ਪ੍ਰੀਤੀ ਜ਼ਿੰਟਾ ਨੇ ਮਹਾਂਕੁੰਭ ’ਚ ਲਗਾਈ ਡੁਬਕੀ
ਮੁੰਬਈ:
ਬੌਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਮਹਾਂਕੁੰਭ ਦੌਰਾਨ ਪ੍ਰਯਾਗਰਾਜ ਪੁੱਜ ਕੇ ਕੁੰਭ ਵਿੱਚ ਇਸ਼ਨਾਨ ਕੀਤਾ। ‘ਕਲ ਹੋ ਨਾ ਹੋ’ ਦੀ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਮਹਾਂਕੁੰਭ ਵਿੱਚ ਸ਼ਾਮਲ ਹੋਣ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਉਸ ਨੇ ਆਪਣੇ ਗਲੇ ਵਿੱਚ ਮਾਲਾ ਪਾਈ ਹੋਈ ਹੈ ਅਤੇ ਮੱਥੇ ’ਤੇ ਤਿਲਕ ਲਾਇਆ ਹੋਇਆ ਹੈ। ਇਨ੍ਹਾਂ ਫੋਟੋਆਂ ਨਾਲ ਪਾਈ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ ਕਿ ਸਾਰੀਆਂ ਸੜਕਾਂ ਤੁਹਾਨੂੰ ਮਹਾਂਕੁੰਭ ਤੱਕ ਲਿਜਾ ਰਹੀਆਂ ਹਨ। ਮਹਾਂਕੁੰਭ ਵਿੱਚ ਪਿਛਲੇ ਹਫ਼ਤਿਆਂ ਦੌਰਾਨ ਬੌਲੀਵੁੱਡ ਤੋਂ ਸੋਨਾਲੀ ਬੇਂਦਰੇ, ਬੋਨੀ ਕਪੂਰ, ਵਿੱਕੀ ਕੌਸ਼ਲ, ਤਮੰਨਾ ਭਾਟੀਆ, ਨਿਮਰਤ ਕੌਰ ਆਦਿ ਸ਼ਾਮਲ ਹੋ ਚੁੱਕੇ ਹਨ। ਪ੍ਰੀਤੀ ਜ਼ਿੰਟਾ ਰਾਜਕੁਮਾਰ ਸੰਤੋਸ਼ੀ ਦੀ ਫਿਲਮ ‘ਲਾਹੌਰ 1947’ ਨਾਲ ਮੁੜ ਆਪਣਾ ਫਿਲਮ ਸਫ਼ਰ ਸ਼ੁਰੂ ਕਰ ਰਹੀ ਹੈ। ਇਸ ਫਿਲਮ ਵਿੱਚ ਸਨੀ ਦਿਓਲ ਮੁੱਖ ਭੂਮਿਕਾ ’ਚ ਨਜ਼ਰ ਆਵੇਗਾ। ਪ੍ਰੀਤੀ ਨੇ ਸਾਲ 1998 ਵਿੱਚ ਫਿਲਮ ‘ਦਿਲ ਸੇ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ‘ਵੀਰ-ਜ਼ਾਰਾ’, ‘ਕੋਈ ਮਿਲ ਗਿਆ’ ਵਰਗੀਆਂ ਕਈ ਹਿੱਟ ਫਿਲਮਾਂ ਕੀਤੀਆਂ। -ਆਈਏਐੱਨਐੱਸ