DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋਵੇਂ ਪੰਜਾਬਾਂ ਦੀਆਂ ਲੋਕ ਭਾਵਨਾਵਾਂ

ਭਾਈ ਅਸ਼ੋਕ ਸਿੰਘ ਬਾਗੜੀਆਂ

  • fb
  • twitter
  • whatsapp
  • whatsapp
Advertisement

ਭਾਈ ਅਸ਼ੋਕ ਸਿੰਘ ਬਾਗੜੀਆਂ

ਓਲੰਪਿਕ ਖੇਡਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਜੇਤੂ ਨੌਜਵਾਨ ਖਿਡਾਰੀ ਅਰਸ਼ਦ ਨਦੀਮ ਅਤੇ ਨੀਰਜ ਚੋਪੜਾ ਦੇ ਜਿੱਤਣ ਉਪਰੰਤ ਦੋਵਾਂ ਦੀਆਂ ਮਾਵਾਂ ਨੇ ਜਿਸ ਤਰ੍ਹਾਂ ਦੇ ਇੱਕ ਦੂਜੇ ਲਈ ਭਾਈਚਾਰਕ ਸਾਂਝ ਵਾਲੇ ਬਿਆਨ ਦਿੱਤੇ, ਉਸ ਨੇ ਦੋਹਾਂ ਪੰਜਾਬਾਂ ਨੂੰ ਭਾਵੁਕ ਕਰ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 1947 ਦੀ ਆਜ਼ਾਦੀ ਦੀ ਭੇਟ ਚੜ੍ਹੇ ਪੰਜਾਬ ਦੇ ਦੋਵੇਂ ਹਿੱਸੇ ਇੱਕ ਦੂਸਰੇ ਲਈ ਧੜਕਦੇ ਹਨ। ਦੋਹਾਂ ਪੰਜਾਬਾਂ ਦੇ ਸੱਭਿਆਚਾਰ, ਬੋਲੀ, ਰਹਿਣ ਸਹਿਣ ਆਦਿ ਇੱਕੋ ਜਿਹਾ ਹੋਣ ਕਰਕੇ ਅਤੇ ਇੱਕ ਲੰਮਾ ਸਮਾਂ ਇਕੱਠੇ ਰਹਿਣ ਕਾਰਨ ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਇਸ ਵੰਡ ਨੇ ਜ਼ਬਰਦਸਤ ਝਟਕਾ ਦਿੱਤਾ ਹੈ।

ਸਿੱਖਾਂ ਦਾ ਲਹਿੰਦੇ ਪੰਜਾਬ, ਖ਼ਾਸ ਕਰਕੇ ਲਾਹੌਰ ਨਾਲ ਗਹਿਰਾ ਤੇ ਇਤਿਹਾਸਕ ਰਿਸ਼ਤਾ ਹੈ। ਲਾਹੌਰ ਸਿੱਖ ਇਤਿਹਾਸ ਵਿੱਚ ਖ਼ਾਸ ਮੁਕਾਮ ਰੱਖਦਾ ਹੈ ਤੇ ਇਸ ਸ਼ਹਿਰ ਨੂੰ ਸਿੱਖ ਧਰਮ ਦੇ ਗੜ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਾਬਾ ਨਾਨਕ ਦਾ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਜੋਤੀ ਜੋਤ ਸਥਾਨ ਕਰਤਾਰਪੁਰ ਸਾਹਿਬ ਅਤੇ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ (ਲਾਹੌਰ) ਹੋਣਾ; ਮਹਾਰਾਜਾ ਰਣਜੀਤ ਸਿੰਘ ਜਿਹੜੇ ਸਿੱਖ ਸਲਤਨਤ ਦੇ ਬਾਨੀ ਸਨ, ਵੱਲੋਂ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਉਣ ਕਾਰਨ ਇਹ ਸ਼ਹਿਰ ਸਿੱਖ ਰਾਜ ਦਾ ਕੇਂਦਰ ਬਣਨ ’ਤੇ ਇਸ ਦੀ ਆਰਥਿਕ, ਸੰਸਕ੍ਰਿਤਕ ਤੇ ਰਾਜਨੀਤਕ ਮਹੱਤਤਾ ਦਾ ਵਧਣਾ ਅਤੇ ਲਾਹੌਰ ਵਿੱਚ ਕਈ ਗੁਰਦੁਆਰੇ ਤੇ ਇਤਿਹਾਸਕ ਸਥਾਨ ਮੌਜੂਦ ਹੋਣ ਕਾਰਨ ਇਹ ਸਥਾਨ ਸਿੱਖ ਸਮਾਜ ਦੀ ਰੂਹ ਨਾਲ ਜੁੜੇ ਹੋਏ ਹਨ। ਇਸ ਲਈ ਸਿੱਖਾਂ ਦੇ ਦਿਲ ਵਿੱਚ ਲਹਿੰਦੇ ਪੰਜਾਬ ਲਈ ਪਿਆਰ ਹੋਣਾ ਸੁਭਾਵਿਕ ਹੈ। ਪੰਜਾਬੀਆਂ ਦੇ ਲਾਹੌਰ ਸ਼ਹਿਰ ਨਾਲ ਪਿਆਰ ਦੀ ਹਾਮੀ ਭਾਰਤ ਦਾ ਬਟਵਾਰਾ ਕਰਨ ਵਾਲਾ ਰੈਡਕਲਿਫ ਇਸ ਤਰ੍ਹਾਂ ਕਰਦਾ ਹੈ: ਇਸ ਕਮਿਸ਼ਨ ਲਈ ਸਭ ਤੋਂ ਔਖਾ ਕੰਮ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਰੈਡਕਲਿਫ ਲਿਖਦਾ ਹੈ: ‘‘ਮੈਂ (ਵੰਡ ਦਾ) ਨਕਸ਼ਾ ਤਿਆਰ ਕਰਨ ਵੇਲੇ ਮੁਸ਼ਕਿਲ ਵਿੱਚ ਸੀ ਕਿਉਂਕਿ ਭਾਰਤ ਨੂੰ ਇੱਕ ਵੱਡਾ ਸ਼ਹਿਰ ਕਲਕੱਤਾ ਦੇ ਦਿੱਤਾ ਸੀ ਅਤੇ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਾ ਹੋਣ ਕਰਕੇ ਲਾਹੌਰ ਪਾਕਿਸਤਾਨ ਨੂੰ ਦੇਣਾ ਪਿਆ।’’ ਉਸ ਨੇ ਆਪਣੇ ਭਤੀਜੇ ਨੂੰ ਲਿਖੀ ਚਿੱਠੀ ਵਿੱਚ ਜ਼ਿਕਰ ਕਰਦਿਆਂ ਕਿਹਾ ਸੀ ਕਿ ‘‘ਮੈਨੂੰ ਭਾਰਤੀ ਕਦੀ ਮੁਆਫ਼ ਨਹੀਂ ਕਰਨਗੇ ਖ਼ਾਸ ਕਰਕੇ ਪੰਜਾਬੀ ਸਿੱਖ, ਜਿਨ੍ਹਾਂ ਕੋਲੋਂ ਉਨ੍ਹਾਂ ਦਾ ਸ਼ਹਿਰ ਲਾਹੌਰ ਖੋਹ ਕੇ ਮੈਂ ਪਾਕਿਸਤਾਨ ਨੂੰ ਦੇ ਦਿੱਤਾ।’’ (ਹਵਾਲਾ: ਅਵਤਾਰ ਸਿੰਘ ਆਨੰਦ, ਪੰਜਾਬੀ ਟ੍ਰਿਬਿਊਨ)

Advertisement

1947 ਦੀ ਵੰਡ ਤੋਂ ਬਾਅਦ ਜਦੋਂ ਭਾਰਤ ਅਤੇ ਪਾਕਿਸਤਾਨ ਵੱਖ ਹੋਏ ਤਾਂ ਬਹੁਤ ਸਾਰੇ ਮੁਸਲਮਾਨ ਧਾਰਮਿਕ ਸਥਾਨ ਭਾਰਤੀ ਪੰਜਾਬ ਵਿੱਚ ਰਹਿ ਗਏ, ਜਿਨ੍ਹਾਂ ਵਿੱਚ ਮਾਲੇਰਕੋਟਲਾ (ਮਾਲੇਰਕੋਟਲਾ ਭਾਰਤੀ ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਅੱਜ ਵੀ ਵੱਡੀ ਗਿਣਤੀ ’ਚ ਮੁਸਲਮਾਨ ਰਹਿੰਦੇ ਹਨ) ਸਥਿਤ ਕਈ ਮਸਜਿਦਾਂ ਜਿਵੇਂ ਕਿ ਮੁਬਾਰਕ ਮਸਜਿਦ, ਮਕਬਰਾ ਸ਼ਮਸ਼ੇਰ ਖਾਂ ਅਤੇ ਕਈ ਹੋਰ ਪੁਰਾਣੀਆਂ ਮਸਜਿਦਾਂ ਸ਼ਾਮਲ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੀ ਜਾਮਾ ਮਸਜਿਦ ਅਤੇ ਸਰਹਿੰਦ (ਜੋ ਪੁਰਾਤਨ ਕਾਲ ਵਿੱਚ ਇੱਕ ਮਹੱਤਵਪੂਰਨ ਸ਼ਹਿਰ ਸੀ) ਵਿੱਚ ਫਤਿਹਗੜ੍ਹ ਮਕਬਰਾ ਅਜੇ ਵੀ ਸੁਰੱਖਿਅਤ ਹੈ। ਇਹ ਸਾਰੇ ਸਥਾਨ ਮੁਸਲਮਾਨਾਂ ਦੀ ਧਾਰਮਿਕ ਅਤੇ ਸੰਸਕ੍ਰਿਤਕ ਧਰੋਹਰ ਦਾ ਅਹਿਮ ਹਿੱਸਾ ਹਨ। ਇਨ੍ਹਾਂ ਸਥਾਨਾਂ ਦੀ ਅੱਜ ਵੀ ਲਹਿੰਦੇ ਪੰਜਾਬ ਦੇ ਮੁਸਲਮਾਨ ਜ਼ਿਆਰਤ ਕਰਨਾ ਲੋਚਦੇ ਹਨ ਅਤੇ ਉਨ੍ਹਾਂ ਦੀ ਇਨ੍ਹਾਂ ਪਵਿੱਤਰ ਸਥਾਨਾਂ ਲਈ ਤੜਪ ਮਹਿਸੂਸ ਕੀਤੀ ਜਾ ਸਕਦੀ ਹੈ।

Advertisement

ਇਸ ਲਈ ਦੋਵੇਂ ਪੰਜਾਬਾਂ ਦੇ ਲੋਕਾਂ ਵਿੱਚ ਇੱਕ ਦੂਜੇ ਲਈ ਸਦਭਾਵਨਾ ਹੋਣਾ ਸੁਭਾਵਿਕ ਹੈ। ਦੋਵੇਂ ਖਿਡਾਰੀਆਂ ਦੀਆਂ ਮਾਵਾਂ ਨੇ ਇੱਕ ਦੂਜੇ ਪ੍ਰਤੀ ‘ਆਪਣਾ ਪੁੱਤਰ’ ਕਹਿ ਕੇ ਅਪਣੱਤ ਦਿਖਾਈ ਹੈ ਜੋ ਇਸ ਸੱਭਿਆਚਾਰਕ ਅਤੇ ਇਖਲਾਕੀ ਸਾਂਝ ਸਦਕਾ ਹੀ ਹੈ। ਇਹ ਵੀ ਸੱਚ ਹੈ ਕਿ ਦੋਵੇਂ ਪੰਜਾਬਾਂ ਦੀ ਵੰਡ ਵਿੱਚ ਫ਼ਿਰਕੂ ਕੱਟੜਤਾ ਅਤੇ ਸਿਆਸਤਦਾਨਾਂ ਨੇ ਭਰਪੂਰ ਨਫ਼ਰਤ ਵੰਡੀ ਹੈ ਅਤੇ ਉਨ੍ਹਾਂ ਪੰਜਾਬੀਆਂ ਨੂੰ ਇੱਕ ਦੂਜੇ ਖ਼ਿਲਾਫ਼ ਕਰ ਦਿੱਤਾ, ਜੋ ਮਜ਼ਹਬ ਦੀਆਂ ਜ਼ੰਜੀਰਾਂ ਤੋਂ ਉੱਪਰ ਉੱਠ ਕੇ ਸਦੀਆਂ ਤੋਂ ਇੱਕ ਦੂਜੇ ਦੇ ਨਾਲ ਰਹਿੰਦੇ ਆਏ ਅਤੇ ਇੱਕ ਦੂਜੇ ਦੇ ਦੁਖ-ਸੁਖ ਵਿੱਚ ਭਾਗੀਦਾਰ ਬਣਦੇ ਰਹੇ।

ਪਿਛਲੇ ਕੁਝ ਕੁ ਸਾਲਾਂ ਤੋਂ ਜਿਸ ਤਰ੍ਹਾਂ ਦੋਹਾਂ ਪੰਜਾਬਾਂ ਦੇ ਪੰਜਾਬੀ ਸਿਨੇਮਾ ਕਲਾਕਾਰਾਂ ਨੇ ਇੱਕ ਹੋ ਕੇ ਕੰਮ ਕੀਤਾ ਹੈ ਉਸ ਨਾਲ ਵੀ ਪੰਜਾਬੀਆਂ ਦੇ ਆਪਸੀ ਪਿਆਰ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਚੜ੍ਹਦੇ ਪੰਜਾਬ ਦੀ ਫਿਲਮ ਇੰਸਟਸਟਰੀ ਦੇ ਇਸਤਕਬਾਲ ਨੇ ਹੈਰਾਨੀ ਵਿੱਚ ਪਾ ਦਿੱਤਾ ਹੈ। ਇਸ ਤੋਂ ਪਹਿਲਾਂ ਚੜ੍ਹਦੇ ਪੰਜਾਬ ਦੇ ਲੋਕ ਲਹਿੰਦੇ ਪੰਜਾਬ ਵਿੱਚ ਫਿਲਮਾਏ ਜਾਂਦੇ ਅਮਾਨਉਲ੍ਹਾ, ਸੁਲਤਾਨ ਰਾਹੀ, ਉਮਰ ਸ਼ਰੀਫ, ਮਸਤਾਨਾ, ਬੱਬੂ ਬਰਾਲ ਜਿਹੇ ਕਈ ਦਿੱਗਜ ਕਲਾਕਾਰਾਂ ਦੇ ਸਟੇਜ ਡਰਾਮਿਆਂ ਦੇ ਸ਼ੌਕੀਨ ਸਨ। ਇਹ ਕਲਾਕਾਰ ਵੀ ਅਕਸਰ ਇਸ ਗੱਲ ਨੂੰ ਤਸਲੀਮ ਕਰਦੇ ਹਨ ਕਿ ਜਿਹੜੀਆਂ ਲੀਕਾਂ ਦੋਹਾਂ ਪੰਜਾਬਾਂ ਦਰਮਿਆਨ ਖਿੱਚ ਕੇ ਬਾਰਡਰ ਬਣਾਏ ਗਏ ਹਨ, ਉਨ੍ਹਾਂ ਦੀਆਂ ਨੀਹਾਂ ਹੇਠਾਂ 10 ਲੱਖ ਤੋਂ ਵੀ ਵੱਧ ਪੰਜਾਬੀਆਂ ਦੀਆਂ ਲਾਸ਼ਾਂ ਦੱਬੀਆਂ ਹੋਈਆਂ ਹਨ। ਇਨ੍ਹਾਂ ਸਰਹੱਦਾਂ ਨੂੰ ਬਣਾਉਣ ਲਈ ਅਣਗਿਣਤ ਔਰਤਾਂ, ਧੀਆਂ ਭੈਣਾਂ ਦੀਆਂ ਪੱਤਾਂ ਰੁਲੀਆਂ ਅਤੇ ਹੋਰ ਵੀ ਕਈ ਦਿਲ ਕੰਬਾ ਦੇਣ ਵਾਲੀਆਂ ਘਟਨਾਵਾਂ ਦਾ ਕਾਰਨ ਬਣੀ ਇਹ ਪੰਜਾਬ ਦੀ ਵੰਡ। ਇਸ ਵੰਡ ਵਿੱਚ ਮਿਲੇ ਅਸੀਮ ਦਰਦ ਨੂੰ ਜੇ ਚੜ੍ਹਦੇ ਪੰਜਾਬ ਦੀ ਧੀ ਅੰਮ੍ਰਿਤਾ ਪ੍ਰੀਤਮ ‘ਅੱਜ ਆਖਾਂ ਵਾਰਿਸ਼ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚ ਬੋਲ’ ਕਹਿ ਕੇ ਬਿਆਨ ਕਰਦੀ ਹੈ ਤਾਂ ਲਹਿੰਦੇ ਪੰਜਾਬ ਦਾ ਪੁੱਤਰ ਉਸਤਾਦ ਦਾਮਨ ਵੀ ਇਸ ਕਸਕ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ:

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ,

ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ,

ਹੋਏ ਤੁਸੀਂ ਵੀ ਓ ਹੋਏ ਅਸੀਂ ਵੀ ਆਂ।

ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,

ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ।

ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,

ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।

ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ,

ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦੱਸਦੀ ਏ,

ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।

ਇਸ ਲਈ 1947 ਦਾ ਸਾਲ ਦੇਸ਼ ਦੇ ਹੋਰ ਹਿੱਸਿਆਂ ਲਈ ਭਾਵੇਂ ਆਜ਼ਾਦੀ ਦਾ ਸੁਨੇਹਾ ਲੈ ਕੇ ਆਇਆ ਹੋਵੇੇ ਪਰ ਪੰਜਾਬ ਦੇ ਲੋਕਾਂ ਲਈ ਵੱਡੇ ਰੌਲ਼ੇ, ਘੱਲੂਘਾਰੇ, ਦੰਗੇ ਫਸਾਦ ਅਤੇ ਉਜਾੜੇ ਦਾ ਸਾਲ ਹੀ ਸੀ।

ਅਣਵੰਡੇ ਪੰਜਾਬਾਂ ਦੀ ਉਹ ਪੀੜ੍ਹੀ ਜਿਸ ਨੇ ਵੰਡ ਦੇ ਜ਼ਖ਼ਮ ਆਪਣੀ ਆਤਮਾ ਅਤੇ ਸਰੀਰ ਦੋਹਾਂ ’ਤੇ ਹੀ ਹੰਢਾਏ ਸਨ, ਉਹ ਹੁਣ ਹੌਲੀ ਹੌਲੀ ਲੁਪਤ ਹੁੰਦੀ ਜਾ ਰਹੀ ਹੈ ਅਤੇ ਨਵੀਂ ਪੀੜ੍ਹੀ ਕੋਲ ਵੰਡ ਤੋਂ ਪਹਿਲਾਂ ਦੇ ਪੰਜਾਬ ਬਾਰੇ ਜੋ ਤਸੱਵਰ ਮੌਜੂਦ ਹੈ, ਉਹ ਇਤਿਹਾਸਕ ਜਾਂ ਸਾਹਿਤਕ ਸਰੋਤਾਂ ਤੋਂ ਇਲਾਵਾ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਆਪਣੇ ਘਰਾਂ ਦੀਆਂ ਯਾਦਾਂ ਵਿੱਚ ਹੀ ਰਹਿ ਗਿਆ ਹੈ। ਭਾਵੇਂ ਇਹ ਯਾਦਾਂ ਵੀ ਹੌਲੀ ਹੋਲੀ ਖ਼ਤਮ ਹੋ ਰਹੀਆਂ ਹਨ, ਪਰ ਫਿਰ ਵੀ ਸਰਹੱਦ ਦੇ ਦੋਹਾਂ ਪਾਸਿਆਂ ਦੇ ਲੋਕ ਲਾਹੌਰ ਅਤੇ ਅੰਮ੍ਰਿਤਸਰ ਲਈ ਇੱਕ ਮਿੱਠੀ ਜਿਹੀ ਅਪਣੱਤ ਰੱਖਦੇ ਹਨ। ਇਹੀ ਕਾਰਨ ਹੈ ਕਿ ਦੋਹਾਂ ਪੰਜਾਬਾਂ ਦਾ ਬੁੱਧੀਜੀਵੀ ਵਰਗ ਆਪਣੀਆਂ ਸਾਹਿਤ ਗੋਸ਼ਟੀਆਂ ਇਨ੍ਹਾਂ ਸ਼ਹਿਰਾਂ ਵਿੱਚ ਰੱਖਣ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ।

ਦੋਹਾਂ ਪੰਜਾਬਾਂ ਦੇ ਲੋਕਾਂ ਵਿੱਚ ਆਪਸੀ ਪਿਆਰ ਲਈ ਇੱਕ ਹੋਰ ਕਾਰਕ ਵੀ ਕੰਮ ਕਰਦਾ ਹੈ, ਉਹ ਹੈ ਦੋਹਾਂ ਦਾ ਸਾਂਝਾ ਸਾਹਿਤ। ਜਿੱਥੇ ਇੱਕ ਪਾਸੇ ਬਾਬਾ ਨਾਨਕ ਅਤੇ ਬਾਬਾ ਫ਼ਰੀਦ ਜੀ ਦੀ ਅਧਿਆਤਮਕ ਬਾਣੀ ਸਾਂਝੇ ਪੰਜਾਬ ਦੇ ਲੋਕਾਂ ਨੂੰ ਰੂਹ ਦੀ ਸ਼ਾਂਤੀ ਦਿੰਦੀ ਹੈ, ਉੱਥੇ ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਵਰਗੇ ਸੂਫ਼ੀਆਂ ਦਾ ਬੇਮਿਸਾਲ ਸਾਹਿਤ ਵੀ ਇਨ੍ਹਾਂ ਦੇ ਪਿਛੋਕੜ ਅਤੇ ਸੱਭਿਆਚਾਰ ਨੂੰ ਇੱਕੋ ਮਿੱਟੀ ਦੇ ਜਾਏ ਹੋਣ ਦਾ ਤਸੱਵਰ ਦਿੰਦਾ ਹੈ ਅਤੇ ਦੁਵੱਲੀ ਸਾਂਝ ਨੂੰ ਸਥਿਰਤਾ ਬਖ਼ਸ਼ਦਾ ਹੈ। ਇਸੇ ਤਰ੍ਹਾਂ ਸੰਗੀਤ ਦੇ ਖੇਤਰ ਵਿੱਚ ਮਰਹੂਮ ਆਲਮ ਲੁਹਾਰ, ਗੁਲਾਮ ਅਲੀ, ਨੁਸਰਤ ਫਤਿਹ ਅਲੀ ਖਾਨ, ਲਾਲ ਚੰਦ ਯਮਲਾ, ਸੁਰਿੰਦਰ ਕੌਰ, ਪੂਰਨ ਚੰਦ, ਪਿਆਰੇ ਲਾਲ ਵਡਾਲੀ ਵਰਗੇ ਕਈ ਦਿੱਗਜ ਗਾਇਕਾਂ ਦੇ ਲੋਕ ਗੀਤਾਂ ਅਤੇ ਸੰਗੀਤ ਨੇ ਵੀ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਦਿਲ ਇੱਕ ਦੂਸਰੇ ਲਈ ਧੜਕਦੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਬਟਵਾਰੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ‘ਦੁਸ਼ਮਣ ਦੇਸ਼’ ਕਹਿ ਕੇ ਪ੍ਰਚਾਰਿਆ ਗਿਆ ਹੈ ਜਾਂ ਜਾਂਦਾ ਹੈ, ਪਰ ਇਨ੍ਹਾਂ ਦੁਸ਼ਮਣ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਪਿਆਰ ਅਤੇ ਅਪਣੱਤ ਅਤੇ ਇੱਕ ਦੂਜੇ ਲਈ ਸਤਿਕਾਰ ਇੱਕ ਅਲੱਗ ਹੀ ਕਹਾਣੀ ਕਹਿ ਰਿਹਾ ਹੈ। ਇਹ ਵੀ ਠੀਕ ਹੈ ਕਿ ਕੁਝ ਨਾਨ-ਸਟੇਟ ਐਕਟਰਜ਼ ਨੂੰ ਦੋਹਾਂ ਪੰਜਾਬਾਂ ਦੇ ਲੋਕਾਂ ਦਾ ਪਿਆਰ ਪਚ ਨਹੀਂ ਰਿਹਾ ਜਿਸ ਲਈ ਉਹ ਅਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਕਰ ਰਹੇ ਹਨ ਜਿਨ੍ਹਾਂ ਨਾਲ ਦੋਹਾਂ ਵਿੱਚ ਨਫ਼ਰਤ ਪੈਦਾ ਹੋਵੇ, ਪਰ ਸ਼ਾਇਦ ਉਹ ਇਸ ਸਾਜ਼ਿਸ਼ ਵਿੱਚ ਕਾਮਯਾਬ ਨਹੀਂ ਹੋ ਰਹੇ।

ਦੋਹਾਂ ਪੰਜਾਬਾਂ ਵਿੱਚ ਆਪਸੀ ਵਪਾਰ ਨੂੰ ਹੱਲਾਸ਼ੇਰੀ ਦੇਣ ਲਈ ਸਰਹੱਦ ਦੇ ਦੋਹੀਂ ਪਾਸੇ ਦੀਆਂ ਸੂਬਾਈ ਸਰਕਾਰਾਂ ਨੂੰ ਵੀ ਆਪਣੇ ਪੱਧਰ ’ਤੇ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਖੇਤੀਬਾੜੀ ਨਾਲ ਸਬੰਧਿਤ ਸੰਸਥਾਵਾਂ ਅਤੇ ਹੋਰ ਵਪਾਰੀ ਵਰਗ ਨੂੰ ਨਾਲ ਲੈਂਦੇ ਹੋਏ, ਕੇਂਦਰ ਸਰਕਾਰਾਂ ਨਾਲ ਇਸ ਵਪਾਰ ਨੂੰ ਖੋਲ੍ਹਣ ਦੀ ਗੱਲ ਕਰਨ ਦੀ ਬਹੁਤ ਲੋੜ ਹੈ। ਆਪਸੀ ਦੁਵੱਲੇ ਵਪਾਰ ਨਾਲ ਇੱਕ ਪਾਸੇ ਤਾਂ ਲੋਕਾਂ ਵਿੱਚ ਆਪਸੀ ਭਾਈਚਾਰੇ ਨੂੰ ਬਲ ਮਿਲੇਗਾ, ਦੂਸਰੇ ਪਾਸੇ ਦੋਹਾਂ ਸੂਬਿਆਂ ਦੇ ਲੋਕਾਂ ਦੀ ਵਿੱਤੀ ਹਾਲਤ ਉੱਤੇ ਵੀ ਉਸਾਰੂ ਪ੍ਰਭਾਵ ਪੈਣਗੇ।

ਦੋਹਾਂ ਸਰਹੱਦੀ ਸੂਬਿਆਂ ਵਿੱਚ ਲੋਕਾਂ ਦੇ ਆਪਸੀ ਸੁਖਾਵੇਂ ਅਤੇ ਅਪਣੱਤ ਭਰੇ ਮਾਹੌਲ ਨਾਲ ਅਤਿਵਾਦ, ਵੱਖਵਾਦ ਅਤੇ ਹੋਰ ਨਾਨ-ਸਟੇਟ ਐਕਟਰਜ਼, ਜੋ ਦੋਹਾਂ ਦੇਸ਼ਾਂ ਵਿਚਕਾਰ ਮਾਹੌਲ ਵਿਗਾੜ ਰਹੇ ਹਨ ਅਤੇ ਨਫ਼ਰਤ ਵਧਾ ਰਹੇ ਹਨ, ਦੀਆਂ ਗਤੀਵਿਧੀਆਂ ਨੂੰ ਵੀ ਹੌਲੀ-ਹੌਲੀ ਮੋੜਾ ਪਾਇਆ ਜਾ ਸਕਦਾ ਹੈ ਅਤੇ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ। ਇਹ ਹੀ ਕਾਰਨ ਹੈ ਕਿ ਜਦ ਕਦੇ ਭਾਰਤ ਦੀ ਪਾਕਿਸਤਾਨ ਨਾਲ ਜੰਗ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ ਤਾਂ ਕੇਵਲ ਪੰਜਾਬ ਦੇ ਲੋਕ ਹੀ ਆਮ ਕਰਕੇ ਜੰਗ ਦੇ ਖ਼ਿਲਾਫ਼ ਹੁੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਸੰਤਾਲੀ ਵੇਲੇ ਉਨ੍ਹਾਂ ਦੇ ਹੱਥ ਆਜ਼ਾਦੀ ਨਹੀਂ, ਉਜਾੜਾ ਲੱਗਿਆ ਤੇ ਹੁਣ ਵੀ ਜੇ ਜੰਗ ਲੱਗੇਗੀ ਤਾਂ ਸਰਹੱਦੀ ਪਿੰਡਾਂ ਦੇ ਹੱਥ ਫੇਰ ਉਜਾੜਾ ਹੀ ਲੱਗੇਗਾ।

ਜੋ ਮਾਜ਼ੀ ਵਿੱਚ ਹੋ ਚੁਕਾ ਹੈ, ਉਸ ਨੂੰ ਤਾਂ ਹੁਣ ਬਦਲਿਆ ਨਹੀਂ ਜਾ ਸਕਦਾ, ਪਰ ਦੋਹਾਂ ਪੰਜਾਬਾਂ ਦੇ ਲੋਕ ਆਪਸੀ ਪਿਆਰ ਮੁਹੱਬਤ ਅਤੇ ਮੇਲ ਮਿਲਾਪ ਵਧਾ ਸਕਦੇ ਹਨ। ਇਸ ਲਈ ਅਜੋਕੇ ਸਮੇਂ ਵਿੱਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਆਪਸੀ ਮੇਲ ਮਿਲਾਪ ਨੂੰ ਵਧਾਉਣ, ਵਪਾਰ ਕਰਨ ਅਤੇ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ (ਜ਼ਿਆਰਤ) ਕਰਨ ਅਤੇ ਆਪਣੀ ਸਭਿਆਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਐਸੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਲੋਕ ਧਾਰਮਿਕ ਨਫ਼ਰਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਫਿਰ ਤੋਂ ਵਧਾ ਸਕਣ।

ਅੰਤ ਵਿੱਚ ਦੋਹਾਂ ਅਣਵੰਡੇ ਪੰਜਾਬ ਦੀਆਂ ‘ਦੋਵਾਂ ਮਾਵਾਂ’ ਦੀ ਤਾਰੀਫ਼ ਇਸ ਲਈ ਵੀ ਬਣਦੀ ਹੈ ਕਿ ਉਨ੍ਹਾਂ ਦੇ ਇਸ ਬਿਆਨ ਨੇ ਲੋਕਾਂ ਵਿੱਚੋਂ ਨਫ਼ਰਤਾਂ ਖ਼ਤਮ ਕਰਕੇ ਇੱਕ ਦੂਜੇ ਲਈ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਫਿਰ ਤੋਂ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦਾ ਇੱਕ ਦੂਸਰੇ ਨਾਲ ਮੇਲ ਮਿਲਾਪ ਵਧਾਉਣ ਲਈ ਵੀਜ਼ਾ ਨੀਤੀਆਂ ਨੂੰ ਆਸਾਨ ਕੀਤਾ ਜਾਵੇ।

ਸੰਪਰਕ: 98140-95308

Advertisement
×