ਹਮਾਸ ਨੇ ਦੋ ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ ਸੌਂਪੀਆਂ
Hamas hands over bodies of two Israeli hostages ਫਲਸਤੀਨੀ ਦਹਿਸ਼ਤੀ ਸਮੂਹ ਹਮਾਸ ਨੇ ਅੱਜ ਇਜ਼ਰਾਈਲ ਨੂੰ ਦੋ ਇਜ਼ਰਾਈਲੀ ਬੰਦੀਆਂ ਦੀਆਂ ਲਾਸ਼ਾਂ ਸੌਂਪੀਆਂ। ਇਸ ਤੋਂ ਇਕ ਦਿਨ ਪਹਿਲਾਂ ਇਜ਼ਰਾਈਲ ਨੇ ਜੰਗਬੰਦੀ ਨੂੰ ਪਾਸੇ ਛੱਡਦਿਆਂ ਗਾਜ਼ਾ ’ਤੇ ਵੱਡੇ ਪੱਧਰ ’ਤੇ ਬੰਬਾਰੀ ਕੀਤੀ ਸੀ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਦੋਵੇਂ ਲਾਸ਼ਾਂ ਇਜ਼ਰਾਈਲੀ ਬਲਾਂ ਨੂੰ ਗਾਜ਼ਾ ਵਿੱਚ ਰੈੱਡ ਕਰਾਸ ਰਾਹੀਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਨੂੰ ਪਛਾਣ ਲਈ ਇਜ਼ਰਾਈਲ ਵਿੱਚ ਭੇਜਿਆ ਜਾਵੇਗਾ।
ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਯੁੱਧ ਸਮੇਂ ਦੇ ਨਜ਼ਰਬੰਦਾਂ ਦੇ ਬਦਲੇ ਸਾਰੇ ਜ਼ਿੰਦਾ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਹੈ ਤੇ ਇਸ ਦੇ ਬਦਲੇ ਇਜ਼ਰਾਈਲ ਨੇ ਲਗਪਗ 2,000 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਆਪਣੀਆਂ ਫੌਜਾਂ ਨੂੰ ਵਾਪਸ ਸੱਦ ਲਿਆ ਹੈ। ਹਮਾਸ 360 ਫਲਸਤੀਨੀ ਦਹਿਸ਼ਤਗਰਦਾਂ ਬਦਲੇ 28 ਮ੍ਰਿਤਕ ਬੰਦੀਆਂ ਦੀਆਂ ਲਾਸ਼ਾਂ ਸੌਂਪਣ ਲਈ ਵੀ ਸਹਿਮਤ ਹੋ ਗਿਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਗਾਜ਼ਾ ਵਿੱਚ ਹਾਲੇ ਵੀ ਬੰਦੀਆਂ ਦੀਆਂ ਬਾਕੀ ਲਾਸ਼ਾਂ ਸੌਂਪਣ ਦਾ ਕੰਮ ਬਹੁਤ ਹੌਲੀ ਰਫਤਾਰ ਨਾਲ ਕਰ ਰਿਹਾ ਹੈ। ਦੂਜੇ ਪਾਸੇ ਹਮਾਸ ਦਾ ਕਹਿਣਾ ਹੈ ਕਿ ਇਸ ਨੂੰ ਲਾਸ਼ਾਂ ਲੱਭਣ ਵਿੱਚ ਸਮਾਂ ਲੱਗੇਗਾ। ਰਾਇਟਰਜ਼
