DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਤਰ ’ਚ ਅਮਰੀਕੀ ਅੱਡੇ ’ਤੇ ਹਮਲੇ ਨਾਲ ਅਮਰੀਕਾ ਦੇ ਮੂੰਹ ’ਤੇ ਥੱਪੜ ਮਾਰਿਆ: ਖਮੇਨੀ

ਇਰਾਨ ਦੇ ਸੁਪਰੀਮ ਆਗੂ ਦੀ ਅਮਰੀਕਾ ਨੂੰ ਚਿਤਾਵਨੀ; ਜੰਗਬੰਦੀ ਤੋਂ ਬਾਅਦ ਪਹਿਲਾ ਬਿਆਨ ਆਇਆ
  • fb
  • twitter
  • whatsapp
  • whatsapp
Advertisement

ਦੁਬਈ, 26 ਜੂਨਇਰਾਨ ਦੇ ਸੁਪਰੀਮ ਆਗੂ ਅਯਾਤੁੱਲ੍ਹਾ ਅਲੀ ਖਮੇਨੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਕਤਰ ਵਿੱਚ ਅਮਰੀਕੀ ਅੱਡੇ ’ਤੇ ਹਮਲਾ ਕਰ ਕੇ ਅਮਰੀਕਾ ਦੇ ਮੂੰਹ ’ਤੇ ਥੱਪੜ ਮਾਰਿਆ ਹੈ। ਉਨ੍ਹਾਂ ਇਜ਼ਰਾਈਲ ਨਾਲ 12 ਦਿਨਾਂ ਦੀ ਜੰਗ ਤੋਂ ਬਾਅਦ ਜੰਗਬੰਦੀ ਐਲਾਨੇ ਜਾਣ ਮਗਰੋਂ ਆਪਣੀ ਪਹਿਲੀ ਜਨਤਕ ਟਿੱਪਣੀ ਵਿੱਚ ਅਮਰੀਕਾ ਦੇ ਕਿਸੇ ਵੀ ਹੋਰ ਹਮਲੇ ਵਿਰੁੱਧ ਚਿਤਾਵਨੀ ਦਿੱਤੀ ਹੈ। ਖਮੇਨੀ ਦਾ ਰਿਕਾਰਡ ਕੀਤਾ ਹੋਇਆ ਵੀਡੀਓ ਇਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਇਆ। 19 ਜੂਨ ਤੋਂ ਬਾਅਦ ਉਹ ਪਹਿਲੀ ਵਾਰ ਜਨਤਕ ਤੌਰ ’ਤੇ ਲੋਕਾਂ ਸਾਹਮਣੇ ਆਏ। 86 ਸਾਲਾ ਖਮੇਨੀ ਹਫ਼ਤਾ ਪਹਿਲਾਂ ਨਾਲੋਂ ਵਧੇਰੇ ਥੱਕੇ ਹੋਏ ਲੱਗ ਰਹੇ ਸਨ। ਉਨ੍ਹਾਂ ਦੀ ਆਵਾਜ਼ ਭਾਰੀ ਸੀ ਅਤੇ ਕਈ ਵਾਰ ਉਹ ਆਪਣੇ ਸ਼ਬਦਾਂ ’ਤੇ ਰੁਕ ਰਹੇ ਸਨ। ਸੁਪਰੀਮ ਆਗੂ ਦਾ 10 ਮਿੰਟ ਤੋਂ ਵੱਧ ਸਮੇਂ ਦਾ ਇਹ ਭਾਸ਼ਣ ਅਮਰੀਕਾ ਅਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦੀਆਂ ਚਿਤਾਵਨੀਆਂ ਅਤੇ ਧਮਕੀਆਂ ਨਾਲ ਭਰਪੂਰ ਸੀ। ਉਨ੍ਹਾਂ ਐਤਵਾਰ ਨੂੰ ਅਮਰੀਕਾ ਵੱਲੋਂ ਤਿੰਨ ਇਰਾਨੀ ਪਰਮਾਣੂ ਟਿਕਾਣਿਆਂ ’ਤੇ ਬੰਕਰਾਂ ਨੂੰ ਤਬਾਹ ਕਰਨ ਵਾਲੇ ਬੰਬਾਂ ਅਤੇ ਕਰੂਜ਼ ਮਿਜ਼ਾਈਲਾਂ ਨਾਲ ਕੀਤੇ ਗਏ ਹਮਲਿਆਂ ਨੂੰ ਅਣਗੌਲਿਆਂ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੇ ਕਿਹਾ ਸੀ ਕਿ ਹਮਲੇ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ, ਨੇ ਹਮਲੇ ਦੇ ਪ੍ਰਭਾਵ ਨੂੰ ਵਧਾ-ਚੜ੍ਹਾਅ ਕੇ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ, ‘‘ਉਹ ਕੋਈ ਮਹੱਤਵਪੂਰਨ ਪ੍ਰਾਪਤੀ ਨਹੀਂ ਕਰ ਸਕੇ।’’ ਹਾਲਾਂਕਿ, ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨ ਸੰਸਥਾ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਰਾਫੇਲ ਗਰੌਸੀ ਨੇ ਅੱਜ ਦੁਹਰਾਇਆ ਕਿ ਇਜ਼ਰਾਇਲੀ ਅਤੇ ਅਮਰੀਕੀ ਹਮਲਿਆਂ ਰਾਹੀ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਹੋਇਆ ਨੁਕਸਾਨ ਕਾਫੀ, ਕਾਫੀ ਜ਼ਿਆਦਾ ਹੈ। ਗਰੌਸੀ ਨੇ ਫਰੈਂਚ ਬਰਾਡਕਾਸਟਰ ਆਰਐੱਫਆਈ ਨੂੰ ਦੱਸਿਆ, ‘‘ਮੈਨੂੰ ਲੱਗਦਾ ਹੈ ਕਿ ਨਸ਼ਟ ਕਰ ਦਿੱਤਾ ਗਿਆ ਸ਼ਬਦ ਕਾਫੀ ਜ਼ਿਆਦਾ ਹੈ ਪਰ ਇਸ ਨਾਲ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ।’’ -ਏਪੀ

Advertisement

Advertisement
×