ਹਿਮਾਚਲ ਹੜ੍ਹ: ਮੌਤਾਂ ਦੀ ਗਿਣਤੀ ਵਧ ਕੇ ਚਾਰ, 7 ਦੀ ਭਾਲ ਜਾਰੀ
ਸ਼ਿਮਲਾ/ਧਰਮਸ਼ਾਲਾ, 26 ਜੂਨ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਹੜ੍ਹ ਦੀ ਮਾਰ ਹੇਠ ਆਏ ਹਾਈਡਰੋ ਪ੍ਰਾਜੈਕਟ ਤੋਂ ਦੋ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਕਾਂਗੜਾ ਦੀ ਵਧੀਕ ਡਿਪਟੀ ਮੈਜਿਸਟਰੇਟ ਸ਼ਿਲਪਾ ਬੇਕਤਾ ਨੇ ਕਿਹਾ ਕਿ ਸੱਤ ਹੋਰ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ। ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ’ਚ ਬੁੱਧਵਾਰ ਨੂੰ ਬੱਦਲ ਫਟਣ ਮਗਰੋਂ ਅਚਾਨਕ ਆਏ ਹੜ੍ਹਾਂ ਕਾਰਨ ਕਾਫੀ ਤਬਾਹੀ ਮਚੀ ਹੈ। ਮੋਹਲੇਧਾਰ ਮੀਂਹ ਨੇ ਕੁੱਲੂ ’ਚ ਬੰਜਾਰ ਵਿਧਾਨ ਸਭਾ ਹਲਕੇ ਤਹਿਤ ਪੈਂਦੇ ਸੈਂਜ, ਗੜਸਾ ਅਤੇ ਹੋਰਨਾਗੜ੍ਹ ਇਲਾਕਿਆਂ ’ਚ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਚੰਬਾ ਜ਼ਿਲ੍ਹੇ ਦੇ ਲਵਲੀ, ਜਿਸ ਨੂੰ ਪ੍ਰਾਜੈਕਟ ਨੇੜਲੇ ਜੰਗਲ ’ਚੋਂ ਬਚਾਇਆ ਗਿਆ ਹੈ, ਨੇ ਕਿਹਾ ਕਿ ਕੈਂਪ ’ਚ 13 ਵਿਅਕਤੀ ਸਨ ਜਿਨ੍ਹਾਂ ’ਚੋਂ ਪੰਜ ਭੱਜ ਕੇ ਪਹਾੜੀਆਂ ਵੱਲ ਚਲੇ ਗਏ ਸਨ ਜਦਕਿ ਬਾਕੀ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਏ ਸਨ। ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੇ ਕਮਾਂਡੈਂਟ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਭਾਲ ਕਰ ਰਹੇ ਹਨ। ਕੁੱਲੂ ਜ਼ਿਲ੍ਹੇ ਦੇ ਰੇਹਲਾ ਬਿਹਲਾ ’ਚ ਵੀ ਤਿੰਨ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਧਰ ਜਾਨ ਗੁਆਉਣ ਵਾਲੇ ਵਰਕਰਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ, ‘‘ਮੁਸ਼ਕਲ ਦੀ ਇਸ ਘੜੀ ’ਚ ਭਾਜਪਾ ਦਾ ਹਰੇਕ ਕਾਰਕੁਨ ਦੇਵਭੂਮੀ ਦੇ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਸਮਰਪਿਤ ਹੈ।’’ ਧਰਮਸ਼ਾਲਾ ਤੋਂ ਭਾਜਪਾ ਵਿਧਾਇਕ ਸੁਧੀਰ ਸ਼ਰਮਾ, ਜੋ ਅੱਜ ਘਟਨਾ ਵਾਲੀ ਥਾਂ ’ਤੇ ਪੁੱਜੇ, ਨੇ ਕਿਹਾ ਕਿ ਉਨ੍ਹਾਂ ਨੂੰ 15 ਤੋਂ 20 ਵਿਅਕਤੀਆਂ ਦੇ ਰੁੜ੍ਹ ਜਾਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਕਿਹਾ ਕਿ ਮਜ਼ਦੂਰ ਨਦੀ ਦੇ ਨੇੜੇ ਹੀ ਇਕ ਥਾਂ ’ਤੇ ਰਹਿ ਰਹੇ ਸਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਨਹੀਂ ਪਹੁੰਚਾਇਆ ਗਿਆ ਤੇ ਇਸ ਅਣਗਹਿਲੀ ਦੀ ਜਾਂਚ ਹੋਣੀ ਚਾਹੀਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪ੍ਰਾਜੈਕਟ ਵਾਲੀ ਥਾਂ ’ਤੇ ਕਰੀਬ 250 ਤੋਂ 275 ਵਰਕਰ ਮੌਜੂਦ ਸਨ ਅਤੇ ਸਾਰਿਆਂ ਨੂੰ ਖਨਿਆਰਾ ’ਚ ਅੰਬੇਡਕਰ ਭਵਨ ’ਚ ਆਰਜ਼ੀ ਟਿਕਾਣੇ ’ਤੇ ਪਹੁੰਚਾਇਆ ਗਿਆ ਹੈ। -ਪੀਟੀਆਈ