ਡਾਕ ਐਤਵਾਰ ਦੀ
ਜਾਣਕਾਰੀ ਭਰਪੂਰ ਲੇਖ
ਐਤਵਾਰ 22 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾ. ਮੇਘਾ ਸਿੰਘ ਨੇ ਅਖ਼ਬਾਰ ਦੇ ਸਾਬਕਾ ਸੰਪਾਦਕ ਹਰਭਜਨ ਹਲਵਾਰਵੀ ਦੇ ਬੌਧਿਕ ਪੱਖਾਂ ਦਾ ਪਸਾਰ ਕਰਦੀ ਪੁਸਤਕ ਦੀ ਚਰਚਾ ਕੀਤੀ ਹੈ। ਹਰਭਜਨ ਹਲਵਾਰਵੀ ਨੇ ਲੰਮਾ ਸਮਾਂ ਪੰਜਾਬੀ ਟ੍ਰਿਬਿਊਨ ਵਿੱਚ ਰਹਿੰਦਿਆਂ ਇਸ ਨੂੰ ਨਵੀਆਂ ਲੀਹਾਂ ’ਤੇ ਪਾਇਆ। ਜਸਬੀਰ ਭੁੱਲਰ ਨੇ ਨਿੱਕੇ ਨਿੱਕੇ ਦ੍ਰਿਸ਼ਾਂਂ ਦਾ ਦਿਲਚਸਪ ਤੇ ਭਾਵਪੂਰਤ ਜ਼ਿਕਰ ਕੀਤਾ ਹੈ। ਪਰਵਾਸ ਨੇ ਪੰਜਾਬ ਵਿੱਚ ਬਹੁਤ ਸਾਰੇ ਬਜ਼ੁਰਗ ਮਾਪਿਆਂ ਦਾ ਜੀਵਨ ਔਖਾ ਕੀਤਾ ਹੈ। ਉਨ੍ਹਾਂਂ ਦੇ ਆਪਣੇ ਬੱਚੇ (ਸਹਾਰੇ) ਸੱਤ ਸਮੁੰਦਰੋਂ ਪਾਰ ਬੈਠੈ ਹਨ। ਪਰਵਾਸ ਦਾ ਇਹ ਦਰਦ ਹੈ, ਜਿਸ ਨੂੰ ਜਸਬੀਰ ਭੁੱਲਰ ਨੇ ਸ਼ਬਦਾਂ ਵਿੱਚ ਢਾਲਣ ਦਾ ਯਤਨ ਕੀਤਾ ਹੈ। ਦੇਸ਼ ਵਿੱਚ ਲੱਗੀ ਐਮਰਜੈਂਸੀ ਦੀਆਂ ਯਾਦਾਂ ਪੜ੍ਹ ਕੇ ਅਕਾਲੀ ਦਲ ਵੱਲੋਂ ਕੀਤੇ ਵਿਰੋਧ ਦੀ ਯਾਦ ਤਾਜ਼ਾ ਹੋਈ। ਕਹਾਣੀ ‘ਪੰਜ ਮਿੰਟ ਬਾਕੀ’ ਵਿੱਚ ਔਰਤ ਦੀ ਮਾਨਸਿਕਤਾ ਦਾ ਚਿਤਰਣ ਦਿਲਚਸਪ ਹੈ। ਡਾ. ਧਨਵੰਤ ਕੌਰ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਚੰਗਾ ਹੈ। ਕਹਾਣੀ ਔਰਤ ਦੀ ਜ਼ਿੰਦਗੀ ਦੀ ਦਾਸਤਾਨ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਜਹਾ ਦਾਣੇ ਤਹਾ ਖਾਣੇ
ਐਤਵਾਰ 15 ਜੂਨ ਨੂੰ ਦਸਤਕ ਪੰਨੇ ’ਤੇ ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਅੰਨ ਜਲ ਦੀ ਖੇਡ’ ਪੜ੍ਹਿਆ। ਉਨ੍ਹਾਂ ਨੇ ਆਪਣੇ ਜੀਵਨ ਦੀ ਕਿਰਤ ਬਾਰੇ ਲਿਖਿਆ ਹੈ ਕਿ ਇਹ ਕਿਸੇ ਦੇ ਹੱਥ ਵਸ ਨਹੀਂ ਜਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਹੈ ਬੰਦਾ ਉੱਥੇ ਚਲਾ ਜਾਂਦਾ ਹੈ ਭਾਵੇਂ ਉਸ ਦੀ ਇੱਛਾ ਵੀ ਨਾ ਹੋਵੇ। ਉਨ੍ਹਾਂ ਇਹ ਲੇਖ ਗੁਰਬਾਣੀ ਦੀ ਢੁਕਵੀਂ ਪੰਕਤੀ ਲਿਖ ਕੇ ਸਮਾਪਤ ਕੀਤਾ ਜੋ ਬਹੁਤ ਵਧੀਆ ਲੱਗਿਆ।
ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)
ਧੁਆਂਖੀ ਸਚਾਈ
ਐਤਵਾਰ 8 ਜੂਨ ਨੂੰ ਅਰਵਿੰਦਰ ਕੌਰ ਜੌਹਲ ਦਾ ਲੇਖ ‘ਝੂਠੀਆਂ ਖ਼ਬਰਾਂ ਦੇ ਯੁੱਧ ’ਚ ਧੁਆਂਖੀ ਸਚਾਈ’ ਪੜ੍ਹ ਕੇ ਯਾਦ ਆਈ ਛੇ ਮਨੁੱਖ ਜਿਹੜੇ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਸਨ ਅਤੇ ਉਨ੍ਹਾਂ ਦੀ ਹਾਥੀ ਪ੍ਰਤੀ ਸਮਝ। ਇਹ ਪ੍ਰਸਿੱਧ ਭਾਰਤੀ ਕਹਾਣੀ ਹੈ ਜਿਸ ਵਿੱਚ ਛੇ ਅਜਿਹੇ ਮਨੁੱਖਾਂ ਨੂੰ ਹਾਥੀ ਬਾਰੇ ਆਪਣਾ ਅਨੁਭਵ ਦੱਸਣ ਲਈ ਕਿਹਾ ਗਿਆ। ਹਰੇਕ ਨੇ ਆਪਣੇ ਸੀਮਤ ਅਨੁਭਵ ਨਾਲ ਕਿਹਾ- ਹਾਥੀ ਕੰਧ ਵਰਗਾ ਹੈ ਜਿਸ ਦਾ ਹੱਥ ਉਸ ਦੇ ਢਿੱਡ ਵਾਲੇ ਹਿੱਸੇ ਉੱਤੇ ਲੱਗਿਆ, ਨੇਜ਼ੇ ਵਰਗਾ ਜਿਸ ਦਾ ਹੱਥ ਉਸ ਦੇ ਬਾਹਰੀ ਦੰਦਾਂ ਉੱਤੇ ਲੱਗਿਆ, ਥਮਲੇ ਵਰਗਾ ਜਿਸ ਦਾ ਹੱਥ ਉਸ ਦੀ ਲੱਤ ਉੱਤੇ ਲੱਗ ਗਿਆ, ਪੱਖੇ ਵਰਗਾ ਜਿਸ ਦਾ ਹੱਥ ਉਸ ਦੇ ਕੰਨ ਉੱਤੇ ਲੱਗ ਗਿਆ, ਸੱਪ ਵਰਗਾ ਜਿਸ ਦੇ ਹੱਥ ਉਸ ਦੀ ਸੁੰਢ ਉੱਤੇ ਲੱਗਿਆ ਅਤੇ ਰੱਸੀ ਵਰਗਾ ਜਿਸ ਦਾ ਹੱਥ ਉਸ ਦੀ ਪੂਛ ਉੱਤੇ ਲੱਗਿਆ। ਸਾਰ-ਤੱਤ ਇਹ ਹੈ ਕਿ ਕਿਸੇ ਦਾ ਅਨੁਭਵ ਵੀ ਸਹੀ ਨਹੀਂ ਸੀ ਕਿਉਂਕਿ ਉਨ੍ਹਾਂ ਪੂਰੀ ਸਚਾਈ ਨੂੰ ਨਹੀਂ ਸਮਝਿਆ ਜਾਂ ਸਮਝਣ ਤੋਂ ਅਸਮਰੱਥ ਸਨ। ਟੀਵੀ ਉੱਤੇ ਖ਼ਬਰਾਂ ਦਾ ਸੰਸਾਰ ਅਤੇ ਬਹਿਸ ਅਜਿਹੀ ਹੀ ਬਿਮਾਰੀ ਦਾ ਸ਼ਿਕਾਰ ਹਨ। ਉਹ ਝੱਟ ਵਿੱਚ ਮਾਮੂਲੀ ਜਿਹੇ ਹੋਏ ਅਨੁਭਵ ਨੂੰ ਪੂਰੀ ਤਸਵੀਰ ਬਣਾ ਕੇ ਦਿਖਾਉਣ ਲੱਗ ਜਾਂਦੇ ਹਨ। ਸਿੱਟਾ ਨਿਕਲਦਾ ਹੈ ਕਿ ਸਚਾਈ ਇਸ ਜੰਜਾਲ ਵਿੱਚ ਲੱਭਣੀ ਤਾਂ ਕੀ ਸੀ, ਉਸ ਦੀ ਸ਼ਕਲ ਹੀ ਧੁਆਂਖੀ ਜਾਂਦੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ