ਮਹਿਲਾ ਇੱਕ ਰੋਜ਼ਾ ਕ੍ਰਿਕਟ ਦਰਜਾਬੰਦੀ ’ਚ ਮੰਧਾਨਾ ਪਹਿਲੇ ਸਥਾਨ ’ਤੇ
ਦੁਬਈ, 17 ਜੂਨ
ਭਾਰਤ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ 2019 ਤੋਂ ਬਾਅਦ ਅੱਜ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ’ਚ ਸਿਖਰਲੇ ਸਥਾਨ ’ਤੇ ਪਹੁੰਚੀ ਹੈ। ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਨੇ ਤਾਜ਼ਾ ਅਪਡੇਟ ਵਿੱਚ 19 ਰੇਟਿੰਗ ਅੰਕ ਗੁਆਏ, ਜਿਸ ਦਾ ਭਾਰਤੀ ਬੱਲੇਬਾਜ਼ ਨੂੰ ਫਾਇਦਾ ਹੋਇਆ। ਮੰਧਾਨਾ ਦੇ ਕੁੱਲ 727 ਰੇਟਿੰਗ ਅੰਕ ਹਨ। ਉਸ ਤੋਂ ਬਾਅਦ ਇੰਗਲੈਂਡ ਦੀ ਕਪਤਾਨ ਨਤਾਲੀ ਸਾਇਵਰ-ਬਰੰਟ 719 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਵੋਲਵਾਰਟ ਹੁਣ 719 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਹੋਰ ਭਾਰਤੀ ਬੱਲੇਬਾਜ਼ਾਂ ਵਿੱਚ ਜੇਮਿਮਾ ਰੌਡਰਿਗਜ਼ ਅਤੇ ਕਪਤਾਨ ਹਰਮਨਪ੍ਰੀਤ ਕੌਰ ਕ੍ਰਮਵਾਰ 14ਵੇਂ ਅਤੇ 15ਵੇਂ ਸਥਾਨ ’ਤੇ ਹਨ। ਇਸ ਮਹੀਨੇ ਦੇ ਅੰਤ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੀ-20 ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੀ ਜਾਵੇਗੀ। ਭਾਰਤੀ ਸਲਾਮੀ ਬੱਲੇਬਾਜ਼ ਹਾਲ ਹੀ ਵਿੱਚ ਸ਼ਾਨਦਾਰ ਲੈਅ ਵਿੱਚ ਹੈ। ਉਸ ਨੇ ਕੋਲੰਬੋ ਵਿੱਚ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਖੇਡੀ ਗਈ ਤਿਕੋਣੀ ਲੜੀ ਦੇ ਫਾਈਨਲ ਵਿੱਚ ਸੈਂਕੜਾ ਜੜਿਆ ਸੀ। -ਪੀਟੀਆਈ