DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੜ੍ਹੇ-ਲਿਖੇ ਸਮਝਦੇ ਕਿਉਂ ਨਹੀਂ ?

ਆਪਣੀ ਮਾਤ ਭਾਸ਼ਾ ਸ਼ੁੱਧ ਰੂਪ ’ਚ ਬੋਲਣੀ ਕਿੰਨੀ ਕੁ ਔਖੀ ਹੈ? ਇਸ ਸਵਾਲ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ‘ਮਾਤ ਭਾਸ਼ਾ ਸ਼ੁੱਧ ਰੂਪ ਵਿੱਚ ਬੋਲਣ’ ਦਾ ਅਰਥ ਕੀ ਹੈ। ਸਿੱਧੀ ਜਿਹੀ ਗੱਲ ਹੈ ਕਿ ਜਦੋਂ ਕੋਈ...
  • fb
  • twitter
  • whatsapp
  • whatsapp
Advertisement

ਆਪਣੀ ਮਾਤ ਭਾਸ਼ਾ ਸ਼ੁੱਧ ਰੂਪ ’ਚ ਬੋਲਣੀ ਕਿੰਨੀ ਕੁ ਔਖੀ ਹੈ? ਇਸ ਸਵਾਲ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ‘ਮਾਤ ਭਾਸ਼ਾ ਸ਼ੁੱਧ ਰੂਪ ਵਿੱਚ ਬੋਲਣ’ ਦਾ ਅਰਥ ਕੀ ਹੈ। ਸਿੱਧੀ ਜਿਹੀ ਗੱਲ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਮਾਤ ਭਾਸ਼ਾ ਬੋਲਣ-ਸਮਝਣ ਵਾਲੇ ਕਿਸੇ ਹੋਰ ਵਿਅਕਤੀ ਨਾਲ ਗੱਲ ਕਰੇ ਅਤੇ ਉਸ ਦੇ ਵਰਤੇ ਸ਼ਬਦ ਸੁਣਨ ਵਾਲੇ ਨੂੰ ਬੜੀ ਸੌਖੀ ਤਰ੍ਹਾਂ ਤੇ ਪੂਰੀ ਸਪੱਸ਼ਟਤਾ ਨਾਲ ਸਮਝ ਆ ਜਾਣ ਅਤੇ ਉਸ ਦੇ ਮਨ ਵਿੱਚ ਉਹੀ ਚਿੱਤਰ ਜਾਂ ਬਿੰਬ ਬਣਾ ਦੇਣ ਜੋ ਬੋਲਣ ਵਾਲਾ ਉਸ ਦੇ ਮਨ ਵਿੱਚ ਬਣਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ‘ਆਪਣੀ ਮਾਤਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣਾ’ ਕਿਹਾ ਜਾ ਸਕਦਾ ਹੈ। ਹਾਲਾਤ ਇਹ ਹਨ ਕਿ ਸਾਡੇ ਪੜ੍ਹੇ-ਲਿਖਿਆਂ (ਅਤੇ ਉਨ੍ਹਾਂ ਦੀ ਰੀਸੇ ਅਧ-ਪੜ੍ਹਿਆਂ ਨੂੰ ਵੀ) ਨੂੰ ਦੂਜੀਆਂ ਭਾਸ਼ਾਵਾਂ ਦੇ ਅਜਿਹੇ ਸ਼ਬਦ ਬੋਲਣ ਦੀ ਆਦਤ ਪੈ ਗਈ ਹੈ, ਜੋ ਕਈ ਵਾਰ ਸੁਣਨ ਵਾਲੇ ਨੂੰ ਬਿਲਕੁਲ ਹੀ ਸਮਝ ਨਹੀਂ ਆਉਂਦੇ ਜਾਂ ਮਾੜਾ ਜਿਹਾ ਅੰਦਾਜ਼ਾ ਹੀ ਲੱਗਦਾ ਹੈ ਕਿ ਕੀ ਕਿਹਾ ਗਿਆ ਹੋਵੇਗਾ।

ਦਰਅਸਲ, ਬੋਲਣ ਵਾਲੇ ਦਾ ਪੂਰਾ ਧਿਆਨ ਆਪਣੇ ਸਰੋਤੇ ਜਾਂ ਸਰੋਤਿਆਂ ’ਤੇ ਕੇਂਦਰਿਤ ਹੋਵੇ ਤੇ ਉਸ ਦੇ ਮਨ ਵਿੱਚ ਇਹ ਤੀਬਰ ਅਤੇ ਖ਼ਰੀ ਇੱਛਾ ਹੋਵੇ ਕਿ ਉਸ ਦਾ ਹਰ ਸ਼ਬਦ ਅਤੇ ਪੂਰੀ ਗੱਲ ਸੁਣਨ ਵਾਲੇ ਨੂੰ ਸਹੀ ਰੂਪ ਵਿੱਚ ਸਮਝ ਆਵੇ ਤਾਂ ਆਪਣੇ ਆਪ ਹੀ ਉਸ ਦੇ ਅੰਦਰੋਂ ਲੋੜੀਂਦੇ ਸਹੀ ਸ਼ਬਦ ਨਿਕਲਣ ਲੱਗ ਜਾਣਗੇ। ਮੈਂ ਅਜਿਹਾ ਹੁੰਦਾ ਵੇਖਿਆ-ਸੁਣਿਆ ਹੈ।

Advertisement

ਮੈਂ ਗਿਆਰਾਂ ਕੁ ਸਾਲ ਪੁਰਾਣੀ ਅੱਖੀਂ ਵੇਖੀ ਇੱਕ ਘਟਨਾ ਸਾਂਝੀ ਕਰ ਰਿਹਾ ਹਾਂ। ਇੱਕ ਵੱਡੇ ਸਿੱਖਿਆ ਸ਼ਾਸਤਰੀ ਦੀ ਅਗਵਾਈ ਵਿੱਚ ਬਣੀ ‘ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ’ ਵੱਲੋਂ ਦੇਸ਼ ਭਰ ਵਿੱਚ ਕਈ ‘ਸਿੱਖਿਆ ਅਧਿਕਾਰ ਯਾਤਰਾਵਾਂ’ ਕੱਢੀਆਂ ਗਈਆਂ ਸਨ, ਜਿਨ੍ਹਾਂ ਦਾ ਸਿਖ਼ਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿੱਚ ਇਕੱਠੀਆਂ ਹੋਣ ਤੋਂ ਬਾਅਦ ਉੱਥੇ ਵੱਡੇ ਸਮਾਗਮਾਂ ਦੇ ਰੂਪ ਵਿੱਚ ਹੋਇਆ ਸੀ।

ਉੱਤਰੀ ਜ਼ੋਨ ਦੀ ਜੰਮੂ ਤੋਂ ਸ਼ੁਰੂ ਹੋਈ ‘ਸਿੱਖਿਆ ਅਧਿਕਾਰ ਯਾਤਰਾ’ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚਦੀ ਲੰਘਦਿਆਂ ਭੁਪਾਲ ਪਹੁੰਚਣਾ ਸੀ। ਜਦੋਂ ਉਹ ਯਾਤਰਾ ਲੁਧਿਆਣਾ ਜ਼ਿਲ੍ਹੇ ਵਿੱਚੋਂ ਬਰਨਾਲਾ ਜ਼ਿਲ੍ਹੇ ਵਿੱਚ ਦਾਖ਼ਲ ਹੋਈ ਤਾਂ ਅਸੀਂ ਬਰਨਾਲਾ ਜ਼ਿਲ੍ਹੇ ਵਾਲਿਆਂ ਨੇ ਬਰਨਾਲਾ-ਲੁਧਿਆਣਾ ਸੜਕ ਉੱਤੇ ਦੱਦਾਹੂਰ ਦੇ ਨਹਿਰੀ ਪੁਲ ’ਤੇ ਉਸ ਦਾ ਸੁਆਗਤ ਕੀਤਾ ਤੇ ਮਹਿਲ ਕਲਾਂ ਤੋਂ ਹੁੰਦੇ ਹੋਏ ਬਰਨਾਲਾ ਵੱਲ ਚੱਲ ਪਏ। ਰਸਤੇ ਵਿੱਚੋਂ ਸਾਡੇ ਨਾਲ ਹੋਰ ਲੋਕ ਰਲਦੇ ਗਏ ਤੇ ਐੱਸ.ਡੀ. ਕਾਲਜ, ਬਰਨਾਲਾ ਦੇ ਵੱਡੇ ਹਾਲ ਵਿੱਚ ਪੁੱਜਣ ਸਮੇਂ ਤੱਕ ਗਿਣਤੀ ਸੈਂਕੜਿਆਂ ਵਿੱਚ ਹੋ ਗਈ। ਉੱਥੇ ਹੋਏ ਸਮਾਗਮ ਨੂੰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। ਬਾਅਦ ਵਿੱਚ ਅਸੀਂ ਹੰਢਿਆਇਆ ਵਿਚਦੀ ਹੁੰਦੇ ਹੋਏ ਸ਼ਾਮ ਨੂੰ ਤਪਾ ਨੇੜਲੇ ਪਿੰਡ ਢਿੱਲਵਾਂ ਪਹੁੰਚੇ, ਜਿੱਥੇ ਰਾਤ ਦਾ ਪੜਾਅ ਕੀਤਾ। ਅਗਲੇ ਦਿਨ ਉਸ ‘ਸਿੱਖਿਆ ਅਧਿਕਾਰ ਯਾਤਰਾ’ ਨੇ ਢਿੱਲਵਾਂ ਤੋਂ ਚੱਲ ਕੇ ਤਪਾ ਹੋ ਕੇ ਰਾਮਪੁਰਾ ਫੂਲ ਤੋਂ ਤਲਵੰਡੀ ਸਾਬੋ ਅਤੇ ਤਲਵੰਡੀ ਸਾਬੋ ਤੋਂ ਸ਼ਾਮ ਨੂੰ ਬਠਿੰਡਾ ਪਹੁੰਚਣਾ ਸੀ। ਬਰਨਾਲਾ ਜ਼ਿਲ੍ਹੇ ਦੀ ਸਰਗਰਮ ਟੀਮ ਨੇ ਉਹ ਸਾਰਾ ਦਿਨ ਤੇ ਰਾਤ ‘ਸਿੱਖਿਆ ਅਧਿਕਾਰ ਯਾਤਰਾ’ ਦੇ ਨਾਲ ਹੀ ਰਹਿਣਾ ਸੀ। ਬਠਿੰਡਾ ਜ਼ਿਲ੍ਹੇ ਵਿੱਚ ਇਸ ਯਾਤਰਾ ਦੌਰਾਨ ਰਾਮਪੂਰਾ ਫੂਲ, ਤਲਵੰਡੀ ਸਾਬੋ ਅਤੇ ਬਠਿੰਡਾ ਵਿੱਚ ਇਕੱਠ ਹੋਣੇ ਸਨ, ਜਿਨ੍ਹਾਂ ਨੂੰ ਯਾਤਰਾ ਨਾਲ ਚੱਲ ਰਹੇ ਸਿੱਖਿਆ ਸ਼ਾਸਤਰੀਆਂ ਅਤੇ ਸਿੱਖਿਆ ਅਧਿਕਾਰ ਮੰਚ ਪੰਜਾਬ ਦੇ ਆਗੂਆਂ ਨੇ ਸੰਬੋਧਨ ਕਰਨਾ ਸੀ। ਇਹ ਯਾਤਰਾ ਰਾਮਪੁਰਾ ਫੂਲ ਪਹੁੰਚੀ ਤਾਂ ਉੱਥੇ ਸਿੱਖਿਆ ਅਧਿਕਾਰ ਯਾਤਰਾ ਸਬੰਧੀ ਵੱਡਾ ਇਕੱਠ ਹੋਇਆ, ਜਿਨ੍ਹਾਂ ਵਿੱਚ ਬਹੁ-ਗਿਣਤੀ ਕਿਸਾਨਾਂ ਦੀ ਸੀ। ਦੋ-ਤਿੰਨ ਸਥਾਨਕ ਬੁਲਾਰਿਆਂ ਤੋਂ ਬਾਅਦ ਸਟੇਜ ਸਕੱਤਰ ਨੇ ਯੂਨੀਵਰਸਿਟੀ ਤੋਂ ਉਚੇਚੇ ਤੌਰ ’ਤੇ ਪੁੱਜੀ ਇੱਕ ਪ੍ਰੋਫੈਸਰ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਨੇ ਜਿਉਂ ਹੀ ਬੋਲਣਾ ਸ਼ੁਰੂ ਕੀਤਾ ਬਹੁਤੇ ਸਰੋਤੇ ਇੱਧਰ-ਉਧਰ ਝਾਕਣ ਲੱਗੇ। ਕਾਰਨ ਇਹ ਸੀ ਕਿ ਉਨ੍ਹਾਂ ਵੱਲੋਂ ਬੋਲੇ ਜਾਣ ਵਾਲੇ ਕੁੱਲ ਸ਼ਬਦਾਂ ਵਿੱਚੋਂ 70-75 ਫ਼ੀਸਦੀ ਸ਼ਬਦ ਅੰਗਰੇਜ਼ੀ ਦੇ ਸਨ। ਮੈਂ ਭੱਜ ਕੇ ਸਟੇਜ ਸਕੱਤਰ ਪਾਸ ਗਿਆ ਤੇ ਕਿਹਾ, ‘‘ਇਹ ਕੀ ਕਹਿ ਰਹੇ ਹਨ! ਏਨੀ ਜ਼ਿਆਦਾ ਅੰਗਰੇਜ਼ੀ! ਇਹ ਤਾਂ ਪੜ੍ਹਿਆਂ-ਲਿਖਿਆਂ ਨੂੰ ਵੀ ਸਮਝ ਨਹੀਂ ਆ ਰਿਹਾ, ਅਨਪੜ੍ਹ ਲੋਕਾਂ ਨੂੰ ਕੀ ਸਮਝ ਆਉਣੀ ਹੈ।’’ ਸਟੇਜ ਸਕੱਤਰ ਨੇ ਇਸ ਸਬੰਧੀ ਇੱਕ ਪਰਚੀ ਲਿਖ ਕੇ ਉਨ੍ਹਾਂ ਨੂੰ ਫੜਾ ਦਿੱਤੀ। ਬੋਲਣਾ ਰੋਕ ਕੇ ਉਨ੍ਹਾਂ ਨੇ ਪਰਚੀ ਪੜ੍ਹੀ ਤੇ ਫਿਰ ਮਾਈਕ ਵਿੱਚ ਕਹਿਣ ਲੱਗੇ, ‘‘ਸੌਰੀ, ਮੈਂ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਹਾਂ। ਇਸ ਕਾਰਨ ਅੰਗਰੇਜ਼ੀ ਦੇ ਸ਼ਬਦ ਬੋਲਣ ਦੀ ਇੰਨੀ ਜ਼ਿਆਦਾ ਆਦਤ ਬਣੀ ਹੋਈ ਹੈ ਕਿ ਪੰਜਾਬੀ ਦੇ ਸ਼ਬਦ ਅਹੁੜਦੇ ਹੀ ਨਹੀਂ। ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਹੁਣ ਅੰਗਰੇਜ਼ੀ ਸ਼ਬਦ ਘੱਟ ਬੋਲਾਂ ਤੇ ਜਿਹੜੇ ਬੋਲਾਂ ਉਨ੍ਹਾਂ ਦੀ ਪੰਜਾਬੀ ਟਰਾਂਸਲੇਸ਼ਨ ਨਾਲ ਦੀ ਨਾਲ ਕਰ ਦੇਵਾਂ।’’ ਉਸ ਤੋਂ ਬਾਅਦ ਜਿੰਨਾ ਵੀ ਉਹ ਬੋਲੇ, ਅੜ-ਅੜ ਕੇ ਬੋਲੇ। ਸੁਭਾਵਿਕ ਹੀ ਅੰਗਰੇਜ਼ੀ ਦੇ ਸ਼ਬਦ ਉਨ੍ਹਾਂ ਦੇ ਮੂੰਹੋਂ ਨਿਕਲ ਜਾਂਦੇ। ਫਿਰ ਉਹ ਥੋੜ੍ਹਾ ਰੁਕਦੇ ਤੇ ਉਸ ਦੀ ਥਾਂ ਪੰਜਾਬੀ ਸ਼ਬਦ ਬੋਲਦੇ।

ਰਾਮਪੁਰਾ ਫੂਲ ਤੋਂ ਚੱਲ ਕੇ ‘ਸਿੱਖਿਆ ਅਧਿਕਾਰ ਯਾਤਰਾ’ ਦੋ-ਢਾਈ ਘੰਟੇ ਬਾਅਦ ਤਲਵੰਡੀ ਸਾਬੋ ਪਹੁੰਚੀ, ਜਿੱਥੇ ਬਹੁਤੇ ਸਰੋਤੇ ਕਾਲਜ ਵਿਦਿਆਰਥੀ ਤੇ ਬਾਕੀ ਅਧਿਆਪਕ ਸਨ। ਜਦ ਉਸੇ ਪ੍ਰੋਫੈਸਰ ਨੇ ਸੰਬੋਧਨ ਕੀਤਾ ਤਾਂ ਉਨ੍ਹਾਂ ਨੇ ਆਪਣੇ ਬੋਲੇ ਕੁੱਲ ਸ਼ਬਦਾਂ ਵਿੱਚੋਂ ਮਸਾਂ 25-30 ਫ਼ੀਸਦੀ ਸ਼ਬਦ ਅੰਗਰੇਜ਼ੀ ਦੇ ਬੋਲੇ, ਬਾਕੀ ਸ਼ੁੱਧ ਪੰਜਾਬੀ। ਮੇਰੇ ਲਈ ਇਹ ਹੈਰਾਨੀ ਦੀ ਗੱਲ ਸੀ।

ਤਲਵੰਡੀ ਸਾਬੋ ਤੋਂ ਯਾਤਰਾ ਬਠਿੰਡਾ ਪਹੁੰਚੀ, ਜਿੱਥੇ ਉਸੇ ਸ਼ਾਮ ਟੀਚਰਜ਼ ਹੋਮ ਵਿੱਚ ਪ੍ਰੋਗਰਾਮ ਸੀ। ਉੱਥੇ ਸਾਰੇ ਦੇ ਸਾਰੇ ਸਰੋਤੇ ਕਾਫ਼ੀ ਪੜ੍ਹੇ-ਲਿਖੇ ਸਨ ਤੇ ਉਨ੍ਹਾਂ ਵਿੱਚੋਂ ਬਹੁਤੇ ਸਾਬਕਾ ਅਧਿਆਪਕ ਸਨ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਨੇ ਅੰਗਰੇਜ਼ੀ ਦਾ ਇੱਕ ਸ਼ਬਦ ਵੀ ਨਾ ਬੋਲਿਆ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਸੱਚਮੁੱਚ ਅਜਿਹਾ ਸੰਭਵ ਹੁੰਦਾ ਹੈ ਕਿ ਕੋਈ ਚਾਹੇ ਤਾਂ ਸਿਰਫ਼ ਇੱਕ ਦਿਨ ਵਿੱਚ ਹੀ ਇੰਨਾ ਵੱਡਾ ਫ਼ਰਕ ਪਾ ਸਕਦਾ ਹੈ?

ਇੱਕ ਕੰਨੀਂ ਸੁਣੀ ਘਟਨਾ ਨਵੰਬਰ 2016 ਦੀ ਹੈ। ਮੇਰੇ ਛੋਟੇ ਭਰਾ ਤੇ ਮੇਰੀ ਪਤਨੀ ਦੀ ਛੋਟੀ ਭੈਣ ਦੀ ਧੀ ਦਿਵਨੀਤ ਉਦੋਂ ਸਵਾ ਕੁ ਤਿੰਨ ਸਾਲ ਦੀ ਸੀ। ਉਹ ਆਪਣੇ ‘ਡੈਡ’ (ਨਾਨਾ) ਨਾਲ ਬਡਬਰ ਸਾਡੇ ਘਰ ਆਈ। ਉਸ ਨੂੰ ਲੌਬੀ ਵਿੱਚ ਸੋਫੇ ’ਤੇ ਬਿਠਾ ਕੇ ਉਹ ਆਪ ਸਿੱਧੇ ਵਾਸ਼ਰੂਮ ਚਲੇ ਗਏ। ਮੈਂ ਘਰ ਨਹੀਂ ਸਾਂ। ਮੇਰੀ ਪਤਨੀ, ਪੁੱਤਰ ਤੇ ਨੂੰਹ ਘਰ ਦੇ ਨਾਲ ਹੀ ਬਣੇ ਹੋਏ ਸਾਡੇ ਸੈਲੂਨ ਵਿੱਚ ਸਨ। ਅਚਾਨਕ ਹੀ ਕੋਈ ਚੀਜ਼ ਲੈਣ ਲਈ ਮੇਰਾ ਪੁੱਤਰ ਅੰਦਰ ਆਇਆ ਤਾਂ ਇਕੱਲੀ ਦਿਵਨੀਤ ਨੂੰ ਦੇਖ ਕੇ ਉਸ ਪੁੱਛਿਆ, ‘‘ਦਿਵਨੀਤ, ਤੂੰ ਕੀਹਦੇ ਨਾਲ ਆਈ ਐਂ?’’

‘‘ਡੈਡ ਨਾਲ,’’ ਉਸ ਦਾ ਜੁਆਬ ਸੀ।

ਉਸ ਨਾਲ ਦੋ-ਚਾਰ ਮਿੰਟ ਲਾਡ-ਪਿਆਰ ਕਰਨ ਤੋਂ ਬਾਅਦ ਮੇਰਾ ਪੁੱਤਰ ਉਸ ਨੂੰ ਚੁੱਕ ਕੇ ਸੈਲੂਨ ਵਿੱਚ ਲੈ ਗਿਆ। ਉਨ੍ਹਾਂ ਦੇ ਸੈਲੂਨ ਵਿੱਚ ਵੜਦਿਆਂ ਹੀ ਦਿਵਨੀਤ ’ਤੇ ਸਭ ਤੋਂ ਪਹਿਲਾਂ ਮੇਰੀ ਪਤਨੀ ਦੀ ਇੱਕ ਸਹੇਲੀ ਦੀ ਨਜ਼ਰ ਪਈ। ਉਹ ਅਕਸਰ ਸੈਲੂਨ ’ਤੇ ਆਉਂਦੀ ਰਹਿੰਦੀ ਸੀ। ਇਸ ਲਈ ਉਹ ਦਿਵਨੀਤ ਨੂੰ ਤੇ ਦਿਵਨੀਤ ਉਸ ਨੂੰ ਚੰਗੀ ਤਰ੍ਹਾਂ ਜਾਣਦੀ-ਪਛਾਣਦੀ ਸੀ। ਉਸ ਪੁੱਛਿਆ, ‘‘ਦਿਵਨੀਤ, ਤੂੰ ਕੀਹਦੇ ਨਾਲ ਆਈ ਐਂ?’’

ਦਿਵਨੀਤ ਝੱਟ ਬੋਲੀ, ‘‘ਡੈ... ਨਾਨਾ ਜੀ ਨਾਲ।’’

ਸਾਡੇ ’ਚੋਂ ਕਿਸੇ ਨੇ ਵੀ ਕਦੇ ਉਸ ਦੇ ਮੂੰਹੋਂ ‘ਨਾਨਾ ਜੀ’ ਸ਼ਬਦ ਨਹੀਂ ਸੀ ਸੁਣਿਆ ਤੇ ਦੋ-ਚਾਰ ਮਿੰਟ ਪਹਿਲਾਂ ਹੀ ਉਹ ਮੇਰੇ ਪੁੱਤਰ ਨੂੰ ਇਸੇ ਸੁਆਲ ਦਾ ਜੁਆਬ ‘‘ਡੈਡ ਨਾਲ’’ ਦੇ ਕੇ ਹਟੀ ਸੀ। ਇਸ ਲਈ ਉਸ ਦੇ ਮੂੰਹੋਂ ਡੈਡ ਸ਼ਬਦ ਨੂੰ ਅੱਧ ਵਿਚਾਲੇ ਰੋਕ ਕੇ ਨਾਨਾ ਜੀ ਕਹਿਣ ’ਤੇ ਮੇਰੇ ਪੁੱਤਰ, ਪਤਨੀ ਤੇ ਨੂੰਹ ਨੂੰ ਬੜੀ ਹੈਰਾਨੀ ਹੋਈ। ਅਸਲ ਵਿੱਚ ਦਿਵਨੀਤ ਆਪਣੀਆਂ ਤਿੰਨਾਂ ਮਾਸੀਆਂ ਦੇ ਸਭ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਹੈ। ਬਾਕੀ ਸਾਰੇ ਬੱਚੇ ਆਪਣੇ ਨਾਨਾ ਜੀ ਨੂੰ ‘ਵੱਡੇ ਡੈਡੀ’ ਹੀ ਕਹਿੰਦੇ ਹਨ ਪਰ ਦਿਵਨੀਤ ਉਨ੍ਹਾਂ ਨੂੰ ਡੈਡ ਕਹਿੰਦੀ ਹੈ।

ਬਾਅਦ ਵਿੱਚ ਉਸ ਨੂੰ ਪੁੱਛਿਆ ਕਿ ਤੂੰ ‘ਡੈਡ’ ਨੂੰ ‘ਨਾਨਾ ਜੀ’ ਕਿਉਂ ਕਿਹਾ? ਉਸ ਦਾ ਜੁਆਬ ਸੀ, ‘‘ਆਂਟੀ ਨੂੰ ਕੀ ਪਤੈ ਕਿ ਮੈਂ ਕਿਸ ਨੂੰ ਡੈਡ ਕਹਿੰਦੀ ਹਾਂ?’’

ਇਸ ਗੱਲ ਤੋਂ ਬਾਅਦ ਅਕਸਰ ਮੇਰੇ ਦਿਮਾਗ਼ ਵਿੱਚ ਇਹ ਸੁਆਲ ਆਉਂਦਾ ਹੈ ਕਿ ਜੇ ਸਵਾ ਤਿੰਨ ਸਾਲ ਦਾ ਬੱਚਾ ਇਹ ਸੋਚ ਸਕਦਾ ਹੈ ਕਿ ਕਿਹੜੇ ਸ਼ਬਦ ਦੇ ਪੂਰੇ ਸਹੀ ਅਰਥ ਅਗਲੇ ਨੂੰ ਸਮਝ ਆਉਣਗੇ ਤਾਂ ਸਾਡੇ ਪੜ੍ਹਿਆਂ-ਲਿਖਿਆਂ ਨੂੰ ਇਹ ਗੱਲ ਕਿਉਂ ਸਮਝ ਨਹੀਂ ਆਉਂਦੀ?

ਮੈਨੂੰ ਇਹ ਲੱਗਦਾ ਹੈ ਕਿ ਜੇ ਕੋਈ ਸੱਚਮੁੱਚ ਹੀ ਚਾਹੁੰਦਾ ਹੈ ਕਿ ਉਸ ਦੀ ਗੱਲ ਦੂਜੇ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਸਮਝ ਆ ਜਾਵੇ ਜਿਵੇਂ ਉਹ ਸਮਝਾਉਣਾ ਚਾਹੁੰਦਾ ਹੈ ਤਾਂ ਉਸ ਦੇ ਦਿਮਾਗ਼ ਨੂੰ ਬੜੀ ਗੰਭੀਰਤਾ ਨਾਲ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੀ ਗੱਲ ਕਿਸ ਨੂੰ ਸੁਣਾ ਰਿਹਾ ਹੈ?

ਸੰਪਰਕ: 79733-45256

Advertisement
×