇ ਮੈਗਮਾ ਦੀ ਡੂੰਘੀ ਗਤੀ ਦਾ ਸੰਕੇਤ ਦਿੱਤਾ ਅਤੇ ਇਸ ਕਾਰਨ ਜਵਾਲਾਮੁਖੀ ਭੂਚਾਲ ਵੀ ਆਏ।
ਭੂ-ਵਿਗਿਆਨ ਏਜੰਸੀ ਦੇ ਮੁਖੀ ਮੁਹੰਮਦ ਵਾਫਿਦ ਨੇ ਕਿਹਾ, ‘‘ਇਸ ਆਕਾਰ ਦਾ ਫਟਣਾ ਯਕੀਨੀ ਤੌਰ ’ਤੇ ਖ਼ਤਰੇ ਦੀ ਵੱਧ ਸੰਭਾਵਨਾ ਰੱਖਦਾ ਹੈ, ਜਿਸ ਵਿੱਚ ਹਵਾਬਾਜ਼ੀ ’ਤੇ ਇਸਦਾ ਪ੍ਰਭਾਵ ਵੀ ਸ਼ਾਮਲ ਹੈ।’’ ਜਵਾਲਾਮੁਖੀ ਨਿਗਰਾਨੀ ਏਜੰਸੀ ਨੇ 18 ਜੂਨ ਨੂੰ ਮਾਉਂਟ ਲੇਵੋਟੋਬੀ ਲਾਕੀ ਲਾਕੀ ਲਈ ਹਾਈ ਅਲਰਟ ਕੀਤਾ ਹੋਇਆ ਸੀ ਅਤੇ ਉਦੋਂ ਤੋਂ 7 ਕਿਲੋਮੀਟਰ ਦੇ ਘੇਰੇ ਨੂੰ ਹੋਰ ਵਧਾ ਦਿੱਤਾ ਸੀ। ਇਸ ਦੇ ਨਾਲ ਹੀ ਇਸ ਖੇਤਰ ਵਿਚ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀ ਸੀ। ਸੋਮਵਾਰ ਨੂੰ ਫਟੇ ਜਵਾਲਾਮੁਖੀ ਇੰਡੋਨੇਸ਼ੀਆ ਦੇ ਸਭ ਤੋਂ ਵੱਡੇ ਧਮਾਕਿਆਂ ਵਿੱਚੋਂ ਇੱਕ ਹੈ। -ਏਪੀ