ਭਾਰਤ ਨਾਲ ਅੰਤਰਿਮ ਵਪਾਰ ਸਮਝੌਤੇ ਬਾਰੇ ਗੇਂਦ ਅਮਰੀਕਾ ਦੇ ਪਾਲੇ ’ਚ
ਨਵੀਂ ਦਿੱਲੀ, 6 ਜੁਲਾਈਭਾਰਤ ਨਾਲ ਪ੍ਰਸਤਾਵਿਤ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੇਂਦ ਹੁਣ ਅਮਰੀਕਾ ਦੇ ਪਾਲੇ ’ਚ ਹੈ। ਉਂਝ ਭਾਰਤ ਨੇ ਖੇਤੀਬਾੜੀ ਅਤੇ ਡੇਅਰੀ ਸੈਕਟਰ ’ਚ ਟੈਕਸਾਂ ਦੇ ਮੁੱਦੇ ’ਤੇ ਆਪਣੇ ਇਤਰਾਜ਼ ਜਤਾਏ ਹਨ। ਸਟੀਲ, ਐਲੂਮੀਨੀਅਮ ਅਤੇ ਆਟੋ ਸੈਕਟਰ ’ਤੇ ਟੈਕਸਾਂ ਨੂੰ ਲੈ ਕੇ ਵੀ ਦੋਵੇਂ ਮੁਲਕਾਂ ਵਿਚਕਾਰ ਮਤਭੇਦ ਹਨ। ਸੂਤਰਾਂ ਨੇ ਕਿਹਾ ਕਿ ਜੇ ਮੁੱਦੇ ਸੁਲਝ ਗਏ ਤਾਂ ਅੰਤਰਿਮ ਵਪਾਰ ਸਮਝੌਤੇ ਦਾ ਐਲਾਨ 9 ਜੁਲਾਈ ਤੋਂ ਪਹਿਲਾਂ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਮੇਤ ਕਈ ਮੁਲਕਾਂ ’ਤੇ ਵਾਧੂ ਟੈਕਸ ਵਸੂਲਣ ਦਾ ਐਲਾਨ ਕੀਤਾ ਸੀ ਜਿਸ ’ਤੇ ਬਾਅਦ ’ਚ 90 ਦਿਨਾਂ ਲਈ ਰੋਕ ਲਗਾ ਦਿੱਤੀ ਗਈ ਸੀ ਜਿਸ ਦੀ ਮਿਆਦ 9 ਜੁਲਾਈ ਨੂੰ ਖ਼ਤਮ ਹੋਣ ਵਾਲੀ ਹੈ। ਅਮਰੀਕਾ ਨੇ ਭਾਰਤੀ ਵਸਤਾਂ ’ਤੇ 26 ਫ਼ੀਸਦ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਭਾਰਤ ਚਾਹੁੰਦਾ ਹੈ ਕਿ ਉਸ ਨੂੰ ਇਸ ਟੈਕਸ ਤੋਂ ਮੁਕੰਮਲ ਛੋਟ ਮਿਲੇ। ਇਕ ਸੂਤਰ ਨੇ ਕਿਹਾ ਕਿ ਜੇ ਪ੍ਰਸਤਾਵਿਤ ਵਪਾਰ ਵਾਰਤਾ ਨਾਕਾਮ ਰਹੀ ਤਾਂ 26 ਫ਼ੀਸਦ ਵਾਧੂ ਟੈਕਸ ਮੁੜ ਤੋਂ ਲੱਗ ਜਾਣਗੇ। ਉਂਝ ਅਮਰੀਕਾ ਵੱਲੋਂ 10 ਫ਼ੀਸਦ ਮੂਲ ਟੈਕਸ ਪਹਿਲਾਂ ਹੀ ਵਸੂਲਿਆ ਜਾ ਰਿਹਾ ਹੈ। ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੇ ਪਿਛਲੇ ਹਫ਼ਤੇ ਕਿਹਾ ਹੈ ਕਿ ਭਾਰਤ ਸਮਾਂ-ਸੀਮਾ ਦੇ ਆਧਾਰ ’ਤੇ ਕੋਈ ਵਪਾਰ ਸਮਝੌਤਾ ਨਹੀਂ ਕਰਨਾ ਚਾਹੁੰਦਾ ਹੈ ਅਤੇ ਉਹ ਕੌਮੀ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਹੀ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਨੂੰ ਸਵੀਕਾਰ ਕਰਨਗੇ। ਉਨ੍ਹਾਂ ਕਿਹਾ ਕਿ ਸਮਝੌਤਾ ਤਾਂ ਹੀ ਸੰਭਵ ਹੈ ਜਦੋਂ ਦੋਵੇਂ ਧਿਰਾਂ ਨੂੰ ਉਸ ਦਾ ਲਾਭ ਹੋਵੇ। ਭਾਰਤੀ ਵਫ਼ਦ ਪਿਛਲੇ ਹਫ਼ਤੇ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਵਤਨ ਪਰਤ ਆਇਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਪਹਿਲੇ ਗੇੜ ’ਚ 10-12 ਮੁਲਕਾਂ ਨੂੰ ਪੱਤਰ ਭੇਜੇ ਜਾ ਰਹੇ ਹਨ ਜਿਨ੍ਹਾਂ ’ਚ ਜਵਾਬੀ ਟੈਕਸ ਦਰਾਂ ਬਾਰੇ ਵੇਰਵੇ ਸਾਂਝੇ ਹੋਣਗੇ ਅਤੇ ਸਾਰੀ ਪ੍ਰਕਿਰਿਆ 9 ਜੁਲਾਈ ਤੱਕ ਮੁਕੰਮਲ ਹੋ ਜਾਵੇਗੀ। ਉਂਝ ਉਨ੍ਹਾਂ ਕਿਸੇ ਮੁਲਕ ਦਾ ਨਾਮ ਨਹੀਂ ਲਿਆ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਜਵਾਬੀ ਟੈਕਸ ਪਹਿਲੀ ਅਗਸਤ ਤੋਂ ਲਾਗੂ ਹੋ ਜਾਣਗੇ। -ਪੀਟੀਆਈ