India vs Australia Women World cup: ਫਾਈਨਲ ਵਿਚ ਪੁੱਜਾ ਭਾਰਤ; ਦੱਖਣੀ ਅਫਰੀਕਾ ਨਾਲ 2 ਨਵੰਬਰ ਨੂੰ ਹੋਵੇਗੀ ਖਿਤਾਬੀ ਟੱਕਰ
ਸੱਤ ਵਾਰ ਦੀ ਚੈਂਪੀਅਨ ਆਸਟਰੇਲੀਅਨ ਟੀਮ ਨੂੰ ਪੰਜ ਵਿਕਟਾਂ ਨਾਲ ਹਰਾਇਆ; ਜੇਮੀਮਾ ਰੌਡਰਿੰਗਜ਼ ਨੇ ਨਾਬਾਦ 127 ਦੌੜਾਂ ਤੇ ਕਪਤਾਨ ਹਰਮਨਪ੍ਰੀਤ ਨੇ 89 ਦੌੜਾਂ ਦੀ ਪਾਰੀ ਖੇਡੀ
ਇਸ ਤੋਂ ਪਹਿਲਾਂ ਓਪਨਰ ਫੋਬ ਲਿਚਫੀਲਡ ਦੇ ਸੈਂਕੜੇ ਅਤੇ ਆਲਰਾਊਂਡਰ ਐਸ਼ਲੇ ਗਾਰਡਨਰ ਅਤੇ ਐਲਿਸ ਪੈਰੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਭਾਰਤ ਵਿਰੁੱਧ ਆਪਣੇ ਆਈਸੀਸੀ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲੇ ਵਿਚ 49.5 ਓਵਰਾਂ ਵਿੱਚ 338 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 339 ਦੌੜਾਂ ਦਾ ਟੀਚਾ ਦਿੱਤਾ। ਇਹ ਮਹਿਲਾ ਵਿਸ਼ਵ ਕੱਪ ਨਾਕਆਊਟ ਮੈਚ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 2022 ਦੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ ਆਸਟਰੇਲੀਆ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 356 ਦੌੜਾਂ ਬਣਾਈਆਂ ਸਨ। ਨਵੀਂ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਪਾਰੀ ਦੀ ਮੁੱਖ ਖਿੱਚ ਫੋਬ ਲਿਚਫੀਲਡ ਦਾ ਪ੍ਰਦਰਸ਼ਨ ਰਿਹਾ, ਜਿਸ ਨੇ 93 ਗੇਂਦਾਂ ’ਤੇ ਸ਼ਾਨਦਾਰ 119 ਦੌੜਾਂ ਬਣਾਈਆਂ। ਹਾਲਾਂਕਿ ਲਿਚਫੀਲਡ ਨੇ 27ਵੇਂ ਓਵਰ ਵਿੱਚ ਅਮਨਜੋਤ ਕੌਰ ਦੀ ਗੇਂਦ ’ਤੇ ਆਪਣੀ ਵਿਕਟ ਗਵਾ ਦਿੱਤੀ। ਜਿਸ ਤੋਂ ਬਾਅਦ ਭਾਰਤੀ ਖੇਮੇ ਨੂੰ ਵੱਡੀ ਰਾਹਤ ਮਿਲੀ।

