DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਠੰਢ ਵਧਣ ਤੋਂ ਪਹਿਲਾਂ ਕਾਸ਼ਤਕਾਰਾਂ ਦੀ ਤਿਆਰੀ

ਦਸੰਬਰ ਮਹੀਨੇ ਵਿੱਚ ਠੰਢ ਵਧ ਜਾਂਦੀ ਹੈ। ਇਸ ਠੰਢ ਤੋਂ ਜਿੱਥੇ ਆਪਣੇ ਪਰਿਵਾਰ ਦਾ ਬਚਾਅ ਕਰਨਾ ਜ਼ਰੂਰੀ ਹੈ ਉਥੇ ਹੀ ਆਪਣੇ ਡੰਗਰਾਂ ਤੇ ਫ਼ਸਲਾਂ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਖਾਸ ਕਰ ਇਸ ਸਾਲ ਬਰਸਾਤ ਵਿੱਚ ਲਗਾਏ ਗਏ ਰੁੱਖਾਂ...

  • fb
  • twitter
  • whatsapp
  • whatsapp
Advertisement

ਦਸੰਬਰ ਮਹੀਨੇ ਵਿੱਚ ਠੰਢ ਵਧ ਜਾਂਦੀ ਹੈ। ਇਸ ਠੰਢ ਤੋਂ ਜਿੱਥੇ ਆਪਣੇ ਪਰਿਵਾਰ ਦਾ ਬਚਾਅ ਕਰਨਾ ਜ਼ਰੂਰੀ ਹੈ ਉਥੇ ਹੀ ਆਪਣੇ ਡੰਗਰਾਂ ਤੇ ਫ਼ਸਲਾਂ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਖਾਸ ਕਰ ਇਸ ਸਾਲ ਬਰਸਾਤ ਵਿੱਚ ਲਗਾਏ ਗਏ ਰੁੱਖਾਂ ਨੂੰ ਖ਼ਾਸ ਧਿਆਨ ਦੀ ਲੋੜ ਹੈ। ਜੇਕਰ ਲੋੜ ਹੋਵੇ ਤਾਂ ਪਰਾਲੀ ਦੀਆਂ ਪੂਲੀਆਂ ਬੰਨ੍ਹ ਕੇ ਰਾਖੀ ਕੀਤੀ ਜਾ ਸਕਦੀ ਹੈ। ਹਾੜ੍ਹੀ ਦੀ ਬਿਜਾਈ ਲਗਪਗ ਪੂਰੀ ਹੋ ਚੁੱਕੀ ਹੈ। ਜੇਕਰ ਇਸ ਮਹੀਨੇ ਕਣਕ ਦੀ ਬਿਜਾਈ ਕਰਨੀ ਹੈ ਤਾਂ ਪਿਛੇਤੀਆਂ ਕਿਸਮਾਂ ਦੀ ਬਿਜਾਈ ਸਭ ਤੋਂ ਠੀਕ ਰਹੇਗੀ। ਪੰਜਾਬ ਵਿੱਚ ਪੀ.ਬੀ.ਡਬਲਿਊ 771, ਪੀ.ਬੀ.ਡਬਲਿਊ, 757 ਅਤੇ ਪੀ.ਬੀ.ਡਬਲਿਊ 752 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀ.ਬੀ.ਡਬਲਿਊ 771 ਅਤੇ 752 ਪੱਕਣ ਵਿੱਚ ਲਗਪਗ 130 ਦਿਨ ਲੈਂਦੀਆਂ ਹਨ ਅਤੇ ਇਨ੍ਹਾਂ ਤੋਂ 19 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋ ਜਾਂਦਾ ਹੈ। ਪੀ.ਬੀ.ਡਬਲਿਊ 757 ਕੇਵਲ 114 ਦਿਨਾਂ ਵਿੱਚ ਪੱਕ ਜਾਂਦੀ ਹੈ ਪਰ ਇਸ ਦਾ ਝਾੜ ਕੋਈ 16 ਕੁਇੰਟਲ ਪ੍ਰਤੀ ਏਕੜ ਹੈ। ਕਣਕ ਦੀ ਬਿਜਾਈ ਵਿੱਚ ਬਹੁਤੀ ਪਿਛੇਤ ਠੀਕ ਨਹੀਂ ਹੈ।

ਸਮੇਂ ਸਿਰ ਬੀਜੀ ਕਣਕ ਨੂੰ ਹੁਣ ਪਹਿਲਾਂ ਪਾਣੀ ਦੇ ਦੇਣਾ ਚਾਹੀਦਾ ਹੈ ਤੇ ਫ਼ਸਲ ਲਈ ਲੋੜੀਂਦੀ ਨਾਈਟ੍ਰੋਜਨ ਵਾਲੀ ਖਾਦ ਪਹਿਲੇ ਪਾਣੀ ਨਾਲ ਪਾ ਦੇਣੀ ਚਾਹੀਦੀ ਹੈ। ਲੋੜ ਤੋਂ ਵੱਧ ਖਾਦ ਦੀ ਵਰਤੋਂ ਨਾ ਕੀਤੀ ਜਾਵੇ। ਪਿਛੇਤੀ ਬੀਜੀ ਕਣਕ ਲਈ ਨਾਈਟ੍ਰੋਜਨ ਘੱਟ ਹੀ ਪਾਉਣੀ ਚਾਹੀਦੀ ਹੈ।

Advertisement

ਹੁਣ ਕਪਾਹ ਦੀ ਆਖਰੀ ਚੁਗਾਈ ਹੋਣ ਦਾ ਸਮਾਂ ਹੈ। ਇਸ ਚੁਗਾਈ ਦੀ ਫ਼ਸਲ ਵੱਖਰੀ ਰੱਖੀ ਜਾਵੇ ਕਿਉਂਕਿ ਇਹ ਇੰਨੀ ਵਧੀਆ ਨਹੀਂ ਹੁੰਦੀ। ਆਖਰੀ ਚੁਗਾਈ ਪਿੱਛੋਂ ਡੰਗਰਾਂ ਨੂੰ ਖੇਤ ਵਿੱਚ ਚੁਗਣ ਲਈ ਛੱਡ ਦਿੱਤਾ ਜਾਵੇ ਤੇ ਮੁੜ ਛਿਟੀਆਂ ਨੂੰ ਪੁਟ ਕੇ ਖੇਤ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ। ਇੰਜ ਕੀੜਿਆਂ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ। ਸਾਰੇ ਪੰਜਾਬੀ ਘਰਾਂ ਵਿੱਚ ਇਸ ਮਹੀਨੇ ਸਰ੍ਹੋਂ ਦਾ ਸਾਗ ਬਣਨਾ ਸ਼ੁਰੂ ਹੋ ਜਾਂਦਾ ਹੈ। ਪਰ ਜੇਕਰ ਸਰ੍ਹੋਂ ਨੂੰ ਤੇਲਾ (ਚੇਪਾ) ਪੈ ਜਾਵੇ ਤਾਂ ਇਹ ਸਾਗ ਦੇ ਕਾਬਲ ਨਹੀਂ ਰਹਿੰਦਾ ਤੇ ਇਸ ਦਾ ਝਾੜ ਵੀ ਘੱਟ ਜਾਂਦਾ ਹੈ। ਜਦੋਂ ਫ਼ਸਲ ਉਤੇ ਤੇਲੇ ਦਾ ਹਮਲਾ ਵੱਡੀ ਮਾਤਰਾ ਵਿੱਚ ਹੋ ਜਾਵੇ ਤਾਂ ਇਸ ਦੀ ਰੋਕਥਾਮ ਲਈ ਸਿਫ਼ਾਰਿਸ਼ ਕੀਤੀ ਦਵਾਈ ਦਾ ਛਿੜਕਾਅ ਕੀਤਾ ਜਾਵੇ। ਤੇਲੇ ਦੀ ਰੋਕਥਾਮ ਲਈ 40 ਗ੍ਰਾਮ ਏਕਤਾਰਾ 25 ਡਬਲਿਊ.ਜੀ. 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਤੀ ਏਕੜ ਲਈ 600 ਗ੍ਰਾਮ ਮੈਟਾਸਿਸਟੌਕ 25 ਈ.ਸੀ. ਜਾਂ ਰੋਗਰ 30 ਈ.ਸੀ. ਜਾਂ ਡਰਸਬਾਨ 20 ਈ.ਸੀ. ਲੈ ਕੇ 100 ਲਿਟਰ ਪਾਣੀ ਵਿੱਚ ਘੋਲ ਕੇ ਵੀ ਛਿੜਕਾਅ ਕੀਤਾ ਜਾ ਸਕਦਾ ਹੈ। ਛਿੜਕਾਅ ਸ਼ਾਮ ਨੂੰ ਕਰਨਾ ਚਾਹੀਦਾ ਹੈ ਤੇ ਛਿੜਕਾਅ ਕਰਨ ਪਿੱਛੋਂ ਘੱਟੋ-ਘੱਟ ਇਕ ਹਫ਼ਤਾ ਸਾਗ ਨਾ ਤੋੜਿਆ ਜਾਵੇ। ਮੂਲੀ ਦੀ ਬਿਜਾਈ ਸਾਰਾ ਸਾਲ ਕੀਤੀ ਜਾ ਸਕਦੀ ਹੈ। ਇਸ ਮਹੀਨੇ ਦੀ ਬਿਜਾਈ ਲਈ ਜਾਪਾਨੀ ਵਾੲ੍ਹੀਟ ਕਿਸਮ ਬੀਜੀ ਜਾਵੇ। ਇਕ ਏਕੜ ਵਿੱਚ ਪੰਜ ਕਿੱਲੋ ਬੀਜ ਪਾਏ ਜਾਣ। ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਵੱਟਾਂ ਉੱਤੇ ਬਿਜਾਈ ਕੀਤੀ ਜਾਵੇ। ਟਮਾਟਰਾਂ ਦੀ ਪਨੀਰੀ ਵੀ ਪੁੱਟ ਕੇ ਹੁਣ ਲਗਾਈ ਜਾ ਸਕਦੀ ਹੈ ਪਰ ਸਰਦੀ ਵਿੱਚ ਵਾਧਾ ਹੋਣ ’ਤੇ ਫ਼ਸਲ ਨੂੰ ਸਿਰਕੀਆਂ ਨਾਲ ਢੱਕ ਕੇ ਠੰਢ ਤੋਂ ਬਚਾਅ ਜ਼ਰੂਰੀ ਹੈ।

Advertisement

ਅਨਾਰ ਭਾਰਤ ਦਾ ਪ੍ਰਾਚੀਨ ਫ਼ਲ ਹੈ। ਇਸ ਦੀ ਵਰਤੋਂ ਕਈ ਰੋਗਾਂ ਦੀ ਰੋਕਥਾਮ ਲਈ ਵੀ ਕੀਤੀ ਜਾਂਦੀ ਹੈ। ਅਨਾਰ ਦੇ ਬੂਟੇ ਲਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਇਸ ਸਾਲ ਲਗਾਏ ਨਵੇਂ ਬੂਟਿਆਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ, ਇਨ੍ਹਾਂ ਨੂੰ ਠੰਢ ਤੋਂ ਬਚਾਉਣਾ ਚਾਹੀਦਾ ਹੈ। ਇਨ੍ਹਾਂ ਬੂਟਿਆਂ ਉਤੇ ਛੌਰਾ ਕਰਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਪੁਰਾਣੇ ਬੂਟਿਆਂ ਨੂੰ ਹੁਣ ਦੇਸੀ ਰੂੜੀ ਪਾਉਣ ਦਾ ਵੀ ਸਮਾਂ ਹੈ। ਇਕ ਸਾਲ ਦੇ ਬੂਟੇ ਨੂੰ ਪੰਜ ਕਿੱਲੋ ਰੂੜੀ ਦੀ ਲੋੜ ਹੁੰਦੀ ਹੈ। ਪੱਤਝੜੀ ਬੂਟਿਆਂ ਦੀ ਛੰਗਾਈ ਲਈ ਵੀ ਇਹ ਸਮਾਂ ਢੁਕਵਾਂ ਹੈ। ਅਗਲੇ ਮਹੀਨੇ ਨਵੇਂ ਪੱਤਝੜੀ ਬੂਟੇ ਲਗਾਏ ਜਾਣੇ ਹਨ। ਇਨ੍ਹਾਂ ਬਾਰੇ ਹੁਣ ਫ਼ੈਸਲਾ ਕਰ ਲੈਣਾ ਚਾਹੀਦਾ ਹੈ। ਬੂਟੇ ਲਗਾਉਣ ਲਈ ਟੋਏ ਪੁੱਟੇ ਜਾਣ। ਇਕ ਮੀਟਰ ਡੂੰਘਾ ਤੇ ਇਕ ਮੀਟਰ ਘੇਰੇ ਵਾਲਾ ਟੋਇਆ ਪੁੱਟਿਆ ਜਾਵੇ। ਇਸ ਨੂੰ ਅੱਧੀ ਉਪਰਲੀ ਮਿੱਟੀ ਤੇ ਅੱਧੀ ਰੂੜੀ ਰਲਾ ਕੇ ਭਰ ਦਿੱਤਾ ਜਾਵੇ। ਬੂਟੇ ਪੀ.ਏ.ਯੂ ਜਾਂ ਸਰਕਾਰੀ ਜਾਂ ਕਿਸੇ ਭਰੋਸੇਯੋਗ ਨਰਸਰੀ ਤੋਂ ਖਰੀਦੇ ਜਾਣ। ਜੇਕਰ ਬਾਗ਼ ਵਿੱਚ ਕੋਈ ਫ਼ਸਲ ਨਹੀਂ ਬੀਜੀ ਤਾਂ ਇਸ ਵਿੱਚ ਹਲ ਚਲਾ ਦੇਣਾ ਚਾਹੀਦਾ ਹੈ। ਵਹਾਈ ਕਰਨ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਤੇ ਹਾਨੀਕਾਰਕ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਇਸ ਮਹੀਨੇ ਕੀਨੂੰ ਤਿਆਰ ਹੋ ਜਾਂਦਾ ਹੈ। ਪੰਜਾਬ ਵਿੱਚ ਕੀਨੂੰ ਹੇਠ ਹੀ ਸਭ ਤੋਂ ਵੱਧ ਰਕਬਾ ਹੈ। ਆਕਾਰ ਅਨੁਸਾਰ ਇਨ੍ਹਾਂ ਨੂੰ ਡੱਬਿਆਂ ਵਿੱਚ ਬੰਦ ਕੀਤਾ ਜਾਵੇ। ਕੀਨੂੰ ਤੋੜਨ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸ ਨੂੰ ਖਿੱਚ ਕੇ ਨਾ ਤੋੜਿਆ ਜਾਵੇ, ਸਗੋਂ ਕਟਰ ਨਾਲ ਕੱਟਿਆ ਜਾਵੇ।

ਠੰਢ ਵਿੱਚ ਡੰਗਰ ਪਸ਼ੂਆਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੂੰ ਧੁੱਪ ਵਿੱਚ ਬੰਨ੍ਹਿਆ ਜਾਵੇ ਤੇ ਰਾਤ ਵੇਲੇ ਝੁੱਲ ਪਾ ਕੇ ਅੰਦਰ ਬੰਨ੍ਹਿਆ ਜਾਵੇ। ਉਨ੍ਹਾਂ ਹੇਠਾਂ ਸੁੱਕ ਪਾਵੋ। ਨਵੇਂ ਜੰਮੇ ਕੱਟੜੂ ਵੱਛੜੂ ਠੰਢ ਵਿੱਚ ਜਲਦੀ ਨਿਮੋਨੀਏ ਦੇ ਸ਼ਿਕਾਰ ਹੋ ਜਾਂਦੇ ਹਨ। ਡੰਗਰਾਂ ਨੂੰ ਮਲ੍ਹਪ (ਪੇਟ ਦੇ ਕੀੜੇ ਖ਼ਤਮ ਕਰਨਾ) ਰਹਿਤ ਵੀ ਕਰ ਦੇਣਾ ਚਾਹੀਦਾ ਹੈ। ਸਰਦੀ ਵਿੱਚ ਖੁਸ਼ਕੀ ਵਧ ਜਾਂਦੀ ਹੈ। ਫਟੇ ਹੋਏ ਜਾਂ ਜ਼ਖ਼ਮੀ ਥਣਾਂ ਨੂੰ ਗਲਿਸਰੀਨ ਅਤੇ ਆਇਓਡੀਨ (ਅਨੁਪਾਤ 1:4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਨਿਰੋਲ ਹਰਾ ਚਾਰਾ ਵੀ ਨਾ ਪਾਇਆ ਜਾਵੇ ਸਗੋਂ ਇਸ ਵਿੱਚ ਤੂੜੀ ਰਲਾ ਕੇ ਪਾਉਣੀ ਚਾਹੀਦੀ ਹੈ। ਮੁਰਗੀਆਂ ਦੇ ਸ਼ੈੱਡਾਂ ਨੂੰ ਪੱਲੀਆਂ ਨਾਲ ਢੱਕ ਦੇਣਾ ਚਾਹੀਦਾ ਹੈ। ਚੂਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਹੁਣ ਗੰਨੇ ਦੀ ਕਟਾਈ ਪੂਰੇ ਜ਼ੋਰ ਨਾਲ ਚਲ ਰਹੀ ਹੈ। ਅਗੇਤੀਆਂ ਕਿਸਮਾਂ ਦੀ ਕਟਾਈ ਇਸ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ। ਜੇਕਰ ਮੋਢੀ ਫ਼ਸਲ ਰੱਖਣੀ ਹੈ ਤਾਂ ਕਟਾਈ ਅਗਲੇ ਮਹੀਨੇ ਕੀਤੀ ਜਾਵੇ। ਮੋਢੀ ਫ਼ਸਲ ਰੱਖਣ ਲਈ ਗੰਨੇ ਦੀ ਕਟਾਈ ਪਿੱਛੋਂ ਖੇਤ ਵਿੱਚੋਂ ਖੋਰੀ ਕੱਢ ਕੇ ਪਾਣੀ ਲਗਾ ਦੇਵੋ। ਵੱਤਰ ਆਉਣ ਉਤੇ ਇਕ ਗੋਡੀ ਕਰੋ। ਫ਼ਸਲ ਦੀ ਕਟਾਈ ਧਰਤੀ ਦੇ ਬਿਲਕੁਲ ਨਾਲ ਕਰੋ। ਜੇਕਰ ਗੋਡੀ ਨਾ ਹੋ ਸਕੇ ਤਾਂ ਟਿਲਰ ਨਾਲ ਵਹਾਈ ਕਰ ਦੇਵੋ।

ਜੇਕਰ ਖੰਡ ਮਿੱਲ੍ਹ ਉੱਤੇ ਗੰਨਾ ਵੇਚਣ ਵਿਚ ਦਿੱਕਤ ਹੋ ਰਹੀ ਹੈ ਤਾਂ ਗੁੜ ਤੇ ਸ਼ੱਕਰ ਬਣਾਏ ਜਾ ਸਕਦੇ ਹਨ। ਗੁੜ ਵਿਚ ਕੈਲਸ਼ੀਅਮ, ਲੋਹਾ, ਫ਼ਾਸਫ਼ੋਰਸ ਆਦਿ ਹੁੰਦੇ ਹਨ। ਵਧੀਆ ਵੇਲਣਾ ਲਗਾਵੋ ਤਾਂ ਜੋ ਪੂਰਾ ਰਸ ਕੱਢਿਆ ਜਾ ਸਕੇ। ਕੜ੍ਹਦੀ ਰਸ ਦੀ ਸਫ਼ਾਈ ਲਈ ਸੋਡੇ ਦੀ ਥਾਂ ਸੁਖਲਾਈ ਨਾਮਕ ਬੂਟੀ ਵਰਤੀ ਜਾ ਸਕਦੀ ਹੈ। ਇਹ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਪਹਾੜੀਆਂ ਵਿੱਚੋਂ ਮਿਲ ਜਾਂਦੀ ਹੈ। ਸੁਖਲਾਈ ਦੇ ਛਿਲਕੇ ਨੂੰ 24 ਘੰਟੇ ਭਿਉਂ ਕੇ ਰੱਖੋ। ਇਸ ਨੂੰ ਮਲ ਕੇ ਗਾੜ੍ਹਾ ਘੋਲ ਬਣਾ ਲਵੋ। ਇਕ ਲਿਟਰ ਘੋਲ ਨਾਲ 100 ਲਿਟਰ ਰਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਗੁੜ ਵਿੱਚ ਖੁਸ਼ਕ ਮੇਵੇ ਪਾਕੇ ਇਸ ਨੂੰ ਮਠਿਆਈ ਦੇ ਰੂਪ ਵਿੱਚ ਵੀ ਵੇਚਿਆ ਜਾ ਸਕਦਾ ਹੈ।

ਸੰਪਰਕ: 94170-87328

Advertisement
×