ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਂਧੀ ਦੇ ਵਾਰਿਸ ਰਾਜਮੋਹਨ ਦੀ ਉਸਤਤ ’ਚ

ਮਹਾਤਮਾ ਗਾਂਧੀ ਦੇ ਚਾਰ ਪੁੱਤਰ ਸਨ। ਆਪਣੇ ਦੋ ਵੱਡੇ ਪੁੱਤਰਾਂ ਹਰੀਲਾਲ ਅਤੇ ਮਣੀਲਾਲ ਨਾਲ ਉਨ੍ਹਾਂ ਦਾ ਵਰਤਾਓ ਬਹੁਤ ਸਖ਼ਤ ਸੀ ਤੇ ਤੀਜੇ ਪੁੱਤਰ ਰਾਮਦਾਸ ਨੂੰ ਅਕਸਰ ਦਬਾਉਂਦੇ ਰਹਿੰਦੇ ਸਨ। ਜਦੋਂ ਉਨ੍ਹਾਂ ਦੇ ਚੌਥੇ ਪੁੱਤਰ ਦੇਵਦਾਸ ਦਾ ਜਨਮ ਹੋਇਆ ਤਦ ਤੀਕ...
Advertisement

ਮਹਾਤਮਾ ਗਾਂਧੀ ਦੇ ਚਾਰ ਪੁੱਤਰ ਸਨ। ਆਪਣੇ ਦੋ ਵੱਡੇ ਪੁੱਤਰਾਂ ਹਰੀਲਾਲ ਅਤੇ ਮਣੀਲਾਲ ਨਾਲ ਉਨ੍ਹਾਂ ਦਾ ਵਰਤਾਓ ਬਹੁਤ ਸਖ਼ਤ ਸੀ ਤੇ ਤੀਜੇ ਪੁੱਤਰ ਰਾਮਦਾਸ ਨੂੰ ਅਕਸਰ ਦਬਾਉਂਦੇ ਰਹਿੰਦੇ ਸਨ। ਜਦੋਂ ਉਨ੍ਹਾਂ ਦੇ ਚੌਥੇ ਪੁੱਤਰ ਦੇਵਦਾਸ ਦਾ ਜਨਮ ਹੋਇਆ ਤਦ ਤੀਕ ਗਾਂਧੀ ਦੇ ਸੁਭਾਅ ’ਚ ਪਿਤਾ ਵਜੋਂ ਕਾਫ਼ੀ ਨਰਮੀ ਆ ਗਈ ਸੀ। ਸਭ ਤੋਂ ਛੋਟਾ ਦੇਵੋ ਆਪਣੀ ਮਾਂ ਕਸਤੂਰਬਾ ਦਾ ਵੀ ਚਹੇਤਾ ਸੀ। ਆਪਣੇ ਨਿਮਰ, ਮਦਦਗਾਰ ਸੁਭਾਅ ਸਦਕਾ ਉਹ ਆਸ਼ਰਮ ਦੇ ਜੀਵਨ ਵਿੱਚ ਸਹਿਜ ਨਾਲ ਰਚ-ਮਿਚ ਗਿਆ। ਜਿਉਂ-ਜਿਉਂ ਉਹ ਵੱਡਾ ਹੋਇਆ, ਉਸ ਨੇ ਤਨਦੇਹੀ ਨਾਲ ਉਹੀ ਕੀਤਾ ਜੋ ਉਸ ਦੇ ਪਿਤਾ ਉਸ ਨੂੰ ਕਰਨ ਲਈ ਕਹਿੰਦੇ ਸਨ, ਫਿਰ ਭਾਵੇਂ ਉਹ ਸੂਤ ਕੱਤਣਾ ਹੋਵੇ ਜਾਂ ਫਿਰ ਦੱਖਣੀ ਭਾਰਤੀਆਂ ਨੂੰ ਹਿੰਦੀ ਪੜ੍ਹਾਉਣਾ।

ਦੇਵਦਾਸ ਨੇ ਸਿਰਫ਼ ਇੱਕ ਵਾਰ ਆਪਣੇ ਪਿਤਾ ਦੀ ਗੱਲ ਨਹੀਂ ਮੰਨੀ ਸੀ ਜਦੋਂ ਗਾਂਧੀ ਦੇ ਕਰੀਬੀ ਤੇ ਰਾਜਾ ਜੀ ਵਜੋਂ ਜਾਣੇ ਜਾਂਦੇ ਸੀ. ਰਾਜਗੋਪਾਲਾਚਾਰੀ ਦੀ ਧੀ ਲਕਸ਼ਮੀ ਨਾਲ ਉਸ (ਦੇਵਦਾਸ) ਨੂੰ ਪਿਆਰ ਹੋ ਗਿਆ ਸੀ। ਉਨ੍ਹਾਂ ਦੇ ਇਸ ਰਿਸ਼ਤੇ ਨੂੰ ਗਾਂਧੀ ਅਤੇ ਰਾਜਾਜੀ ਦੋਵਾਂ ਨੇ ਪ੍ਰਵਾਨ ਨਹੀਂ ਕੀਤਾ। ਦੇਵਦਾਸ ਅਤੇ ਲਕਸ਼ਮੀ ਦੇ ਪਿਆਰ ਦਾ ਇਮਤਿਹਾਨ ਲੈਣ ਲਈ ਮਾਪਿਆਂ ਨੇ ਉਨ੍ਹਾਂ ਨੂੰ ਪੰਜ ਸਾਲ ਇੱਕ ਦੂਜੇ ਨਾਲ ਗੱਲ ਕਰਨ ਜਾਂ ਖ਼ਤ ਲਿਖਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਬਹੁਤ ਦ੍ਰਿੜ੍ਹਤਾ ਨਾਲ ਇੰਤਜ਼ਾਰ ਕੀਤਾ ਅਤੇ ਸਮਾਂ ਪੂਰਾ ਹੋਣ ’ਤੇ ਵਿਆਹ ਕਰ ਲਿਆ। ਦੇਵਦਾਸ ਨੂੰ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਵਿੱਚ ਨੌਕਰੀ ਮਿਲ ਗਈ ਅਤੇ ਉਹ ਲਕਸ਼ਮੀ ਨੂੰ ਲੈ ਕੇ ਦਿੱਲੀ ਚਲਾ ਗਿਆ। ਇਸੇ ਸ਼ਹਿਰ ਵਿੱਚ ਉਨ੍ਹਾਂ ਦੇ ਚਾਰ ਬੱਚਿਆਂ ਦਾ ਜਨਮ ਹੋਇਆ: 1934 ਵਿੱਚ ਤਾਰਾ, 1935 ਵਿੱਚ ਰਾਜਮੋਹਨ, 1937 ਵਿੱਚ ਰਾਮਚੰਦਰ ਅਤੇ 1945 ਵਿੱਚ ਗੋਪਾਲਕ੍ਰਿਸ਼ਨ ਨੇ ਜਨਮ ਲਿਆ।

Advertisement

ਮਹਾਤਮਾ ਗਾਂਧੀ ਦੇ ਪੁੱਤਰ ਨੇ ਰਾਜਾਜੀ ਦੀ ਧੀ ਨਾਲ ਕਿਵੇਂ ਵਿਆਹ ਕਰਾਇਆ ਸੀ, ਇਹ ਕਹਾਣੀ ਬਚਪਨ ਤੋਂ ਹੀ ਮੇਰੇ ਮਨ ਵਿੱਚ ਵਸੀ ਹੋਈ ਸੀ। ਭਾਰਤ ਦੀਆਂ ਮੱਧਵਰਗੀ ਸਫ਼ਾਂ ਵਿੱਚ ਦੇਵਦਾਸ-ਲਕਸ਼ਮੀ ਦੇ ਰੁਮਾਂਸ ਦੀ ਕਹਾਣੀ ਨੂੰ ਵੱਡੇ ਪੱਧਰ ’ਤੇ ਸਲਾਹਿਆ ਜਾਂਦਾ ਸੀ। ਮੇਰੇ ਮਾਤਾ ਪਿਤਾ ਨੂੰ ਵੀ ਇਸ ਪਿਆਰ ਕਹਾਣੀ ਨੇ ਪ੍ਰੇਰਿਤ ਕੀਤਾ ਸੀ, ਜਿਨ੍ਹਾਂ ਨੂੰ ਆਪੋ ਵਿੱਚ ਪਿਆਰ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਸ਼ਾਦੀ ਲਈ ਆਪਣੇ ਪਰਿਵਾਰਾਂ ਦੀ ਸਹਿਮਤੀ ਤੋਂ ਪਹਿਲਾਂ ਪੰਜ ਸਾਲ ਤੱਕ ਉਡੀਕ ਕਰਨੀ ਪਈ ਸੀ।

ਦੇਵਦਾਸ ਤੇ ਲਕਸ਼ਮੀ ਦੇ ਚਾਰਾਂ ਬੱਚਿਆਂ ਨੂੰ ਜਾਣਨਾ, ਉਨ੍ਹਾਂ ਨਾਲ ਦੋਸਤੀ ਕਰਨੀ ਅਤੇ ਉਨ੍ਹਾਂ ਤੋਂ ਮੁਤਾਸਿਰ ਹੋਣਾ ਮੇਰੀ ਜ਼ਿੰਦਗੀ ਦੀ ਇੱਕ ਸਭ ਤੋਂ ਵੱਡੀ ਖੁਸ਼ਨਸੀਬੀ ਸੀ। ਉਨ੍ਹਾਂ ’ਚੋਂ ਸਭ ਤੋਂ ਪਹਿਲਾਂ ਮੈਨੂੰ ਰਾਮਚੰਦਰ (ਰਾਮੂ) ਬਾਰੇ ਸੁਣਨ ਅਤੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ, ਜੋ ਮੇਰੇ ਦੋ ਮਾਮਿਆਂ ਨਾਲ ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ਵਿੱਚ ਪੜ੍ਹੇ ਸਨ। ਚਾਰਾਂ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ, ਸਰਕਾਰੀ ਅਫਸਰ ਅਤੇ ਲੇਖਕ ਗੋਪਾਲਕ੍ਰਿਸ਼ਨ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਸਾਡੀ ਦੋਸਤੀ 1980ਵਿਆਂ ਦੇ ਅੰਤ ਵਿੱਚ ਹੋਈ ਸੀ ਜਦੋਂ ਅਸੀਂ ਦੋਵੇਂ ਦਿੱਲੀ ਵਿੱਚ ਕੰਮ ਕਰਦੇ ਸੀ। ਗੋਪਾਲ ਗਾਂਧੀ ਦੇ ਘਰ ਵਿੱਚ ਹੀ ਉਨ੍ਹਾਂ ਦੀ ਭੈਣ ਤਾਰਾ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ, ਜੋ ਖਾਦੀ ਮਾਮਲਿਆਂ ਦੀ ਮਾਹਿਰ ਸੀ ਅਤੇ ਹਿੰਦੀ, ਬੰਗਾਲੀ, ਇਤਾਲਵੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਰੱਖਦੀ ਸੀ। ਗੋਪਾਲ ਨੇ ਮੈਨੂੰ ਆਪਣੇ ਦੂਜੇ ਭਰਾ ਰਾਜਮੋਹਨ ਨਾਲ ਮਿਲਵਾਇਆ ਸੀ ਜਿਨ੍ਹਾਂ ਦਾ 90ਵਾਂ ਜਨਮ ਦਿਨ 7 ਅਗਸਤ ਨੂੰ ਲੰਘਿਆ ਹੈ, ਜੋ ਇਸ ਲੇਖ ਦਾ ਸਬੱਬ ਬਣਿਆ ਹੈ।

ਜਦੋਂ ਮੈਂ ਪਹਿਲੀ ਵਾਰ 1990 ਵਿੱਚ ਰਾਜਮੋਹਨ ਗਾਂਧੀ ਨੂੰ ਮਿਲਿਆ ਸੀ ਤਾਂ ਉਨ੍ਹਾਂ ਲੋਕ ਸਭਾ ਦੀ ਸੀਟ ਲਈ ਚੋਣ ਲੜੀ ਸੀ, ਪਰ ਹਾਰ ਗਏ ਸਨ। ਇਸ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਅਮੇਠੀ ਲੋਕ ਸਭਾ ਸੀਟ ਤੋਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖ਼ਿਲਾਫ਼ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਚੋਣ ਨੂੰ ਅਸਲੀ ਗਾਂਧੀ ਬਨਾਮ ਨਕਲੀ ਗਾਂਧੀ ਦੀ ਲੜਾਈ ਵਜੋਂ ਉਭਾਰਿਆ ਗਿਆ ਸੀ, ਜਿਸ ਵਿੱਚ ਇੱਕ ਪਾਸੇ ਮਹਾਤਮਾ ਗਾਂਧੀ ਦਾ ਅਸਲ ਵਾਰਿਸ ਸੀ ਤੇ ਦੂਜੇ ਪਾਸੇ ਉਹ ਸੀ ਜਿਸ ਦੇ ਨਾਂ ਨਾਲ ਸਬੱਬੀਂ ਗਾਂਧੀ ਜੁੜਿਆ ਹੋਇਆ ਸੀ (ਰਾਜੀਵ ਦੇ ਪਿਤਾ ਪਾਰਸੀ ਸਨ, ਜੋ ਮੂਲ ਰੂਪ ਵਿੱਚ ਆਪਣਾ ਉਪਨਾਮ ‘Ghandy’ ਲਾਉਂਦੇ ਸਨ।) ਰਾਜਮੋਹਨ ਕੋਲ ਨੈਤਿਕਤਾ ਸੀ ਪਰ ਪੈਸਾ ਨਹੀਂ ਸੀ ਅਤੇ ਉਹ ਉਸ ਸਮੇਂ ਨਹਿਰੂ ਗਾਂਧੀ ਪਰਿਵਾਰ ਦੇ ਚੁਣਾਵੀ ਗੜ੍ਹ ਵਿੱਚ ਬੁਰੀ ਤਰ੍ਹਾਂ ਹਾਰ ਗਏ ਸਨ। ਹਾਲਾਂਕਿ ਰਾਜੀਵ ਗਾਂਧੀ ਦੀ ਪਾਰਟੀ ਬਹੁਮਤ ਗੁਆ ਬੈਠੀ ਸੀ ਅਤੇ ਵੀ.ਪੀ. ਸਿੰਘ ਅਗਲੇ ਪ੍ਰਧਾਨ ਮੰਤਰੀ ਬਣ ਗਏ। ਰਾਜਮੋਹਨ ਵੱਲੋਂ ਸਖ਼ਤ ਟੱਕਰ ਦੇਣ ਦੇ ਇਵਜ਼ ਵਿੱਚ ਉਨ੍ਹਾਂ ਨੂੰ ਵੀਪੀ ਸਿੰਘ ਵੱਲੋਂ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਸੀ।

ਮੋਟਾ ਚਸ਼ਮਾ ਪਹਿਨਣ ਤੇ ਸਿਰ ਦੇ ਵਾਲ ਇੱਕ ਪਾਸੇ ਵਾਹੁਣ ਅਤੇ ਉੱਚੇ ਲੰਮੇ ਕੱਦ ਦੇ ਰਾਜਮੋਹਨ ਗਾਂਧੀ ਦੇ ਵਿਹਾਰ ’ਚੋਂ ਵਿਸ਼ੇਸ਼ਤਾ ਅਤੇ ਸੰਜੀਦਗੀ ਝਲਕਦੀ ਸੀ। ਉਹ ਬਹੁਤ ਸਾਵਧਾਨੀ ਨਾਲ ਤੇ ਹੌਲੀ ਬੋਲਦੇ ਸਨ। ਉਨ੍ਹਾਂ ਦੀ ਬੋਲਚਾਲ ਵਿੱਚ ਰਾਮੂ ਵਾਲੀ ਸ਼ਬਦੀ ਸਹਿਜਤਾ ਅਤੇ ਸ਼ਰਾਰਤੀ ਹਾਸੇ ਠੱਠੇ ਦੀ ਕਮੀ ਸੀ (ਪਰ ਮੇਰੀ ਜਾਣ-ਪਛਾਣ ਦੇ ਬਾਕੀ ਦੇ ਸਾਰੇ ਲੋਕ ਵੀ ਅਜਿਹੇ ਹੀ ਸਨ)। ਫਿਰ ਵੀ ਉਸ ਪਹਿਲੀ ਮਿਲਣੀ ਵਿੱਚ ਹੀ ਇਹ ਸਪੱਸ਼ਟ ਹੋ ਗਿਆ ਕਿ ਰਾਜਮੋਹਨ ਇੱਕ ਬਹੁਤ ਪ੍ਰਤਿਭਾਸ਼ਾਲੀ ਵਿਅਕਤੀ ਹਨ। ਉਨ੍ਹਾਂ ਨਾਲ ਪਹਿਲੀ ਮੁਲਾਕਾਤ ਤੋਂ ਕੁਝ ਸਮੇਂ ਬਾਅਦ ਹੀ ਮੈਂ ਉਨ੍ਹਾਂ ਦੀਆਂ ਲਿਖੀਆਂ ਰਾਜਾਜੀ ਅਤੇ ਵੱਲਭਭਾਈ ਪਟੇਲ ਦੀਆਂ ਜੀਵਨੀਆਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਇਹ ਦੋਵੇਂ ਪੁਸਤਕਾਂ ਪਹਿਲੀ ਵਾਰ ਪ੍ਰਕਾਸ਼ਿਤ ਹੋਣ ਤੋਂ ਦਹਾਕਿਆਂ ਬਾਅਦ ਅਜੇ ਤੱਕ ਵੀ ਆਪੋ-ਆਪਣੇ ਵਿਸ਼ਿਆਂ ਦੇ ਮਿਆਰੀ ਕਾਰਜ ਹਨ। ਮੈਨੂੰ ਪੁਰਾਣੇ ਦੋਸਤਾਂ ਤੋਂ ਪਤਾ ਲੱਗਿਆ ਕਿ ਰਾਜਮੋਹਨ ਹੋਰਾਂ ਨੇ ਉਦਾਰ ਕਦਰਾਂ ਦੀ ਹਮਾਇਤ ਕਰਨ ਵਾਲੇ ਹਫ਼ਤਾਵਾਰੀ ਰਸਾਲੇ ‘ਹਿੰਮਤ’ ਦੀ ਸਥਾਪਨਾ ਅਤੇ ਸੰਪਾਦਨਾ ਕੀਤੀ ਸੀ। ਐਮਰਜੈਂਸੀ ਦੇ ਸਾਲਾਂ ਦੌਰਾਨ ਇਸ ਰਸਾਲੇ ਨੇ ਸੈਂਸਰਸ਼ਿਪ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਸੀ, ਪਰ ਬਾਅਦ ਵਿੱਚ ਫੰਡਾਂ ਦੀ ਕਮੀ ਕਾਰਨ ਇਸ ਨੂੰ ਬੰਦ ਕਰਨਾ ਪਿਆ ਸੀ। ‘ਹਿੰਮਤ’ ਵਿੱਚ ਰਾਜਮੋਹਨ ਨੇ ਦੇਸ਼ ਦੇ ਕੁਝ ਬਿਹਤਰੀਨ ਪੱਤਰਕਾਰ ਤਿਆਰ ਕੀਤੇ ਸਨ, ਜਿਨ੍ਹਾਂ ਨੇ ਅੱਗੇ ਚੱਲ ਕੇ ਮੁੱਖਧਾਰਾ ਦੀ ਪੱਤਰਕਾਰੀ ਵਿੱਚ ਬਤੌਰ ਪੱਤਰਕਾਰ ਤੇ ਸੰਪਾਦਕ ਸ਼ਾਨਦਾਰ ਕੰਮ ਕੀਤਾ।

ਰਾਜਮੋਹਨ ਗਾਂਧੀ ਨਾਲ ਉਨ੍ਹਾਂ ਦੇ ਭਰਾ ਗੋਪਾਲ ਰਾਹੀਂ ਜਾਣ-ਪਛਾਣ ਤੋਂ ਬਾਅਦ ਮੈਂ ਛੇਤੀ ਹੀ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਮਿਲਣ ਲੱਗਿਆ। ਹਰ ਮੁਲਾਕਾਤ ਨਾਲ ਮੈਨੂੰ ਸਾਡੇ ਦੇਸ਼ ਦੇ ਇਤਿਹਾਸ ਮੁਤੱਲਕ ਜਾਣਕਾਰੀ ਮਿਲਦੀ ਸੀ, ਜਿਸ ਦੇ ਲੋਕਰਾਜੀ ਅਤੇ ਬਹੁਲਵਾਦੀ ਭਵਿੱਖ ਨੂੰ ਲੈ ਕੇ ਅਸੀਂ ਦੋਵੇਂ ਚਿੰਤਾਤੁਰ ਸਾਂ। ਪਿਛਲੇ ਕਈ ਸਾਲਾਂ ਦੌਰਾਨ ਮੈਂ ਦਿੱਲੀ, ਬੰਗਲੂਰੂ, ਪੰਚਗਨੀ ਅਤੇ ਈਸਟ ਲਾਂਸਿੰਗ ਅਤੇ ਮਿਸ਼ੀਗਨ ਵਿੱਚ ਉਨ੍ਹਾਂ ਨਾਲ ਲੰਮੀ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਦੀਆਂ ਕਿਤਾਬਾਂ ਅਤੇ ਲੇਖਾਂ ਨੂੰ ਪੜ੍ਹਦਾ ਤੇ ਉਨ੍ਹਾਂ ਤੋਂ ਪ੍ਰੇਰਿਤ ਹੁੰਦਾ ਰਿਹਾ ਹਾਂ। ਇਨ੍ਹਾਂ ਸਾਰੇ ਸਾਲਾਂ ਦੌਰਾਨ ਰਾਜਮੋਹਨ ਅਤੇ ਮੇਰੇ ਵਿਚਕਾਰ ਸਿਰਫ਼ ਇੱਕ ਮੁੱਦੇ ਉੱਪਰ ਅਸਹਿਮਤੀ ਰਹੀ ਹੈ, ਜਿਸ ਨੂੰ ਯਾਦ ਕਰਨਾ ਹੁਣ ਬਹੁਤ ਹੀ ਮਾਮੂਲੀ ਜਾਪਦਾ ਹੈ।

ਮੈਂ ਇੱਕ ਅਜਿਹੇ ਪਰਿਵਾਰ ’ਚ ਪਲਿਆ ਹਾਂ, ਜਿਹੜਾ ਮਹਾਤਮਾ ਗਾਂਧੀ ਨਾਲੋਂ ਵੀ ਜ਼ਿਆਦਾ ਜਵਾਹਰਲਾਲ ਨਹਿਰੂ ਨੂੰ ਪਸੰਦ ਕਰਦਾ ਸੀ। ਇੱਕ ਜਵਾਨ ਖੋਜਾਰਥੀ ਦੇ ਤੌਰ ’ਤੇ ਭਾਰਤੀ ਵਾਤਾਵਰਨਵਾਦ ’ਤੇ ਖੋਜ ਕਰਦਿਆਂ ਨਹਿਰੂ ਪ੍ਰਤੀ ਮੇਰਾ ਰਵੱਈਆ ਵਧੇਰੇ ਆਲੋਚਨਾਤਮਕ ਹੋ ਗਿਆ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਆਰਥਿਕ ਵਿਕਾਸ ਦਾ ਇੱਕ ਅਜਿਹਾ ਮਾਡਲ ਅਪਣਾਇਆ ਸੀ, ਜਿਸ ਵਿੱਚ ਸਰੋਤਾਂ ਅਤੇ ਊਰਜਾ ਦੀ ਵੱਧ ਖ਼ਪਤ ਹੁੰਦੀ ਸੀ, ਭਾਵੇਂ ਇਸ ਦੇ ਵਾਤਾਵਰਨ ਦੀ ਸਥਿਰਤਾ ਲਈ ਨਾਕਾਰਾਤਮਕ ਨਤੀਜੇ ਹੀ ਕਿਉਂ ਨਾ ਨਿਕਲਣ। ਇਹ ਰਾਜਮੋਹਨ ਗਾਂਧੀ ਹੀ ਸਨ ਜਿਨ੍ਹਾਂ ਮੈਨੂੰ ਪੂਰੀ ਤਰ੍ਹਾਂ ਵਿਰੋਧੀ ਰੁਖ਼ ਅਖ਼ਤਿਆਰ ਕਰਨ ਤੋਂ ਬਚਾਇਆ ਕਿਉਂਕਿ ਮੇਰੇ ਵਾਤਾਵਰਨਵਾਦੀ ਦੋਸਤ ਤਾਂ ਨਹਿਰੂ

ਨੂੰ ‘ਮਾੜਾ’ ਮੰਨ ਕੇ ਹੀ ਚੱਲ ਰਹੇ ਸਨ। ਆਪਣੀ ਕਿਤਾਬ ‘ਦਿ ਗੁੱਡ ਬੋਟਮੈਨ’ ਵਿੱਚ ਰਾਜਮੋਹਨ ਨੇ ਦਲੀਲ ਦਿੱਤੀ ਸੀ ਕਿ ਆਰਥਿਕ ਨੀਤੀ ’ਤੇ ਮਤਭੇਦਾਂ ਦੇ ਬਾਵਜੂਦ ਨਹਿਰੂ ਹੀ ਗਾਂਧੀ ਦੇ ਸਹੀ ਸਿਆਸੀ ਵਾਰਿਸ

ਸਨ, ਕਿਉਂਕਿ ਮਹਾਤਮਾ ਦੇ ਸਾਰੇ ਪੈਰੋਕਾਰਾਂ ਵਿੱਚੋਂ

ਇੱਕ ਨਹਿਰੂ ਹੀ ਸਨ, ਜੋ ਉਨ੍ਹਾਂ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਸਮਝਣ ਤੇ ਅਮਲ ’ਚ ਲਿਆਉਣ ਦੇ ਸਭ ਤੋਂ ਨੇੜੇ ਪਹੁੰਚੇ। ਆਪਣੇ ਸਿਆਸੀ ਗੁਰੂ ਵਾਂਗ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵੀ ਇੱਕ ਅਜਿਹੇ ਹਿੰਦੂ ਸਨ, ਜਿਨ੍ਹਾਂ ’ਤੇ ਮੁਸਲਮਾਨ ਭਰੋਸਾ ਕਰਦੇ ਸਨ। ਉਹ ਇੱਕ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਔਰਤਾਂ ਦੇ ਬਰਾਬਰ ਹੱਕਾਂ ਲਈ ਲੜਾਈ ਲੜੀ ਤੇ ਇੱਕ ਅਜਿਹੇ ਉੱਤਰ ਭਾਰਤੀ ਸਨ, ਜਿਨ੍ਹਾਂ ਦੀ ਦੱਖਣੀ ਭਾਰਤ ਵਿੱਚ ਵੀ ਪ੍ਰਸ਼ੰਸਾ ਹੁੰਦੀ ਸੀ। ਗਾਂਧੀ ਦੇ ਅੰਦਰੂਨੀ ਘੇਰੇ ਵਿੱਚੋਂ ਕਿਸੇ ਹੋਰ- ਸੀ. ਰਾਜਗੋਪਾਲਾਚਾਰੀ, ਮੌਲਾਨਾ ਆਜ਼ਾਦ, ਰਾਜੇਂਦਰ ਪ੍ਰਸਾਦ, ਜੇ.ਬੀ. ਕ੍ਰਿਪਲਾਨੀ ਜਾਂ ਵੱਲਭਭਾਈ ਪਟੇਲ- ਕੋਲ ਇਹ ਖ਼ਾਸ ਤੇ ਵਿਰਲੇ ਨੈਤਿਕ ਅਤੇ ਸਿਆਸੀ ਗੁਣ ਨਹੀਂ ਸਨ। ਰਾਜਮੋਹਨ ਨੇ ਮੈਨੂੰ ਅਤੇ ਕਈ ਹੋਰ ਪਾਠਕਾਂ ਨੂੰ ਇਹ ਵੀ ਸਮਝਾਇਆ ਸੀ ਕਿ

ਕਿਵੇਂ ਨਹਿਰੂ ਅਤੇ ਪਟੇਲ ਨੇ ਆਪਣੇ ਨਿੱਜੀ ਅਤੇ ਵਿਚਾਰਧਾਰਕ ਮਤਭੇਦਾਂ ਨੂੰ ਦਰਕਿਨਾਰ

ਕਰਦਿਆਂ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਭਾਰਤੀਆਂ ਨੂੰ ਇੱਕਜੁੱਟ ਕਰਨ ਲਈ ਮਿਲ ਕੇ ਕੰਮ ਕੀਤਾ ਸੀ।

ਰਾਜਮੋਹਨ ਤੇ ਰਾਮਚੰਦਰ ਗਾਂਧੀ ਦੋਵੇਂ ਮਹਾਤਮਾ ਗਾਂਧੀ ਬਾਰੇ ਮਾਹਿਰ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਵੰਸ਼ਜ ਵੀ ਸਨ। ਰਾਮੂ ਨੂੰ ਇਕੱਲੇ ਜਾਂ ਵੱਡੇ ਇਕੱਠ ਵਿੱਚ ਸੁਣਨਾ ਇੱਕ ਪ੍ਰਭਾਵਸ਼ਾਲੀ ਅਨੁਭਵ ਸੀ। ਇੱਕ ਚੰਗੇ ਭਾਰਤੀ ਸੰਤ ਵਾਂਗ ਉਹ ਮੌਖਿਕ ਪਰੰਪਰਾ ’ਚ ਸਭ ਤੋਂ ਵਧੀਆ ਕੰਮ ਕਰਦੇ ਸਨ। ਦੂਜੇ ਪਾਸੇ, ਰਾਜਮੋਹਨ ਦੀਆਂ ਲਿਖਤਾਂ ਵਿੱਚ ਬਿਲਕੁਲ ਵੀ ਹਾਸ-ਵਿਅੰਗ ਨਹੀਂ ਸੀ, ਪਰ ਉਨ੍ਹਾਂ ’ਚ ਸੰਗ੍ਰਹਿਆਂ ਤੋਂ ਇਕੱਠੇ ਕੀਤੇ ਗਏ ਬਹੁਤ ਸਾਰੇ ਅੰਕੜਿਆਂ ਦੇ ਵੇਰਵੇ ਅਤੇ ਬਾਰੀਕ ਫ਼ੈਸਲੇ ਜ਼ਰੂਰ ਸਨ। ਇਨ੍ਹਾਂ ਭਰਾਵਾਂ ਨੇ ਮੈਨੂੰ ਵਿਅਕਤੀਗਤ ਤੌਰ ’ਤੇ ਅਤੇ ਸਾਂਝੇ ਰੂਪ ਵਿੱਚ ਵੀ ਮਹਾਤਮਾ ਗਾਂਧੀ ਅਤੇ ਭਾਰਤ ਬਾਰੇ ਬਹੁਤ ਕੁਝ ਸਿਖਾਇਆ।

ਰਾਜਮੋਹਨ ਤੋਂ ਸਾਡੇ ਦੇਸ਼ ਬਾਰੇ ਇੰਨਾ ਕੁਝ ਸਿੱਖਣ ਤੋਂ ਬਾਅਦ ਮੈਂ ਇਸ ਲੇਖ ਨੂੰ ਪੁਰਾਲੇਖਾਂ ਵਿੱਚੋਂ ਲਏ ਇੱਕ ਅਜਿਹੇ ਦਿਲਚਸਪ ਤੱਥ ਨਾਲ ਖ਼ਤਮ ਕਰਦਾ ਹਾਂ ਜੋ ਸ਼ਾਇਦ ਉਨ੍ਹਾਂ ਨੇ (ਰਾਜਮੋਹਨ) ਵੀ ਪਹਿਲਾਂ ਨਹੀਂ ਦੇਖਿਆ ਹੋਵੇਗਾ। ਇਹ ਮੈਨੂੰ ਵੈਰੀਅਰ ਐਲਵਿਨ ਦੇ ਦਸਤਾਵੇਜ਼ਾਂ ’ਚ ਮਿਲਿਆ, ਜੋ ਅੰਗਰੇਜ਼ ਤੋਂ ਭਾਰਤੀ ਬਣਿਆ ਸੀ ਤੇ ਭਾਰਤ ਦੇ ਕਬਾਇਲੀ ਲੋਕਾਂ ਦਾ ਸਭ ਤੋਂ ਮੋਹਰੀ ਵਿਦਵਾਨ ਰਿਹਾ ਅਤੇ ਜੋ ਗਾਂਧੀ ਤੇ ਨਹਿਰੂ ਦੋਵਾਂ ਨੂੰ ਕਾਫ਼ੀ ਚੰਗੀ ਤਰ੍ਹਾਂ ਜਾਣਦਾ ਸੀ। ਜਿਵੇਂ ਕਿ ਮੈਂ ਦੱਸਿਆ ਹੈ, ਰਾਜਮੋਹਨ ਦੇ ਮਾਪਿਆਂ ਨੂੰ ਵਿਆਹ ਲਈ ਆਪਣੇ ਮਾਪਿਆਂ ਨੂੰ ਮਨਾਉਣ ਵਿੱਚ ਕਾਫ਼ੀ ਸਮਾਂ ਲੱਗ ਗਿਆ। ਦੇਵਦਾਸ ਅਤੇ ਲਕਸ਼ਮੀ ਨੂੰ ਆਖ਼ਰ ਜੂਨ 1933 ਵਿੱਚ ਪੁਣੇ ’ਚ ਵਿਆਹ ਕਰਨ ਦੀ ਇਜਾਜ਼ਤ ਮਿਲ ਗਈ। ਇਸ ਤੋਂ ਤੁਰੰਤ ਬਾਅਦ ਗਾਂਧੀ ਅਤੇ ਕਾਂਗਰਸ 1920-22 ਦੀ ਨਾਮਿਲਵਰਤਣ ਲਹਿਰ ਅਤੇ 1930-32 ਦੀ ਸਿਵਲ ਨਾਫ਼ਰਮਾਨੀ ਲਹਿਰ ਵਾਂਗ ਇੱਕ ਹੋਰ ਦੇਸ਼ਵਿਆਪੀ ਸੱਤਿਆਗ੍ਰਹਿ ਸ਼ੁਰੂ ਕਰਨਾ ਚਾਹੁੰਦੇ ਸਨ। ਵੈਰੀਅਰ ਐਲਵਿਨ ਜਦੋਂ ਪੁਣੇ ਵਿੱਚ ਗਾਂਧੀ ਦੇ ਪੈਰੋਕਾਰਾਂ ਦੀ ਇੱਕ ਟੋਲੀ ਨੂੰ ਮਿਲਿਆ ਤਾਂ ਉਹ ਉਸ ਨੂੰ

ਪ੍ਰੇਸ਼ਾਨ ਲੱਗੇ ਕਿਉਂਕਿ ਉਹ ਮੁੜ ਜੇਲ੍ਹ ਨਹੀਂ ਸਨ ਜਾਣਾ ਚਾਹੁੰਦੇ। ਐਲਵਿਨ ਨੇ ਇੱਕ ਦੋਸਤ ਨੂੰ ਲਿਖਿਆ, “ਸਭ ਤੋਂ ਜ਼ਿਆਦਾ ਖ਼ੁਸ਼ ਤਾਂ ਦੇਵਦਾਸ ਅਤੇ ਉਸ ਦੀ ਖ਼ੂਬਸੂਰਤ ਲਾੜੀ ਲਕਸ਼ਮੀ ਸਨ ਜੋ ਜੇਲ੍ਹ ਹਰਗਿਜ਼ ਨਹੀਂ ਸਨ ਜਾਣਾ ਚਾਹੁੰਦੇ।”

ਆਖ਼ਰਕਾਰ, ਸੱਤਿਆਗ੍ਰਹਿ ਨਹੀਂ ਹੋਇਆ। ਦੇਵਦਾਸ ਗਾਂਧੀ ਨੂੰ ਉਨ੍ਹਾਂ ਦੇ ਪਿਤਾ ਦੁਆਰਾ ਜੇਲ੍ਹ ਜਾਣ ਦਾ ਹੁਕਮ ਨਹੀਂ ਸੁਣਾਇਆ ਗਿਆ। ਉਹ ਅਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਦਿੱਲੀ ਚਲੇ ਗਏ, ਜਿੱਥੇ ਉਨ੍ਹਾਂ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸ਼ਾਇਦ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਚਾਰ ਭੈਣ-ਭਰਾਵਾਂ ਨੂੰ ਪਾਲਿਆ।

ਈ-ਮੇਲ: ramachandraguha@yahoo.in

Advertisement