ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਜੂਨ
ਪੰਜਾਬ ਸਰਕਾਰ ਦੇ ਆਦੇਸ਼ ਉੱਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸੀ ਐੱਮ ਦੀ ਯੋਗਸ਼ਾਲਾ ਦੇ ਬੈਨਰ ਹੇਠ 21 ਨੂੰ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਪੱਧਰੀ ਸਮਾਗਮ ਕਾਲੀ ਮਾਤਾ ਮੰਦਰ, ਸੰਗਰੂਰ ਵਿੱਚ ਮਨਾਇਆ ਜਾਵੇਗਾ ਜਦਕਿ ਹਰੇਕ ਬਲਾਕ ਵਿੱਚ ਵੀ ਇਹ ਸਮਾਗਮ ਕਰਵਾਇਆ ਜਾਵੇਗਾ ਜਿਸ ਸਬੰਧੀ ਤਿਆਰੀਆਂ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ ਨੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਬੁਲਾਈ। ਇਸ ਮੌਕੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ ਉੱਤੇ ਇਹ ਸਮਾਗਮ ਸਵੇਰੇ 7:00 ਵਜੇ ਤੋਂ ਲੈ ਕੇ 7:45 ਵਜੇ ਤੱਕ ਹੋਣਗੇ। ਸੰਗਰੂਰ ਤੋਂ ਇਲਾਵਾ ਇਹ ਸਮਾਗਮ ਧੂਰੀ (ਰਾਮ ਬਾਗ), ਭਵਾਨੀਗੜ੍ਹ (ਸਟੇਡੀਅਮ), ਸੁਨਾਮ (ਐੱਸ ਯੂ ਐੱਸ ਕਾਲਜ), ਲਹਿਰਾਗਾਗਾ (ਸੌਰਵ ਕੰਪਲੈਕਸ), ਮੂਨਕ (ਅਗਰਵਾਲ ਧਰਮਸ਼ਾਲਾ), ਦਿੜ੍ਹਬਾ (ਗੀਤਾ ਭਵਨ), ਸ਼ੇਰਪੁਰ (ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ) ਅਤੇ ਖਨੌਰੀ (ਗਊਸ਼ਾਲਾ ਪਾਰਕ) ਵਿੱਚ ਵੀ ਹੋਣਗੇ, ਜਿਨ੍ਹਾਂ ਵਿੱਚ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਇਨ੍ਹਾਂ ਯੋਗ ਸਮਾਗਮਾਂ ਵਿੱਚ ਵੱਧ ਤੋਂ ਵੱਧ ਲੋਕ ਸ਼ਾਮਲ ਹੋ ਕੇ ਲਾਭ ਲੈਣ। ਸਾਰੇ ਸਮਾਗਮਾਂ ਵਿੱਚ ਵੱਖ-ਵੱਖ ਟਰੇਨਰਾਂ ਵੱਲੋਂ ਯੋਗ ਕਰਵਾਇਆ ਜਾਵੇਗਾ। ਜ਼ਿਲ੍ਹਾ ਸੰਗਰੂਰ ਵਿੱਚ 372 ਦੇ ਕਰੀਬ ਯੋਗ ਕਲਾਸਾਂ ਹਰ ਰੋਜ਼ ਲਗਾਈਆਂ ਜਾ ਰਹੀਆਂ ਹਨ, ਜਿਸਦਾ 5000 ਤੋਂ ਵਧੇਰੇ ਸੰਗਰੂਰ ਵਾਸੀ ਮਾਹਿਰ ਯੋਗਾ ਟਰੇਨਰਾਂ ਜ਼ਰੀਏ ਲਾਹਾ ਲੈ ਰਹੇ ਹਨ।
ਪਟਿਆਲਾ: ਥਾਪਰ ’ਵਰਸਿਟੀ ਵਿੱਚ ਹੋਵੇਗਾ ਸਮਾਗਮ
ਪਟਿਆਲਾ (ਪੱਤਰ ਪ੍ਰੇਰਕ): ਕੌਮਾਂਤਰੀ ਯੋਗ ਦਿਵਸ ’ਤੇ 21 ਜੂਨ ਨੂੰ ਕਰਵਾਇਆ ਜਾਣ ਵਾਲਾ ਜ਼ਿਲ੍ਹਾ ਪੱਧਰੀ ਸਮਾਗਮ ਥਾਪਰ ਯੂਨੀਵਰਸਿਟੀ (ਸਾਹਮਣੇ ਸਪੋਰਟਸ ਆਫ਼ਿਸ, ਗਰਾਊਂਡ) ਵਿੱਚ ਸਵੇਰੇ 5:30 ਵਜੇ ਤੋਂ 7:30 ਵਜੇ ਤੱਕ ਹੋਵੇਗਾ। ਇਸ ਬਾਰੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਦੱਸਿਆ ਕਿ ਗਿਆਰ੍ਹਵੇਂ ਕੌਮਾਂਤਰੀ ਯੋਗ ਦਿਵਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਖੇਡ, ਸਿੱਖਿਆ, ਪੁਲੀਸ, ਰੈੱਡ ਕਰਾਸ ਤੇ ਬਾਗ਼ਬਾਨੀ ਵਿਭਾਗ ਨੂੰ ਡਿਊਟੀਆਂ ਸੌਂਪੀਆਂ ਗਈ ਹਨ।