ਭਾਰਤ ਵੱਲੋਂ ਗਾਜ਼ਾ ’ਚ ਗੋਲੀਬੰਦੀ ਦਾ ਸੱਦਾ
ਭਾਰਤ ਨੇ ਗਾਜ਼ਾ ’ਚ ਜਾਰੀ ਮਾਨਵੀ ਸੰਕਟ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਥੇ ਗੋਲੀਬੰਦੀ ਜ਼ਰੂਰੀ ਹੈ। ਭਾਰਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਚ-ਵਿਚਾਲੇ ਜਿਹੇ ਗੋਲੀਬੰਦੀ ਦੇ ਐਲਾਨ ਖ਼ਿੱਤੇ ਦੇ ਲੋਕਾਂ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਨਾਕਾਫ਼ੀ ਹਨ।
ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਬੁੱਧਵਾਰ ਨੂੰ ਹੋਈ ਖੁੱਲ੍ਹੀ ਚਰਚਾ ਦੌਰਾਨ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਕਿਹਾ ਕਿ ਗਾਜ਼ਾ ਦੇ ਲੋਕ ਰੋਜ਼ਾਨਾ ਭੋਜਨ, ਈਂਧਣ, ਮੈਡੀਕਲ ਸੇਵਾਵਾਂ ਅਤੇ ਸਿੱਖਿਆ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਉਥੇ ਸਥਾਈ ਜੰਗਬੰਦੀ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਸਬੰਧ ’ਚ ਭਾਰਤ ਦੇ ਰੁਖ਼ ਨੂੰ ਦੁਹਰਾਉਂਦਿਆਂ ਕਿਹਾ ਕਿ ਮੌਜੂਦਾ ਮਾਨਵੀ ਦੁੱਖ-ਦਰਦ ਨੂੰ ਹੋਰ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਸ਼ਾਂਤੀ ਦਾ ਕੋਈ ਬਦਲ ਨਹੀਂ ਹੈ। ਗੋਲੀਬੰਦੀ ਤੁਰੰਤ ਹੋਣੀ ਚਾਹੀਦੀ ਹੈ। ਸਾਰੇ ਬੰਦੀਆਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦਾ ਇਕੋ ਇਕ ਜਾਇਜ਼ ਰਾਹ ਸੰਵਾਦ ਅਤੇ ਕੂਟਨੀਤੀ ਹੈ।’’ ਹਰੀਸ਼ ਨੇ ਉਮੀਦ ਜਤਾਈ ਕਿ ਇਜ਼ਰਾਈਲ-ਫਲਸਤੀਨ ਜੰਗ ਬਾਰੇ ਆਉਂਦੀ ਸੰਯੁਕਤ ਰਾਸ਼ਟਰ ਕਾਨਫਰੰਸ ਦੋ-ਮੁਲਕੀ ਹੱਲ ਦੀ ਦਿਸ਼ਾ ਵੱਲ ਪੁਖ਼ਤਾ ਕਦਮ ਚੁੱਕਣ ਦਾ ਰਾਹ ਪੱਧਰਾ ਕਰੇਗੀ।
ਗਾਜ਼ਾ ’ਤੇ ਸਰਕਾਰ ਦੀ ਖਾਮੋਸ਼ੀ ਨਿੰਦਣਯੋਗ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਮੋਦੀ ਸਰਕਾਰ ਗਾਜ਼ਾ ਦੇ ਹਾਲਾਤ ਨੂੰ ਲੈ ਕੇ ਖਾਮੋਸ਼ ਹੈ ਤਾਂ ਜੋ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਰਾਜ਼ ਨਾ ਹੋ ਜਾਣ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਸਰਕਾਰ ਨੇ ਕਦੇ ਵੀ ਇੰਨੀ ‘ਨੈਤਿਕ ਕਾਇਰਤਾ’ ਨਹੀਂ ਦਿਖਾਈ ਸੀ। ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ, ‘‘ਗਾਜ਼ਾ ’ਚ ਫਲਸਤੀਨੀ ਲੋਕਾਂ ’ਤੇ ਇਜ਼ਰਾਇਲੀ ਅਧਿਕਾਰੀਆਂ ਵੱਲੋਂ ਭਿਆਨਕ ਜ਼ੁਲਮ ਲਗਾਤਾਰ ਜਾਰੀ ਹਨ। ਮਾਨਵੀ ਸਹਾਇਤਾ ਲੈਣ ਜਾ ਰਹੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਭੁੱਖੇ ਰੱਖਿਆ ਜਾ ਰਿਹਾ ਹੈ।