ਐਮਰਜੈਂਸੀ ਦੇ 50 ਸਾਲ: ਤਾਨਾਸ਼ਾਹੀ ਤੇ ਵੰਸ਼ਵਾਦ ਦੀ ਵਾਪਸੀ
ਰਾਮਚੰਦਰ ਗੁਹਾ
ਐਮਰਜੈਂਸੀ ਦੀ ਪੰਜਾਹਵੀਂ ਵਰ੍ਹੇਗੰਢ ਇਸ ਮਹੀਨੇ ਦੇ ਅਖੀਰ ਵਿੱਚ ਆ ਰਹੀ ਹੈ। ਮੈਂ ਆਪਣੀ ਕਿਤਾਬ ‘ਇੰਡੀਆ ਆਫਟਰ ਗਾਂਧੀ’ ਵਿੱਚ ਇਤਿਹਾਸ ਦੇ ਉਸ ਸਿਆਹ ਦੌਰ ਬਾਰੇ ਲਿਖਿਆ ਸੀ। ਇਸ ਤੋਂ ਇਲਾਵਾ ਮੈਂ ਇਸ ਵਿਸ਼ੇ ’ਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਜਿਨ੍ਹਾਂ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹਨ ਦੀ ਸਲਾਹ ਦਿੰਦਾ ਹਾਂ ਉਨ੍ਹਾਂ ਵਿੱਚ ਐਮਾ ਟਾਰਲੋ, ਗਿਆਨ ਪ੍ਰਕਾਸ਼, ਕ੍ਰਿਸਟੋਫ ਜੈਫਰਲੋ ਅਤੇ ਪ੍ਰਤੀਨਵ ਅਨਿਲ ਅਤੇ ਹਾਲ ਫਿਲਹਾਲ ਵਿੱਚ ਸੁਗਾਤਾ ਸ੍ਰੀਨਿਵਾਸਰਾਜੂ ਸ਼ਾਮਲ ਹਨ। ਉਂਝ, ਇਸ ਕਾਲਮ ਵਿੱਚ ਮੈਂ ਦਿੱਲੀ ਵਿੱਚ ਇੱਕ ਕਾਲਜ ਵਿਦਿਆਰਥੀ ਹੁੰਦਿਆਂ ਐਮਰਜੈਂਸੀ ਵੇਲੇ ਦੇ ਅਨੁਭਵਾਂ ਦੀਆਂ ਕੁਝ ਨਿੱਜੀ ਯਾਦਾਂ ਸਾਂਝੀਆਂ ਕਰਨੀਆਂ ਚਾਹਾਂਗਾ।
ਮਈ 1975 ਵਿੱਚ ਮੈਂ ਸੇਂਟ ਸਟੀਫਨ’ਜ਼ ਕਾਲਜ ਵਿੱਚ ਅੰਡਰਗ੍ਰੈਜੂਏਟ ਵਜੋਂ ਪਹਿਲਾ ਸਾਲ ਪੂਰਾ ਕਰ ਲਿਆ ਸੀ ਅਤੇ ਛੁੱਟੀਆਂ ਵਿੱਚ ਦੇਹਰਾਦੂਨ ਆਪਣੇ ਘਰ ਪਰਤ ਆਇਆ ਸਾਂ। ਇਸੇ ਦੌਰਾਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਜਦੋਂ ਜੁਲਾਈ ਦੇ ਤੀਜੇ ਹਫ਼ਤੇ ਮੈਂ ਯੂਨੀਵਰਸਿਟੀ ਕੈਂਪਸ ਵਾਪਸ ਪਹੁੰਚਿਆ ਤਾਂ ਮੈਂ ਕੁਝ ਖਾਸ ਨਹੀਂ ਸੋਚ ਰਿਹਾ ਸਾਂ -ਕਿ ਇੰਦਰਾ ਗਾਂਧੀ ਵੱਲੋਂ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਮੇਰੇ ਦੇਸ਼ ਦੇ ਵਰਤਮਾਨ ਜਾਂ ਭਵਿੱਖ ਉਪਰ ਕੀ ਪ੍ਰਭਾਵ ਪਵੇਗਾ। ਇਹ ਇਸ ਲਈ ਕਿ ਮੈਂ ਉਸ ਵਕਤ ਸਿਰਫ਼ ਸਤਾਰ੍ਹਾਂ ਸਾਲਾਂ ਦਾ ਸੀ ਅਤੇ ਉਦੋਂ ਮੈਨੂੰ ਮੇਰੇ ਕਾਲਜ ਦੀ ਕ੍ਰਿਕਟ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਦਾ ਜ਼ਿਆਦਾ ਫ਼ਿਕਰ ਰਹਿੰਦਾ ਸੀ ਤੇ ਸੇਂਟ ਸਟੀਫਨ’ਜ਼ ਵਿਚਲੇ ਮੇਰੇ ਦੋਸਤ ਵੀ ਸਿਆਸਤ ਤੋਂ ਕੋਹਾਂ ਦੂਰ ਸਨ।
ਕਾਲਜ ਪ੍ਰਸ਼ਾਸਨ ਵੱਲੋਂ ਸਿਆਸਤ ਪ੍ਰਤੀ ਉਦਾਸੀਨਤਾ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਸੀ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੂਸੂ) ਦੇ ਅਹੁਦਿਆਂ ਦੀਆਂ ਚੋਣਾਂ ਵਿੱਚ ਤਿੱਖਾ ਮੁਕਾਬਲਾ ਹੁੰਦਾ ਸੀ; ਪਰ ਸਟੀਫਨੀਆਂ ਨੂੰ ਵੋਟ ਪਾਉਣ ਦੀ ਖੁੱਲ੍ਹ ਨਹੀਂ ਮਿਲਦੀ ਸੀ। ਦੂਜੇ ਪਾਸੇ, ਹਿੰਦੂ, ਹੰਸ ਰਾਜ, ਰਾਮਜਸ ਅਤੇ ਕਿਰੋੜੀ ਮੱਲ ਜਿਹੇ ਹੋਰਨਾਂ ਕਾਲਜਾਂ ਦੀਆਂ ਡੂਸੂ ਚੋਣਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਸੀ। ਤੇ ਦਿੱਲੀ ਦੇ ਦੂਜੇ ਕੋਨੇ ਵਿੱਚ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਿਦਿਆਰਥੀ ਸਿਆਸਤ ਵਿੱਚ ਬਹੁਤ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਂਦੇ ਸਨ।
ਸਟੀਫਨੀਏ ਆਪਣੀ ਸੰਸਥਾ ਦਾ ਬਹੁਤਾ ਨਾਤਾ ਮਹਾਤਮਾ ਗਾਂਧੀ ਨਾਲ ਵੇਖਦੇ ਸਨ, ਜਿਨ੍ਹਾਂ ਦੇ ਇੱਕ ਕਰੀਬੀ ਦੋਸਤ ਸੀ ਐੱਫ ਐਂਡ੍ਰਿਊਜ਼ ਨੇ ਕਾਲਜ ਵਿੱਚ ਪੜ੍ਹਾਇਆ ਵੀ ਸੀ। ਹਾਲਾਂਕਿ ਕਾਲਜ ਨੇ ਇੱਕਾ ਦੁੱਕਾ ਸੁਤੰਤਰਤਾ ਸੈਨਾਨੀ (ਜਿਵੇਂ ਕਿ ਹਰ ਦਿਆਲ ਅਤੇ ਬ੍ਰਿਜਕ੍ਰਿਸ਼ਨ ਚਾਂਦੀਵਾਲਾ) ਪੈਦਾ ਕੀਤੇ ਸਨ ਪਰ ਮੁੰਬਈ, ਪੁਣੇ, ਕਲਕੱਤਾ, ਚੇਨੱਈ, ਵਾਰਾਨਸੀ, ਅਲਾਹਾਬਾਦ, ਪਟਨਾ ਅਤੇ ਹੋਰਨਾਂ ਥਾਵਾਂ ਦੇ ਕਾਲਜਾਂ ਦੇ ਮੁਕਾਬਲੇ ਕੌਮੀ ਲਹਿਰ ਵਿੱਚ ਸਟੀਫਨਜ਼ ਦਾ ਯੋਗਦਾਨ ਬਹੁਤ ਹੀ ਘੱਟ ਸੀ। ਸਿਆਸਤ ਦਾ ਇਹ ਤਿਰਸਕਾਰ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਿਹਾ ਅਤੇ ਜਦੋਂ ਸਟੀਫਨ’ਜ਼ ਦੇ ਹੋਣਹਾਰ ਵਿਦਿਆਰਥੀ ਨੌਕਰਸ਼ਾਹੀ ਜਾਂ ਕੂਟਨੀਤਕ ਸਫ਼ਾਂ ਵਿੱਚ ਸ਼ਾਮਲ ਹੋਣ ਦਾ ਮਨੋਰਥ ਰੱਖਦੇ ਸਨ। 1960ਵਿਆਂ ਵਿੱਚ ਕੁਝ ਕੁ ਸਟੀਫਨੀਆਂ ਨੂੰ ਮਾਰਕਸਵਾਦ ਦੀ ਚੇਟਕ ਲੱਗੀ ਸੀ ਪਰ ਉਨ੍ਹਾਂ ਦੀ ਗਿਣਤੀ ਨਾਂਮਾਤਰ ਸੀ। ਉਨ੍ਹਾਂ ਦੇ ਸਮਕਾਲੀਆਂ ਦਾ ਨਿਸ਼ਾਨਾ ਵੱਕਾਰੀ ਸਰਕਾਰੀ ਨੌਕਰੀਆਂ ਹਾਸਲ ਕਰਨਾ ਜਾਂ ਪੱਤਰਕਾਰ, ਅਕਾਦਮੀਸ਼ਨ ਅਤੇ ਕਾਰਪੋਰੇਟ ਅਧਿਕਾਰੀ ਬਣਨਾ ਹੁੰਦਾ ਸੀ।
ਜਿਸ ਸੇਂਟ ਸਟੀਫਨ’ਜ਼ ਨੂੰ ਮੈਂ ਜਾਣਦਾ ਹਾਂ, ਉਸ ਦੀਆਂ ਕਈ ਖੂਬੀਆਂ ਸਨ ਪਰ ਸਿਆਸੀ ਵਾਬਸਤਗੀ ਉਨ੍ਹਾਂ ’ਚੋਂ ਇੱਕ ਨਹੀਂ ਸੀ। ਅਸੀਂ ਹਰੇਕ ਪਲ ਨੂੰ ਰੱਜ ਕੇ ਮਾਣਿਆ। ਮੈਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ 1975 ਵਿੱਚ ਵਾਪਸ ਕਾਲਜ ਆ ਕੇ ਦੇਖਿਆ ਕਿ ਇਹ ਬਿਲਕੁਲ ਵੀ ਨਹੀਂ ਬਦਲਿਆ ਸੀ। ਵਿਰੋਧੀ ਧਿਰ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਪ੍ਰੈਸ ਸੈਂਸਰਸ਼ਿਪ ਦਾ ਸਾਡੇ ’ਤੇ ਕੋਈ ਪ੍ਰਭਾਵ ਨਹੀਂ ਸੀ। ਅਸੀਂ ਪਹਿਲਾਂ ਵਾਂਗ ਹੀ ਗੱਲਾਂ, ਹਾਸਾ ਠੱਠਾ ਕਰਦੇ ਅਤੇ ਖੇਡਦੇ ਸਾਂ। 1975 ਦੇ ਦੂਜੇ ਅੱਧ ਵਿੱਚ ਮੇਰਾ ਧਿਆਨ ਇੱਕ ਲੈੱਗ ਕਟਰ ਵਿਕਸਤ ਕਰਨ ’ਤੇ ਲੱਗਿਆ ਹੋਇਆ ਸੀ ਜੋ ਕਿ ਮੇਰੀ ਸਟਾਕ ਡਲਿਵਰੀ ਆਫ-ਬ੍ਰੇਕ ਦੇ ਨਾਲ ਵਰਤੀ ਜਾਣੀ ਸੀ। ਇਵੇਂ ਹੀ ਬਾਕੀ ਦੇ ਸਟੀਫਨੀਏ ਆਪੋ ਆਪਣੀ ਪਸੰਦ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ; ਮਸਲਨ ਸ਼ੇਕਸਪੀਅਰ ਪੜ੍ਹਨਾ, ਬ੍ਰਿਜ ਖੇਡਣਾ, ਕਲਾਸੀਕਲ ਸੰਗੀਤ ਸੁਣਨਾ, ਚਰਸ ਦਾ ਜੁਗਾੜ ਲਾਉਣਾ ਜਾਂ ਇਹੋ ਜਿਹੇ ਹੋਰ ਕੰਮ।
1975-76 ਦੀਆਂ ਸਰਦੀਆਂ ਦੇ ਇੱਕ ਦਿਨ ਦੀ ਯਾਦ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕਿੰਨੇ ਜ਼ਿਆਦਾ ਗ਼ੈਰ-ਸਿਆਸੀ ਸਾਂ। ਸਰਕਾਰੀ ਟੈਲੀਵਿਜ਼ਨ ਲਈ ਇੱਕ ਦਸਤਾਵੇਜ਼ੀ ਫਿਲਮ ਬਣਾਉਣ ਲਈ ਇੱਕ ਸਾਬਕਾ ਵਿਦਿਆਰਥੀ ਕਾਲਜ ਆਇਆ। ਇੱਕ ਵਿਦਿਆਰਥੀ ਸੀਨੀਅਰ ਕਾਮਨ ਰੂਮ ਦੀਆਂ ਪੌੜੀਆਂ ’ਤੇ ਬੈਠਾ ਗਿਟਾਰ ਵਜਾ ਰਿਹਾ ਸੀ ਜਦਕਿ ਕੁਝ ਹੋਰ (ਜਿਨ੍ਹਾਂ ’ਚ ਮੈਂ ਵੀ ਸ਼ਾਮਲ ਸਾਂ) ਧਿਆਨ ਨਾਲ ਉਸ ਨੂੰ ਸੁਣ ਰਹੇ ਸਾਂ। ਇਹ ਪੂਰੀ ਫਿਲਮ ਉਸ ਹੂ-ਬ-ਹੂ ਦ੍ਰਿਸ਼ ਨਾਲ ਬਾਅਦ ਵਿੱਚ ਦੂਰਦਰਸ਼ਨ ’ਤੇ ਦਿਖਾਈ ਗਈ ਜਿਸ ਦਾ ਸਿਰਲੇਖ ਹੁਣ ਮੈਂ ਭੁੱਲ ਗਿਆ ਹਾਂ ਪਰ ਸ਼ਾਇਦ ਇਹ ਕੁਝ ‘ਕੈਂਪਸ ਵਿੱਚ ਅਮਨ ਚੈਨ ਦਾ ਮਾਹੌਲ’ ਜਿਹਾ ਸੀ।
ਐਮਰਜੈਂਸੀ ਜਿਉਂ-ਜਿਉਂ ਲੰਮੀ ਹੁੰਦੀ ਗਈ, ਇਸ ਦੇ ਹਨੇਰੇ ਪੱਖ ਦੀਆਂ ਕੁਝ ਕਹਾਣੀਆਂ ਸਾਡੇ ਤੱਕ ਪਹੁੰਚੀਆਂ। ਅਸੀਂ ਪ੍ਰਧਾਨ ਮੰਤਰੀ ਦੇ ਪੁੱਤਰ ਸੰਜੇ ਗਾਂਧੀ ਦੇ ਵਧਦੇ ਪ੍ਰਭਾਵ ਬਾਰੇ ਸੁਣਿਆ ਕਿ ਕਿਵੇਂ ਉਹ ਇੱਕ ਸੀਨੀਅਰ ਪੁਲੀਸ ਅਧਿਕਾਰੀ ਪੀਐੱਸ ਭਿੰਡਰ ’ਤੇ ਨਿਰਭਰ ਕਰਦਾ ਸੀ, ਤੇ ਇੱਕ ਪੁਲੀਸ ਮੁਕਾਬਲੇ ਦੀ ਕਹਾਣੀ ਵੀ ਸੁਣੀ ਜਿਸ ’ਚ ਭਿੰਡਰ ਅਤੇ ਸੁੰਦਰ ਡਾਕੂ ਨਾਂ ਦਾ ਇੱਕ ਰੌਬਿਨਹੁੱਡ ਵਰਗਾ ਕਿਰਦਾਰ ਸ਼ਾਮਲ ਸੀ। ਇੱਕ ਬਹੁਤ ਹੀ ਪਿਆਰੇ ਅਧਿਆਪਕ, ਵਿਜਯਨ (ਊਨੀ) ਨਾਇਰ ਨੂੰ ਸੰਜੇ ਗਾਂਧੀ ਨੇ ਆਪਣੇ ਨਾਲ ਜੁੜਨ ਲਈ ਕਿਹਾ। ਉਹ ਦੂਨ ਸਕੂਲ ਵਿੱਚ ਜਮਾਤੀ ਰਹੇ ਸਨ। ਹੁਣ ਸੰਜੇ ਨੇ ਇੱਕ ਸਾਂਝੇ ਦੋਸਤ ਰਾਹੀਂ ਸੁਨੇਹਾ ਭੇਜਿਆ ਕਿ ਉੂਨੀ ਨੂੰ ਅੰਡਰਗ੍ਰੈਜੂਏਟ ਕਾਲਜ ਵਿੱਚ ਲੈਕਚਰਾਰੀ ਛੱਡ ਕੇ ਉਸ ਦੀ ‘ਦੇਸ਼ ਚਲਾਉਣ’ ਵਿੱਚ ਮਦਦ ਕਰਨੀ ਚਾਹੀਦੀ ਹੈ। ਉੂਨੀ ਨਾਇਰ ਨੇ, ਆਪਣੀ ਆਹਲਾ ਸਿਆਣਪ ਨਾਲ ਜਵਾਬ ਦਿੱਤਾ ਕਿ ਉਹ ਜਿੱਥੇ ਹੈ, ਉੱਥੇ ਬਿਲਕੁਲ ਸੰਤੁਸ਼ਟ ਹੈ।
ਫਿਰ ਇੱਕ ਹੋਰ ਬੰਦਾ ਵੀ ਸੀ ਜਿਸ ਨੂੰ ਅਸੀਂ ਯੂਨੀਵਰਸਿਟੀ ਕੌਫੀ ਹਾਊਸ ਵਿੱਚ ਹਰ ਰੋਜ਼ ਦੇਖਦੇ ਸੀ, ਭੂਰੀ ਦਾੜ੍ਹੀ ਅਤੇ ਰੰਗੀਨ ਐਨਕਾਂ ਵਾਲਾ, ਇਕੱਲਾ ਬੈਠਾ ਆਦਮੀ। ਉਹ ਘੰਟਿਆਂਬੱਧੀ ਬੈਠਾ ਰਹਿੰਦਾ, ਸੋਚਦੇ-ਸੋਚਦੇ ਆਪਣੀ ਕੌਫੀ ਦੇ ਕੱਪ ਵੱਲ ਦੇਖਦਾ ਰਹਿੰਦਾ, ਸਿਰਫ਼ ਸਿਗਰਟ ਦਾ ਕਸ਼ ਲੈਣ ਲਈ ਉੱਪਰ ਵੱਲ ਦੇਖਦਾ। ਅਸੀਂ ਸਿੱਟਾ ਕੱਢਿਆ ਕਿ ਉਹ ਇੰਟੈਲੀਜੈਂਸ ਬਿਊਰੋ ਦਾ ਏਜੰਟ ਹੋਵੇਗਾ ਜਿਸ ਨੂੰ ਇਹ ਦੇਖਣ ਲਈ ਰੱਖਿਆ ਗਿਆ ਸੀ ਕਿ ਕੀ ਅਸਲ ’ਚ ਕੈਂਪਸ ਵਿੱਚ ਸ਼ਾਂਤੀ ਅਤੇ ਸਦਭਾਵਨਾ ਕਾਇਮ ਸੀ।
ਇਨ੍ਹਾਂ ਘਟਨਾਵਾਂ ਨੇ ਮੇਰੇ ਅੰਦਰ ਪਹਿਲਾਂ ਸੁਸਤ ਪਏ ਸਿਆਸੀ ਕਿਰਮ ਨੂੰ ਥੋੜ੍ਹਾ ਜਿਹਾ ਜਗਾ ਦਿੱਤਾ। ਅਪਰੈਲ 1976 ਦੇ ਦੂਜੇ ਹਫ਼ਤੇ ਦੇਰ ਰਾਤ ਆਲ ਇੰਡੀਆ ਰੇਡੀਓ ’ਤੇ ਇੱਕ ਚਾਪਲੂਸ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨੇ ਵੀ ਅਜਿਹਾ ਹੀ ਕੀਤਾ। ਸਾਡੇ ਵਿੱਚੋਂ ਕੁਝ ਜਣੇ ਕਾਲਜ ਦੇ ਇੱਕ ਚੌਕ ਵਿੱਚ ਟ੍ਰਾਂਜ਼ਿਸਟਰ ਦੁਆਲੇ ਇਕੱਠੇ ਹੋ ਕੇ ਪੋਰਟ ਆਫ਼ ਸਪੇਨ ਵਿੱਚ ਵੈਸਟ ਇੰਡੀਜ਼ ਖ਼ਿਲਾਫ ਖੇਡੇ ਜਾ ਰਹੇ ਟੈਸਟ ਮੈਚ ਦੇ ਆਖਰੀ ਦਿਨ ਦੀ ਕੁਮੈਂਟਰੀ ਸੁਣ ਰਹੇ ਸਨ। ਭਾਰਤੀ ਟੀਮ ਜਿੱਤਣ ਲਈ 400 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ ਅਤੇ ਕਾਫ਼ੀ ਅਸੰਭਵ ਜਾਪਦੇ ਇਸ ਟੀਚੇ ਨੂੰ ਇਸ ਨੇ ਪ੍ਰਾਪਤ ਵੀ ਕਰ ਲਿਆ, ਸਾਡੇ ਦੋ ‘ਲਿਟਲ’ ਮਾਸਟਰਾਂ, ਐੱਸ.ਐੱਮ. ਗਾਵਸਕਰ ਅਤੇ ਜੀ. ਆਰ. ਵਿਸ਼ਵਨਾਥ ਦੇ ਸੈਂਕੜਿਆਂ ਦੀ ਬਦੌਲਤ। ਜੇਤੂ ਦੌੜ ਬਣਨ ਤੋਂ ਬਾਅਦ ਰੇਡੀਓ ਕੁਮੈਂਟੇਟਰ ਨੇ ਕਿਹਾ, ‘ਇਹ ਇੰਦਰਾ ਗਾਂਧੀ ਦਾ ਦੇਸ਼ ਹੈ! ਇਹ ਵੀਹ ਸੂਤਰੀ ਪ੍ਰੋਗਰਾਮ ਦਾ ਦੇਸ਼ ਹੈ! ਉਸ ਸਮੇਂ ਵੀ ਮੈਨੂੰ ਇਹ ਬਹੁਤ ਅਪਮਾਨਜਨਕ ਲੱਗਿਆ, ਕਿਉਂਕਿ ਜੋ ਸਿਹਰਾ ਸਾਡੇ ਕ੍ਰਿਕਟਰਾਂ ਨੂੰ ਮਿਲਣਾ ਚਾਹੀਦਾ ਸੀ, ਉਹ ਚਤੁਰਾਈ ਨਾਲ ਇੱਕ ਤਾਨਾਸ਼ਾਹ ਰਾਜਨੇਤਾ ਨੂੰ ਦਿੱਤਾ ਜਾ ਰਿਹਾ ਸੀ।
ਸੰਨ 1977 ਦੀ ਬਸੰਤ ਰੁੱਤ ਵਿੱਚ ਐਮਰਜੈਂਸੀ ਹਟਾ ਲਈ ਗਈ ਅਤੇ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਇੱਕ ਨਵੀਂ ਜਨਤਾ ਪਾਰਟੀ ਬਣੀ ਜਿਸ ਦਾ ਗਠਨ ਇੰਦਰਾ ਗਾਂਧੀ ਅਤੇ ਉਸ ਦੀ ਕਾਂਗਰਸ ਦੀਆਂ ਵਿਰੋਧੀ ਚਾਰ ਮੌਜੂਦਾ ਪਾਰਟੀਆਂ ਨੇ ਮਿਲ ਕੇ ਕੀਤਾ। ਸੇਂਟ ਸਟੀਫਨ’ਜ਼ ਤੋਂ ਥੋੜ੍ਹੀ ਦੂਰ, ਮੌਰਿਸ ਚੌਕ ਵਿਖੇ ਇੱਕ ਰੈਲੀ ਸੀ ਜਿਸ ’ਚ ਮੈਂ ਹਜ਼ਾਰਾਂ ਹੋਰ ਵਿਦਿਆਰਥੀਆਂ ਦੇ ਨਾਲ ਸ਼ਾਮਲ ਹੋਇਆ। ਅਸੀਂ ਸਮਾਜਵਾਦੀ ਰਾਜ ਨਰਾਇਣ ਦੇ ਭਾਸ਼ਣ ਸੁਣੇ ਜਿਨ੍ਹਾਂ ਹਰੇ ਰੰਗ ਦਾ ਸਾਫਾ ਬੰਨ੍ਹਿਆ ਹੋਇਆ ਸੀ, ਅਤੇ ਉਹ ਸਾਰੇ ਨਹਿਰੂਆਂ (ਜਿਊਂਦੇ ਜਾਂ ਫੌਤ ਹੋ ਚੁੱਕੇ ਤੇ ਅਣਜੰਮਿਆਂ) ਖ਼ਿਲਾਫ਼ ਬੋਲ ਰਹੇ ਸਨ; ਜਵਾਹਰ ਲਾਲ ਨਹਿਰੂ ਦੀ ਭੈਣ ਵਿਜੈਲਕਸ਼ਮੀ ਪੰਡਿਤ ਦੇ ਭਾਸ਼ਣ ਸੁਣੇ ਜੋ ਵਾਸ਼ਿੰਗਟਨ ਅਤੇ ਮਾਸਕੋ ’ਚ ਰਾਜਦੂਤ ਵਜੋਂ ਆਪਣੇ ਸ਼ਾਨਦਾਰ ਦਿਨਾਂ ਵਾਂਗ ਹੀ ਸ਼ਾਨਦਾਰ ਤਿਆਰੀ ਕਰ ਕੇ ਪਹੁੰਚੀ ਸੀ, ਹਾਲਾਂਕਿ ਹੁਣ ਉਹ ਆਪਣੀ ਦੇਹਰਾਦੂਨ ਦੀ ਰਿਹਾਇਸ਼ ਤੋਂ ਇੱਥੇ ਆਈ ਸੀ ਅਤੇ ਨਾਗਰਿਕ ਸੁਤੰਤਰਤਾ ਦੀ ਬਹਾਲੀ ਤੇ ਆਪਣੀ ਭਤੀਜੀ ਦੀ ਤਾਨਾਸ਼ਾਹੀ ਦੇ ਅੰਤ ਦੀ ਮੰਗ ਕਰ ਰਹੀ ਸੀ; ਕਈ ਵਿਦਿਆਰਥੀ ਨੇਤਾਵਾਂ ਦੇ ਭਾਸ਼ਣ ਸੁਣੇ (ਮੇਰੇ ਕਾਲਜ ਵਿੱਚੋਂ ਕੋਈ ਨਹੀਂ); ਅਤੇ ਜਨ ਸੰਘ ਦੇ ਵਿਚਾਰਧਾਰਕ ਅਟਲ ਬਿਹਾਰੀ ਵਾਜਪਾਈ ਦੇ ਭਾਸ਼ਣ ਸੁਣੇ, ਜੋ ਸਭਿਅਕ ਤੇ ਸੁਰੀਲੀ ਹਿੰਦੀ ’ਚ ਭਿੱਝੇ, ਚੁਟਕਲਿਆਂ ਅਤੇ ਸਿਆਣਪ ਨਾਲ ਭਰਪੂਰ ਸਨ।
ਮੌਰਿਸ ਚੌਕ ਦੀ ਉਹ ਇਕੱਤਰਤਾ ਮੇਰੀ ਦਿਲਚਸਪੀ ਨੂੰ ਕ੍ਰਿਕਟ ਜਗਤ ਤੇ ਸੇਂਟ ਸਟੀਫਨ’ਜ਼ ਤੋਂ ਬਾਹਰ ਦੀ ਦੁਨੀਆ ’ਚ ਵਧਾਉਣ ਵਾਲੀ ਸਾਬਿਤ ਹੋਈ। ਕੁਝ ਹਫ਼ਤਿਆਂ ਬਾਅਦ, ਜਦੋਂ ਚੋਣਾਂ ਹੋ ਗਈਆਂ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ, ਮੈਂ ਦੋਸਤਾਂ ਦੇ ਇੱਕ ਗਰੁੱਪ ਨਾਲ ਬਹਾਦਰ ਸ਼ਾਹ ਜ਼ਫਰ ਮਾਰਗ ਗਿਆ, ਜਿੱਥੇ ਉਸ ਸਮੇਂ ਕਈ ਪ੍ਰਮੁੱਖ ਅਖ਼ਬਾਰਾਂ ਦੇ ਮੁੱਖ ਦਫ਼ਤਰ ਸਨ, ਜੋ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੁੰਦੀਆਂ ਸਨ। ਇਹ ਇੰਟਰਨੈੱਟ ਤੋਂ ਕਈ ਦਹਾਕੇ ਪਹਿਲਾਂ ਦੀ ਗੱਲ ਸੀ, ਅਤੇ ਬੇਸ਼ੱਕ ਅਸੀਂ ਤਾਜ਼ਾ ਜਾਂ ਭਰੋਸੇਯੋਗ ਜਾਣਕਾਰੀ ਲਈ ਆਲ ਇੰਡੀਆ ਰੇਡੀਓ ਜਾਂ ਦੂਰਦਰਸ਼ਨ ’ਤੇ ਨਿਰਭਰ ਨਹੀਂ ਕਰ ਸਕਦੇ ਸੀ। ਅਸੀਂ ਅਖ਼ਬਾਰਾਂ ਦੇ ਦਫ਼ਤਰਾਂ ਦੇ ਬਾਹਰ ਇੱਕ ਵੱਡੇ ਬਲੈਕਬੋਰਡ ਦੇ ਸਾਹਮਣੇ ਬੈਠੇ ਸੀ, ਜੋ ਨਤੀਜੇ ਆਉਣ ’ਤੇ ਉਨ੍ਹਾਂ ਨੂੰ ਫਲੈਸ਼ ਕਰਦਾ ਸੀ। ਜਦੋਂ ਅਸੀਂ ਦੇਖਿਆ ਕਿ ਸੰਜੇ ਗਾਂਧੀ ਅਮੇਠੀ ਵਿੱਚ ਹਾਰ ਗਿਆ, ਤਾਂ ਖੁਸ਼ੀ ’ਚ ਰੌਲਾ ਪਾਉਣ ਲੱਗੇ, ਤੇ ਜਦ ਬੋਰਡ ਨੇ ਅੱਗੇ ਦਿਖਾਇਆ ਕਿ ਇੰਦਰਾ ਗਾਂਧੀ ਵੀ ਰਾਏ ਬਰੇਲੀ ਵਿੱਚ ਹਾਰ ਗਈ ਸੀ, ਤਾਂ ਪਹਿਲਾਂ ਨਾਲੋਂ ਵੀ ਉੱਚੀ ਰੌਲਾ ਪੈਣ ਲੱਗਾ।
ਤਾਨਾਸ਼ਾਹੀ ਖ਼ਤਮ ਹੋ ਗਈ ਸੀ, ਤੇ ਵੰਸ਼ਵਾਦ ਦੀ ਰਾਜਨੀਤੀ ਵੀ ਖ਼ਤਮ ਹੋ ਗਈ ਸੀ। 50 ਸਾਲ ਬਾਅਦ, ਅਫ਼ਸੋਸ, ਤਾਨਾਸ਼ਾਹੀ ਤੇ ਵੰਸ਼ਵਾਦ ਦੀ ਰਾਜਨੀਤੀ, ਦੋਵੇਂ ਸਾਨੂੰ ਦੁਬਾਰਾ ਪ੍ਰੇਸ਼ਾਨ ਕਰਨ ਲਈ ਵਾਪਸ ਆ ਗਈਆਂ ਹਨ, ਫ਼ਰਕ ਸਿਰਫ ਇਹੀ ਹੈ ਕਿ ਉਹ ਹੁਣ ਵੱਖ-ਵੱਖ ਪਾਰਟੀਆਂ ਵਿੱਚ ਹਨ ਤੇ ਵੱਖੋ-ਵੱਖਰੀਆਂ ਪਾਰਟੀਆਂ ਇਸ ਦੀ ਪ੍ਰਤੀਨਿਧਤਾ ਕਰ ਰਹੀਆਂ ਹਨ।
ਈ-ਮੇਲ: ramachandraguha@yahoo.in