2025 Henley Index: ਪਾਕਿਸਤਾਨੀ ਪਾਸਪੋਰਟ ਸਭ ਤੋਂ ਘੱਟ ਸ਼ਕਤੀਸ਼ਾਲੀ, ਭਾਰਤ 77ਵੇਂ ਸਥਾਨ ’ਤੇ
‘ਡਾਅਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦਾ ਯਾਤਰਾ ਦਸਤਾਵੇਜ਼(ਪਾਸਪੋਰਟ) ਕੌਮਾਂਤਰੀ ਪੱਧਰ ’ਤੇ 'ਸਭ ਤੋਂ ਘੱਟ ਸ਼ਕਤੀਸ਼ਾਲੀ' ਵਜੋਂ ਸੂਚੀਬੱਧ ਹੈ, ਜੋ ਸਿਰਫ 32 ਸਥਾਨਾਂ ’ਤੇ ਵੀਜ਼ਾ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਹੋਰ ਏਸ਼ੀਆਈ ਦੇਸ਼ਾਂ ਦੇ ਪਾਸਪੋਰਟ ਵਿਸ਼ਵ ਭਰ ਵਿੱਚ ਸਭ ਤੋਂ ਮਜ਼ਬੂਤ ਵਜੋਂ ਉੱਭਰੇ ਹਨ।
2025 ਲਈ ਹੈਨਲੇ ਪਾਸਪੋਰਟ ਇੰਡੈਕਸ ਅਨੁਸਾਰ ਪਾਕਿਸਤਾਨ ਵਰਤਮਾਨ ਵਿੱਚ ਸੂਚੀ ਵਿੱਚ 96ਵੇਂ ਸਥਾਨ ’ਤੇ ਹੈ, ਜਿਸ ਨਾਲ ਇਹ ਸੋਮਾਲੀਆ, ਯਮਨ, ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਵਰਗੇ ਸੰਘਰਸ਼ ਪ੍ਰਭਾਵਿਤ ਦੇਸ਼ਾਂ ਤੋਂ ਅੱਗੇ ਹੈ।
ਦੇਸ਼ ਦੀ ਰੈਂਕਿੰਗ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਸਾਲ 2024 ਵਿੱਚ ਪਾਕਿਸਤਾਨੀ ਪਾਸਪੋਰਟ ਲਗਾਤਾਰ ਚੌਥੇ ਸਾਲ ਯਮਨ ਦੇ ਨਾਲ ਵਿਸ਼ਵ ਪੱਧਰ ’ਤੇ ਚੌਥਾ ਸਭ ਤੋਂ ਖਰਾਬ ਦਰਜਾ ਪ੍ਰਾਪਤ ਪਾਸਪੋਰਟ ਸੀ।
ਹੈਨਲੇ ਪਾਸਪੋਰਟ ਇੰਡੈਕਸ 227 ਯਾਤਰਾ ਸਥਾਨਾਂ ਵਿੱਚ 199 ਵੱਖ-ਵੱਖ ਪਾਸਪੋਰਟਾਂ ਦੇ ਵੀਜ਼ਾ-ਮੁਕਤ ਅਧਿਕਾਰਾਂ ਦਾ ਮੁਲਾਂਕਣ ਕਰਦਾ ਹੈ। ਇਹ ਦੇਸ਼ਾਂ ਨੂੰ ਸਥਾਨਾਂ ਦੀ ਸੰਖਿਆ ਦੇ ਅਧਾਰ ’ਤੇ ਦਰਜਾ ਦਿੰਦਾ ਹੈ, ਜਿੱਥੇ ਉਸ ਦੇਸ਼ ਦੇ ਪਾਸਪੋਰਟ ਧਾਰਕ ਬਿਨਾਂ ਪਹਿਲਾਂ ਵੀਜ਼ਾ ਪ੍ਰਾਪਤ ਕੀਤੇ ਯਾਤਰਾ ਕਰ ਸਕਦੇ ਹਨ। 1 ਦਾ ਸਕੋਰ ਉਦੋਂ ਦਿੱਤਾ ਜਾਂਦਾ ਹੈ ਜਦੋਂ ਕਿਸੇ ਵੀਜ਼ੇ ਦੀ ਲੋੜ ਨਹੀਂ ਹੁੰਦੀ, ਨਾਲ ਹੀ ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਵੀਜ਼ਾ ਆਨ ਅਰਾਈਵਲ (VOA), ਇੱਕ ਵਿਜ਼ਟਰ ਪਰਮਿਟ, ਜਾਂ ਇੱਕ ਇਲੈਕਟ੍ਰਾਨਿਕ ਯਾਤਰਾ ਅਥਾਰਟੀ (ETA) ਉਪਲਬਧ ਹੋਵੇ।
ਇਸ ਦੇ ਉਲਟ 0 ਦਾ ਸਕੋਰ ਉਦੋਂ ਨਿਰਧਾਰਤ ਕੀਤਾ ਜਾਂਦਾ ਹੈ ਜਦੋਂ ਵੀਜ਼ੇ ਦੀ ਲੋੜ ਹੁੰਦੀ ਹੈ, ਜਾਂ ਜਦੋਂ ਪਾਸਪੋਰਟ ਧਾਰਕ ਨੂੰ ਯਾਤਰਾ ਤੋਂ ਪਹਿਲਾਂ ਸਰਕਾਰ ਵੱਲੋਂ ਪ੍ਰਵਾਨਿਤ ਇਲੈਕਟ੍ਰਾਨਿਕ ਵੀਜ਼ਾ (ਈ-ਵੀਜ਼ਾ) ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਹੈ। ‘ਡਾਅਨ’ ਦੀ ਰਿਪੋਰਟ ਅਨੁਸਾਰ ਇਹ ਉਨ੍ਹਾਂ ਮਾਮਲਿਆਂ ’ਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਲਈ ਵੀਜ਼ਾ ਆਨ ਅਰਾਈਵਲ ਲਈ ਯਾਤਰਾ ਤੋਂ ਪਹਿਲਾਂ ਸਰਕਾਰੀ ਮਨਜ਼ੂਰੀ ਦੀ ਲੋੜ ਹੁੰਦੀ ਹੈ।
ਇਸ ਰਿਪੋਰਟ ਵਿਚ ਸਿੰਗਾਪੁਰ ਸਿਖਰਲੇ ਸਥਾਨ ’ਤੇ ਹੈ, ਜਪਾਨ ਅਤੇ ਦੱਖਣੀ ਕੋਰੀਆ ਸੂਚਕ ਵਿੱਚ ਦੂਜੇ ਸਥਾਨ ’ਤੇ ਬਰਾਬਰ ਹਨ। ਸੱਤ ਯੂਰਪੀਅਨ ਯੂਨੀਅਨ ਪਾਸਪੋਰਟ ਤੀਜੇ ਸਥਾਨ ’ਤੇ ਹਨ ਜਿਨ੍ਹਾਂ ਵਿਚ ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ ਅਤੇ ਸਪੇਨ ਦੇਸ਼ ਹਨ। ਸੱਤ ਹੋਰ ਯੂਰਪੀਅਨ ਦੇਸ਼ ਆਸਟਰੀਆ, ਬੈਲਜੀਅਮ, ਲਕਸਮਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ ਅਤੇ ਸਵੀਡਨ ਚੌਥੇ ਸਥਾਨ ’ਤੇ ਬਰਾਬਰ ਹਨ। ਇਸ ਦੌਰਾਨ ‘ਡਾਅਨ’ ਦੀ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਗ੍ਰੀਸ ਅਤੇ ਸਵਿਟਜ਼ਰਲੈਂਡ ਦੇ ਨਾਲ ਪੰਜਵੇਂ ਸਥਾਨ 'ਤੇ ਬਰਾਬਰ ਹੈ।
ਉਧਰ ਯੂਕੇ ਅਤੇ ਯੂਐੱਸ ਦੋਵਾਂ ਦੀ ਜਨਵਰੀ ਤੋਂ ਬਾਅਦ ਗਲੋਬਲ ਪਾਸਪੋਰਟ ਰੈਂਕਿੰਗ ਵਿੱਚ ਇੱਕ-ਇੱਕ ਸਥਾਨ ਦੀ ਗਿਰਾਵਟ ਆਈ ਹੈ। ਇਹ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਮੰਨੇ ਜਾਂਦੇ ਸਨ, ਯੂਕੇ, ਜੋ 2015 ਵਿੱਚ ਪਹਿਲੇ ਸਥਾਨ ’ਤੇ ਸੀ ਅਤੇ ਯੂਐਸ ਜੋ 2014 ਵਿੱਚ ਪਹਿਲੇ ਸਥਾਨ ’ਤੇ ਸੀ, ਹੁਣ ‘ਡਾਅਨ’ ਦੀ ਰਿਪੋਰਟ ਅਨੁਸਾਰ ਕ੍ਰਮਵਾਰ 6ਵੇਂ ਅਤੇ 10ਵੇਂ ਸਥਾਨ ’ਤੇ ਹਨ।
ਭਾਰਤ ਨੇ ਪਿਛਲੇ ਛੇ ਮਹੀਨਿਆਂ ਵਿੱਚ ਰੈਂਕਿੰਗ ਵਿੱਚ ਸਭ ਤੋਂ ਮਹੱਤਵਪੂਰਨ ਛਾਲ ਮਾਰੀ ਹੈ, ਜੋ ਕਿ 85ਵੇਂ ਤੋਂ 77ਵੇਂ ਸਥਾਨ ਪਹੁੰਚ ਗਿਆ ਹੈ।