ਅਮਰੀਕਾ ਤੇ ਇਜ਼ਰਾਈਲ ਦੀ ਕਥਨੀ ਤੇ ਕਰਨੀ ਦਾ ਫ਼ਰਕ
ਸੱਤ ਅਕਤੂਬਰ, 2023 ਨੂੰ ਹਮਾਸ ਵੱਲੋਂ 1,200 ਲੋਕਾਂ ਨੂੰ ਮਾਰਨ ਅਤੇ 251 ਇਜ਼ਰਾਇਲੀਆਂ ਨੂੰ ਬੰਧਕ ਬਣਾਉਣ ਦਾ ਬਦਲਾ ਲੈਣ ਲਈ ਇਜ਼ਰਾਈਲ ਵੱਲੋਂ ਫਲਸਤੀਨ ਉੱਤੇ ਲਗਭਗ ਦੋ ਸਾਲ ਤੋਂ ਚੱਲ ਰਹੀ ਜੰਗ ਦੇ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ ਹੈ। ਉਦੋਂ ਤੋਂ, ਗਾਜ਼ਾ ਵਿੱਚ 70,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ, ਫਿਰ ਵੀ ਨਾ ਤਾਂ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਨਾ ਹੀ ਜੰਗ ਖ਼ਤਮ ਹੋਈ ਹੈ। ਅੰਤਰਰਾਸ਼ਟਰੀ ਅਦਾਲਤ ਨੇ ਇਸ ਬਦਲੇ ਦੀ ਜੰਗ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਹੈ ਅਤੇ ਤੁਰੰਤ ਜੰਗਬੰਦੀ ਦੀ ਤਜ਼ਵੀਜ਼ ਦਿੱਤੀ ਹੈ ਜਦੋਂਕਿ ਅਮਰੀਕਾ ਇੱਕ ਪਾਸੇ ਸ਼ਾਂਤੀ ਗੱਲਬਾਤ ਦਾ ਭਰੋਸਾ ਦੇ ਰਿਹਾ ਹੈ ਅਤੇ ਦੂਜੇ ਪਾਸੇ ਇਜ਼ਰਾਈਲ ਨੂੰ ਗੋਲਾ ਬਾਰੂਦ ਸਪਲਾਈ ਕਰ ਰਿਹਾ ਹੈ।
ਸ਼ਾਂਤੀ ਗੱਲਬਾਤ ਦੀ ਤਜ਼ਵੀਜ਼ ਪ੍ਰਤੀ ਹਮਾਸ ਨੇ ‘ਪੂਰੀ ਗੰਭੀਰਤਾ ਨਾਲ’ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਹੀ ਸਹਿਮਤੀ ਦੇ ਦਿੱਤੀ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਦੇ ’ਤੇ ਸ਼ਾਂਤੀ ਤਜ਼ਵੀਜ਼ ਸਬੰਧੀ ਵਿਚਾਰ ਕਰਨ ਲਈ ਤੀਜੀ ਵਾਰ ਅਮਰੀਕਾ ਗਏ ਸਨ, ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਬਾਅਦ ‘ਗਾਜ਼ਾ ਵਿੱਚ ਜੰਗਬੰਦੀ’ ਸਬੰਧੀ ਕਿਸੇ ਫ਼ੈਸਲੇ ਤੋਂ ਬਿਨਾਂ ਹੀ ਇਜ਼ਰਾਈਲ ਵਾਪਸ ਆ ਗਏ ਹਨ।
ਦੂਜੇ ਪਾਸੇ, ਇਜ਼ਰਾਈਲ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ, ਨੇ ਦਾਅਵਾ ਕੀਤਾ ਹੈ: ‘‘ਰਾਸ਼ਟਰਪਤੀ (ਟਰੰਪ) ਚਾਹੁੰਦੇ ਹਨ ਕਿ ਇਹ (ਜੰਗ) ਖ਼ਤਮ ਹੋਵੇ। ਪ੍ਰਧਾਨ ਮੰਤਰੀ (ਨੇਤਨਯਾਹੂ) ਚਾਹੁੰਦੇ ਹਨ ਕਿ ਇਹ ਖ਼ਤਮ ਹੋਵੇ। ਅਮਰੀਕੀ ਲੋਕ, ਇਜ਼ਰਾਇਲੀ ਲੋਕ, ਚਾਹੁੰਦੇ ਹਨ ਕਿ ਇਹ ਖ਼ਤਮ ਹੋਵੇ।’’ ਸੀ.ਐੱਨ.ਐੱਨ. ਅਨੁਸਾਰ ਨੇਤਨਯਾਹੂ ਦੀ ਜੰਗਬੰਦੀ ਵਿੱਚ ਦਿਲੋਂ ਦਿਲਚਸਪੀ ਦੀ ਵਕਾਲਤ ਕਰਦੇ ਹੋਏ, ਟਰੰਪ ਨੇ ਕਿਹਾ ਹੈ: ‘‘ਉਹ ਚਾਹੁੰਦਾ ਹੈ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹ ਚਾਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਅਗਲੇ ਹਫ਼ਤੇ ਇੱਕ ਸੌਦਾ (ਜੰਗਬੰਦੀ) ਹੋਵੇਗਾ।’’ ਫਿਰ ਸਵਾਲ ਇਹ ਹੈ ਕਿ ਕੌਣ ਨਹੀਂ ਚਾਹੁੰਦਾ ਕਿ ‘ਜੰਗ ਖ਼ਤਮ ਹੋਵੇ’ ਅਤੇ ਕਿਉਂ ਨਹੀਂ ਚਾਹੁੰਦਾ।
ਸਚਾਈ ਇਹ ਹੈ ਕਿ ਟਰੰਪ ਭਾਵੇਂ ਵਾਰ-ਵਾਰ ਸ਼ਾਂਤੀ ਦੀ ਰਟ ਲਗਾ ਰਹੇ ਹਨ, ਪਰ ਨੇਤਨਯਾਹੂ ਸ਼ਰ੍ਹੇਆਮ ਤਾਕਤ ਦਾ ਮੁਜ਼ਾਹਰਾ ਕਰਦੇ ਹੋਏ ਕਹਿ ਰਿਹਾ ਹੈ ਕਿ ਇਜ਼ਰਾਈਲ ਸਿਰਫ਼ ਆਪਣੀਆਂ ਸ਼ਰਤਾਂ ’ਤੇ ਸ਼ਾਂਤੀ ਕਰੇਗਾ, ‘‘ਜੇਕਰ ਇਹ ਕੂਟਨੀਤੀ ਰਾਹੀਂ ਨਹੀਂ ਹੋ ਸਕਦਾ, ਤਾਂ ਇਹ ਤਾਕਤ ਨਾਲ ਕੀਤਾ ਜਾਵੇਗਾ।’’ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਰਿਪੋਰਟ ਅਨੁਸਾਰ ਇਜ਼ਰਾਇਲੀ ਰੱਖਿਆ ਬਲਾਂ (ਆਈਡੀਐਫ) ਨੇ ਗਾਜ਼ਾ ਵਿੱਚ ਸ਼ਾਂਤੀ ਗੱਲਬਾਤ ਦੌਰਾਨ ਹੀ ਭੋਜਨ
ਸਹਾਇਤਾ ਕੇਂਦਰ ਤੋਂ ਭੋਜਨ ਲੈਣ ਗਏ 798 ਲੋਕਾਂ ਨੂੰ ਮਾਰ ਦਿੱਤਾ ਹੈ।
ਅਸਲ ਵਿੱਚ, ਇਜ਼ਰਾਇਲੀ ਪ੍ਰਧਾਨ ਮੰਤਰੀ ਅਤੇ ਉਸਦੀ ਸੱਜੇ-ਪੱਖੀ ਸਰਕਾਰ ਦਾ ਇਸ ਖਿੱਤੇ ਵਿੱਚ ਪੂਰਨ ਯਹੂਦੀ ਕੰਟਰੋਲ ਦਾ ਏਜੰਡਾ ਹੈ। ਇਸ ਤੋਂ ਇਲਾਵਾ ਨੇਤਨਯਾਹੂ ਲਈ ਜੰਗ ਉਸ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਇਜ਼ਰਾਈਲ ਵਿੱਚ ਅਦਾਲਤੀ ਮੁਕੱਦਮੇ ਅਤੇ ਚੋਣਾਂ ਨੂੰ ਮੁਲਤਵੀ ਕਰਨ ਦਾ ਹਥਿਆਰ ਹੈ। ਇਸ ਨੂੰ ਟਰੰਪ ਵੱਲੋਂ ਨੇਤਨਯਾਹੂ ਵਿਰੁੱਧ ‘ਰਿਸ਼ਵਤਖੋਰੀ, ਧੋਖਾਧੜੀ ਅਤੇ ਵਿਸ਼ਵਾਸਘਾਤ’ ਦੇ ਦੋਸ਼ਾਂ ਲਈ 2019 ਤੋਂ ਇਜ਼ਰਾਇਲੀ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ਕਾਰਨ ਜੰਗਬੰਦੀ ਗੱਲਬਾਤ ਵਿੱਚ ਦੇਰੀ ਹੋਣ ਦੇ ਬਿਆਨ ਤੋਂ ਸਮਝਿਆ ਜਾ ਸਕਦਾ ਹੈ; ਦੂਜੇ ਪਾਸੇ ਟਰੰਪ ਵੱਲੋਂ ਇਹਨਾਂ ਦੋਸ਼ਾਂ ਨੂੰ ‘ਰਾਜਨੀਤੀ ਤੋਂ ਪ੍ਰੇਰਿਤ’ ਕਹਿ ਕੇ ਵਾਪਸ ਲੈਣ ਦਾ ਜਨਤਕ ਪ੍ਰਸਤਾਵ ਕਰਨ ਤੋਂ ਟਰੰਪ-ਨੇਤਨਯਾਹੂ ਦੀ ਆਪਸੀ ਮਿਲੀਭੁਗਤ ਵੀ ਸਪਸ਼ਟ ਹੁੰਦੀ ਹੈ। ਟਰੰਪ ਦੀ ਇਸ ਰਾਏ ਨੂੰ ਇਜ਼ਰਾਇਲੀ ਵਿਰੋਧੀ-ਪਾਰਟੀ ਨੇਤਾ ਯਾਇਰ ਲੈਪਿਡ ਨੇ ‘ਇੱਕ ਸੁਤੰਤਰ ਰਾਜ ਦੀ ਕਾਨੂੰਨੀ ਪ੍ਰਕਿਰਿਆ ਵਿੱਚ’ ਬਾਹਰੀ ਦਖਲਅੰਦਾਜ਼ੀ ਕਹਿ ਕੇ ਰੱਦ ਕੀਤਾ ਹੈ।
ਅਮਰੀਕੀ ਅਗਵਾਈ ਵਿੱਚ ਪੱਛਮੀ ਸਰਕਾਰਾਂ ਗਾਜ਼ਾ ਵਿੱਚ ਇਜ਼ਰਾਇਲੀ ਜੰਗ ਨੂੰ ‘ਜਾਇਜ਼ ਸਵੈ-ਰੱਖਿਆ’ ਕਹਿ ਕੇ ਇਸ ਦੀ ਹਮਾਇਤ ਕਰ ਰਹੀਆਂ ਹਨ ਅਤੇ ਜੰਗੀ ਹਥਿਆਰ ਦੇ ਰਹੀਆਂ ਹਨ। ਉਹ ਨੇਤਨਯਾਹੂ ਦੀ ਅਗਵਾਈ ਹੇਠਲੀ ਸੱਜੇ-ਪੱਖੀ ਇਜ਼ਰਾਇਲੀ ਸਰਕਾਰ ਦੀਆਂ ਜੰਗੀ ਕਾਰਵਾਈਆਂ ਵਿਰੁੱਧ ਵਿਸ਼ਵਵਿਆਪੀ ਵਿਰੋਧ ਪ੍ਰਦਰਸ਼ਨਾਂ ਨੂੰ ‘ਯਹੂਦੀ-ਵਿਰੋਧੀ’ ਕਹਿ ਕੇ ਯਹੂਦੀ ਧਰਮ ਨੂੰ ਹਥਿਆਰ ਵਜੋਂ ਵਰਤ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਹਾਰਵਰਡ ਵਰਗੀਆਂ ਅਮਰੀਕੀ ਯੂਨੀਵਰਸਿਟੀਆਂ ਵਿਰੁੱਧ ‘ਯਹੂਦੀ-ਵਿਰੋਧ’ ਦੇ ਨਾਮ ’ਤੇ ਜੰਗ ਵਿਰੁੱਧ ਪ੍ਰਦਰਸ਼ਨਾਂ ਨੂੰ ਰੋਕ ਨਾ ਸਕਣ ਕਰ ਕੇ ਕਾਰਵਾਈ ਕੀਤੀ ਹੈ।
ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਦੇ ਖੇਤਰ ਵਿੱਚ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਿਪੋਰਟਰ, ਫ੍ਰਾਂਸਿਸਕਾ ਅਲਬਾਨੀਜ਼ ਵੱਲੋਂ ‘ਗਲੋਬਲ ਕਾਰਪੋਰੇਸ਼ਨਾਂ’ ਦੁਆਰਾ ਨਸਲਕੁਸ਼ੀ-ਜੰਗ ਲਈ ਹਥਿਆਰਾਂ ਤੋਂ ਮੁਨਾਫ਼ਾ ਕਮਾਉਣ ਦੀ ਆਲੋਚਨਾ ਕਰਨ ਕਰ ਕੇ ਅਮਰੀਕੀ ਵਿਦੇਸ਼ ਵਿਭਾਗ ਨੇ ਉਸ ਖਿਲਾਫ ਕਾਰਵਾਈ ਕੀਤੀ ਹੈ। ਸੋਸ਼ਲ ਮੀਡੀਆ ’ਤੇ ਅਮਰੀਕੀ ਵਿਦੇਸ਼ ਮੰਤਰੀ, ਮਾਰਕੋ ਰੂਬੀਓ ਨੇ ਲਿਖਿਆ ਹੈ: ‘‘ਸੰਯੁਕਤ ਰਾਜ ਅਤੇ ਇਜ਼ਰਾਈਲ ਵਿਰੁੱਧ ਰਾਜਨੀਤਕ ਅਤੇ ਆਰਥਿਕ ਯੁੱਧ ਦੀ ਅਲਬਾਨੀਜ਼ ਦੀ ਮੁਹਿੰਮ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ... ਅਸੀਂ ਹਮੇਸ਼ਾ ਆਪਣੇ ਭਾਈਵਾਲਾਂ ਦੇ ਸਵੈ-ਰੱਖਿਆ ਦੇ ਅਧਿਕਾਰ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ।’’
ਅਸਮਾਨਤਾ, ਨਸਲਵਾਦ, ਲਿੰਗਵਾਦ ਅਤੇ ਸਮਲਿੰਗੀ ਫੋਬੀਆ ’ਤੇ ਨਿਸ਼ਾਨਾ ਸਾਧਣ ਵਾਲੇ ਬੌਬ ਵਿਲਨ ਨਾਮਕ ਬ੍ਰਿਟਿਸ਼ ਸੰਗੀਤ ਬੈਂਡ ਵੱਲੋਂ ਗਲਾਸਟਨਬਰੀ ਯੂ.ਕੇ. ਵਿਖੇ ਬੈਂਡ ਦੇ ਮੁੱਖ ਮੈਂਬਰ, ਬੌਬ ਵਿਲਨ ਨੇ ਗਾਜ਼ਾ ਵਿੱਚ ਆਈ.ਡੀ.ਐਫ. ਦੁਆਰਾ ਫਲਸਤੀਨ ਦੀ ‘ਨਸਲਕੁਸ਼ੀ’ ਦਾ ਵਿਰੋਧ ਕਰਨ ਲਈ - ‘‘ਫਲਸਤੀਨ ਆਜ਼ਾਦ ਕਰੋ ਆਜ਼ਾਦ ਕਰੋ’’ ਅਤੇ ‘‘ਆਈ.ਡੀ.ਐਫ. ਨੂੰ ਨਾਸ਼ ਕਰੋ ਨਾਸ਼ ਕਰੋ’’ ਦੇ ਨਾਅਰੇ ਲਗਾਏ ਸਨ। ਹਾਲਾਂਕਿ ਬੌਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸਦਾ ਮਤਲਬ ‘‘ਯਹੂਦੀਆਂ, ਅਰਬਾਂ ਜਾਂ ਕਿਸੇ ਹੋਰ ਨਸਲ ਜਾਂ ਲੋਕਾਂ ਦੇ ਸਮੂਹ ਦੀ ਮੌਤ’’ ਨਹੀਂ ਸੀ, ਸਗੋਂ ਮੇਰਾ ਬੈਂਡ ‘‘ਉਸ ਹਿੰਸਕ ਫੌਜੀ ਮਸ਼ੀਨ ਨੂੰ ਤਬਾਹ ਕਰਨ ਦਾ ਹਾਮੀ ਹੈ.. ਜਿਸਨੇ ਗਾਜ਼ਾ ਦਾ ਬਹੁਤ ਸਾਰਾ ਹਿੱਸਾ ਤਬਾਹ ਕਰ ਦਿੱਤਾ ਹੈ’’, ਫਿਰ ਵੀ ਬੈਂਡ ਨੂੰ ਯਹੂਦੀ-ਵਿਰੋਧੀ ਹੋਣ ਲਈ ਭੰਡਿਆ ਜਾ ਰਿਹਾ ਹੈ। ਯੂ.ਕੇ. ਪੁਲੀਸ ਗਾਣਿਆਂ ਦੀ ਅਪਰਾਧਿਕਤਾ ਤੈਅ ਕਰਨ ਲਈ ਜਾਂਚ ਕਰ ਰਹੀ ਹੈ। ਅਮਰੀਕਾ ਨੇ ਬੌਬ ਵਿਲਨ ਸੰਗੀਤ ਬੈਂਡ ਦੇ ਮੈਂਬਰਾਂ ਦਾ ਅਮਰੀਕੀ ਵੀਜ਼ਾ ਰੱਦ ਕਰ ਦਿੱਤਾ ਹੈ।
ਕਹਾਣੀ ਦਾ ਦੂਜਾ ਪੱਖ ਇਹ ਹੈ ਕਿ ਗਾਜ਼ਾ ਵਿੱਚ ਆਈ.ਡੀ.ਐਫ. ਫੌਜੀ ‘‘ਅਰਬਾਂ ਨੂੰ ਮੌਤ ਆਵੇ’’ ਅਤੇ ‘‘ਉਨ੍ਹਾਂ ਦੇ ਪਿੰਡ ਸੜ ਜਾਣ’’ ਵਰਗੇ ਨਾਅਰੇ ਆਮ ਲਗਾਉਂਦੇ ਹਨ ਅਤੇ ਵਿਚਾਰਧਾਰਕ ਯੋਜਨਾ ਤਹਿਤ ਆਮ ਫ਼ਲਸਤੀਨੀ ਲੋਕਾਂ ਨੂੰ ਗੋਲੀਆਂ ਮਾਰਦੇ ਹਨ, ਪਰ ਇਹਨਾਂ ਦੀ ਕੋਈ ਨਿੰਦਾ ਨਹੀਂ ਕਰਦਾ।
ਇਸ ਖੇਤਰ ਵਿੱਚ ਪੂਰਨ ਕੰਟਰੋਲ ਅਤੇ ਜੰਗ ਜਾਰੀ ਰੱਖਣ ਵਿੱਚ ਅਮਰੀਕੀ-ਅਗਵਾਈ ਵਾਲੀਆਂ ਪੱਛਮੀ ਸਰਕਾਰਾਂ ਅਤੇ ਇਜ਼ਰਾਈਲ ਦੇ ਭੂ-ਰਾਜਨੀਤਕ ਅਤੇ ਆਰਥਿਕ ਹਿੱਤ ਸਪੱਸ਼ਟ ਹਨ। ਜੰਗੀ ਕਾਰਪੋਰੇਟਾਂ ਲਈ ਇਹ ਜੰਗ ਮੁਨਾਫ਼ੇ ਵਾਲਾ ਬਾਜ਼ਾਰ ਹੈ। ਆਪਣੀ ਰਿਪੋਰਟ, ‘‘ਕਿੱਤੇ ਦੀ ਆਰਥਿਕਤਾ ਤੋਂ ਨਸਲਕੁਸ਼ੀ ਦੀ ਆਰਥਿਕਤਾ ਤੱਕ, ਅਲਬਾਨੀਜ਼ ਨੇ ਇਹ ਸਿੱਟਾ ਕੱਢਿਆ ਹੈ ਕਿ ਜਿੱਥੇ ਜੰਗ ਕਾਰਨ ‘‘ਗਾਜ਼ਾ ਵਿੱਚ ਜੀਵਨ ਤਬਾਹ ਹੋ ਰਿਹਾ ਹੈ’’ ਉੱਥੇ ਇਹ ਜੰਗ ਕਈਆਂ ਲਈ ‘ਲਾਭਦਾਇਕ ਹੈ’।
ਕਹਾਣੀ ਦਾ ਇੱਕ ਹੋਰ ਵੀ ਪੱਖ ਹੈ- ‘ਭੁੱਖ ਨੂੰ ਹਥਿਆਰ ਬਣਾਉਣਾ’: ਪਹਿਲਾਂ, ਇਜ਼ਰਾਈਲ ਨੇ ਗਾਜ਼ਾ ਲਈ ਸੰਯੁਕਤ ਰਾਸ਼ਟਰ ਦੀ ਮਾਨਵਤਾਵਾਦੀ ਸਹਾਇਤਾ (ਭੋਜਨ ਆਦਿ) ’ਤੇ ਪੂਰੀ ਤਰ੍ਹਾਂ ਨਾਕਾਬੰਦੀ ਕਰ ਦਿੱਤੀ ਸੀ; ਫਿਰ ਮਈ ਦੇ ਅਖੀਰ ਵਿੱਚ, ਅੰਤਰਰਾਸ਼ਟਰੀ ਨਿੰਦਾ ਦੇ ਦਬਾਅ ਹੇਠ, ਇਸਨੇ ਅਮਰੀਕਾ-ਇਜ਼ਰਾਈਲ ਸਮਰਥਿਤ ਅਤੇ ਅਮਰੀਕੀ ਪ੍ਰਾਈਵੇਟ ਸੁਰੱਖਿਆ ਕੰਪਨੀਆਂ ਦੀ ਦੇਖ ਰੇਖ ਵਿੱਚ ਗਾਜ਼ਾ ਹਿਊਮੈਨਟੇਰੀਅਨ ਫਾਊਂਡੇਸ਼ਨ (ਜੀਐੱਚਐਫ) ਬਣਾਈ, ਜੋ ਕਿ ਮਾਰਚ ਤੋਂ ਪਹਿਲਾਂ ਚੱਲ ਰਹੇ ਚਾਰ ਸੌ ਸਥਾਨਾਂ ਦੀ ਥਾਂ ’ਤੇ ਸਿਰਫ ਚਾਰ ਸਥਾਨਾਂ ਤੋਂ ਸਹਾਇਤਾ ਵੰਡਣ ਵਾਲੀ ਇੱਕੋ ਇੱਕ ਏਜੰਸੀ ਹੈ।
ਸੰਯੁਕਤ ਰਾਸ਼ਟਰ ਨੇ ਜੀਐੱਚਐਫ ਸਿਸਟਮ ਨੂੰ ‘ਅਨੁਕੂਲ ਤੌਰ ’ਤੇ ਅਸੁਰੱਖਿਅਤ’ ਅਤੇ ‘ਇੱਕ ਕਤਲੇਆਮ ਦਾ ਖੇਤਰ’ ਕਿਹਾ ਹੈ। 12 ਜੁਲਾਈ ਤੱਕ, ਜੀਐੱਚਐਫ ਸਹਾਇਤਾ ਵੰਡ ਬਿੰਦੂਆਂ ’ਤੇ 800 ਤੋਂ ਵੱਧ ਫਲਸਤੀਨੀ ਮਾਰੇ ਗਏ ਦੱਸੇ ਜਾਂਦੇ ਹਨ। 170 ਤੋਂ ਵੱਧ ਗੈਰ-ਸਰਕਾਰੀ ਸੰਸਥਾਵਾਂ ਨੇ ਜੀ.ਐੱਚ.ਐੱੱਫ. ਦੀ ਖੁਰਾਕ ਸਹਾਇਤਾ ਵੰਡ ਪ੍ਰਣਾਲੀ ’ਤੇ ਇਤਰਾਜ਼ ਜਤਾਇਆ ਹੈ ਕਿਉਂਕਿ ਇਸ ਪ੍ਰਣਾਲੀ ਕਰ ਕੇ ਮਜਬੂਰ ਨਾਗਰਿਕ ਮੌਤ ਅਤੇ ਜ਼ਖਮੀ ਹੋਣ ਦਾ ਜੋਖਮ ਝੱਲ ਰਹੇ ਹਨ। ਐਮਨੈਸਟੀ ਇੰਟਰਨੈਸ਼ਨਲ ਨੇ ਇਜ਼ਰਾਈਲ ਅਤੇ ਜੀ.ਐਚ.ਐਫ. ’ਤੇ ਫਲਸਤੀਨੀਆਂ ਨੂੰ ਝੁਕਾਉਣ ਲਈ ਭੁੱਖਮਰੀ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼ ਲਗਾਇਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਇੱਕ ਅੰਤਰਰਾਸ਼ਟਰੀ ਸ਼ਾਂਤੀ ਵਾਰਤਾਕਾਰ ਵਜੋਂ ਕੰਮ ਕਰਦੇ ਹੋਏ ਅਤੇ ਹੁਣ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਇੱਕੋ ਸਾਹ ਵਿੱਚ ਇੱਕ ਪਾਸੇ ਤਾਂ ਗਾਜ਼ਾ ਜੰਗ ਦੇ ਅੰਤ ਅਤੇ ਸ਼ਾਂਤੀ ਦੇ ਅਲੰਬਰਦਾਰ ਬਣੇ ਹੋਏ ਹਨ, ਪਰ ਦੂਜੇ ਪਾਸੇ, ਇਜ਼ਰਾਈਲ ਦੁਆਰਾ ਫ਼ਲਸਤੀਨੀ ਨਸਲਕੁਸ਼ੀ ਨੂੰ ਸਵੈ-ਰੱਖਿਆ ਵਜੋਂ ਜਾਇਜ਼ ਠਹਿਰਾ ਰਹੇ ਹਨ। ਬੀ.ਬੀ.ਸੀ. ਅਨੁਸਾਰ, ਇਸ ਸਥਿਤੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਇੱਕ ਆਮ ਫਲਸਤੀਨੀ ਨੇ ਕਿਹਾ : ‘ਖ਼ਬਰਾਂ ਵਿੱਚ ਅਸੀਂ ਸੁਣਦੇ ਹਾਂ ਕਿ ਜੰਗਬੰਦੀ ਨੇੜੇ ਹੈ, ਜ਼ਮੀਨ ’ਤੇ ਅਸੀਂ ਮੌਤ ਦੇਖਦੇ ਹਾਂ ਅਤੇ ਧਮਾਕੇ ਸੁਣਦੇ ਹਾਂ।’
ਇਹ ਨਹੀਂ ਹੈ ਕਿ ਸ਼ਾਂਤੀ ਅਸੰਭਵ ਹੈ; ਸ਼ਾਂਤੀ ਇਸ ਲਈ ਨਹੀਂ ਹੋ ਰਹੀ ਕਿਉਂਕਿ ਗਾਜ਼ਾ ਵਿੱਚ ‘ਨਸਲਕੁਸ਼ੀ’ ਯੁੱਧ ’ਤੇ ਹਾਵੀ ਤਾਕਤਾਂ ਨੂੰ ਕਿਸੇ ਵੀ ਰਾਜਨੀਤਕ ਜਾਂ ਆਰਥਿਕ ਖਰਚੇ ਦੇ ਬੋਝ ਦਾ ਡਰ ਨਹੀਂ ਹੈ। ਅਸਲ ਵਿੱਚ ਇਹ ਯੁੱਧ ਇਸ ’ਤੇ ਹਾਵੀ ਤਾਕਤਾਂ ਦੇ ਹਿੱਤ ਪੂਰਦਾ ਹੈ: ਇਹ ਜੰਗ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਮੁਕੱਦਮੇ ਤੋਂ ਬਚਣ ਅਤੇ ਇਜ਼ਰਾਈਲ ਵਿੱਚ ਉਨ੍ਹਾਂ ਦੀ ਸਰਕਾਰ ਦੇ ਚੋਣਾਂ ਵਿੱਚ ਦੇਰੀ ਕਰਨ, ਅਮਰੀਕੀ ਰਾਜਨੀਤਕ ਅਰਥਵਿਵਸਥਾ ਨੂੰ ਆਪਣੀ ਵਿਸ਼ਵ ਲੀਡਰਸ਼ਿਪ ਅਤੇ ਹਥਿਆਰਾਂ ਦੀ ਵਿਕਰੀ ਲਈ ਅਤੇ ਅਮਰੀਕਾ ਦੀ ਅਗਵਾਈ ਵਾਲੇ ਪੱਛਮ ਨੂੰ ਮੱਧ ਪੂਰਬ ਵਿੱਚ
ਸਰੋਤਾਂ ਅਤੇ ਹਥਿਆਰਾਂ ਦੀ ਮਾਰਕੀਟ ਵਿੱਚ ਹਿੱਸੇਦਾਰੀ ਹਿੱਤਾਂ ਦੀ ਪੂਰਤੀ ਕਰਦੀ ਹੈ। ਸ਼ਾਂਤੀ ਬਣਾਉਣ ਦੇ ਸਮਰੱਥ ਤਾਕਤਾਂ ਇੱਕੋ ਸਮੇਂ ਜੰਗ ’ਤੇ ਬਾਲਣ ਅਤੇ ਪਾਣੀ ਦੋਵੇਂ ਛਿੜਕਣ ਦੀ ਰਾਜਨੀਤੀ ਕਰ ਰਹੇ ਹਨ। ਇਸ ਤਰ੍ਹਾਂ ਸਥਾਈ ਸ਼ਾਂਤੀ ਆਮ ਫਲਸਤੀਨੀਆਂ ਲਈ ਨੇੜਲੇ ਭਵਿੱਖ ਵਿੱਚ ਇੱਕ ਭਰਮ ਹੀ ਹੈ, ਹਾਲਾਂਕਿ ਉਮੀਦ ਦੇ ਵਿਰੁੱਧ ਉਮੀਦ ਰੱਖਣ ਨਾਲ ਉਮੀਦ ਕਾਇਮ ਰਹਿੰਦੀ ਹੈ।
* ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 94642-25655