ਪੰਛੀਆਂ ਦਾ ‘ਬਹੂ-ਮੰਜ਼ਲਾਂ ਰੰਗ-ਬਿਰੰਗਾ ਰੈਨ ਬਸੇਰਾ’ ਖਿੱਚ ਦਾ ਕੇਂਦਰ ਬਣਿਆ
ਕਰਮਵੀਰ ਸਿੰਘ ਸੈਣੀ
ਮੂਨਕ, 2 ਜੁਲਾਈ
ਜੈਨ ਸਥੱਲ ਮੂਨਕ ਵਿੱਚ ਪੰਛੀਆਂ ਦੇ ਰੈਣ-ਬਸੇਰਾ ਲਈ ਬਣਾਈ ਬਹੁ-ਮੰਜ਼ਲਾਂ ਰੰਗ-ਬਿਰੰਗੀ ਇਮਾਰਤ ਆਉਣ-ਜਾਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਹਰ ਕੋਈ ਇਸ ਰੰਗ-ਬਿਰੰਗੀ ਟਾਵਰਨੁਮਾ ਇਮਾਰਤ ਬਾਰੇ ਜਦੋਂ ਉਤਸੁਕਤਾ ਨਾਲ ਪੁੱਛਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਮੂਨਕ ਦੇ ਹੀ ਇੱਕ ਸਮਾਜ ਸੇਵੀ ਰਾਜੇਸ਼ ਜੈਨ ਨੇ ਪੰਛੀਆਂ ਲਈ ਰੈਣ-ਬਸੇਰਾ ਬਣਾਇਆ ਹੈ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀ ਆਪਣਾ ਠਹਿਰਾਓ ਬਣਾਉਣਗੇ। ਇਹ ਪੰਛੀ ਘਰ ਰਜੇਸ਼ ਜੈਨ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਬਣਾਇਆ ਹੈ, ਜਿਸ ਨੂੰ ਪੰਛੀ-ਧਾਮ ਦਾ ਨਾਂ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੂਨਕ ਦੇ ਜੰਮਪਲ ਰਜੇਸ਼ ਜੈਨ ਅਤੇ ਉਨ੍ਹਾਂ ਦੀ ਪਤਨੀ ਸੋਨੂ ਜੈਨ ਨੇ ਆਪਣੇ ਮਰਹੂਮ ਮਾਤਾ ਕ੍ਰਿਸ਼ਨਾ ਜੈਨ ਅਤੇ ਪਿਤਾ ਕੀਮਤ ਲਾਲ ਜੈਨ ਦੀ ਯਾਦ ਵਿੱਚ ਜੈਨ ਪੰਛੀ-ਧਾਮ ਦਾ ਨਿਰਮਾਣ ਕਰਵਾਇਆ ਹੈ।
ਰਜੇਸ਼ ਜੈਨ ਨੇ ਦੱਸਿਆ ਕਿ ਜੈਨ ਮੁਨੀ ਸੁਧੀਰ ਅਤੇ ਸਾਧਵੀ ਸੁਦਕਸ਼ਾ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਇਸ ਪੰਛੀ ਧਾਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਮੂਨਕ ਵਰਗੇ ਸ਼ਹਿਰ ਵਿੱਚ ਪੰਛੀ-ਧਾਮ ਬਣਾਉਣ ਲਈ ਉਨ੍ਹਾਂ ਕਈ ਸ਼ਹਿਰਾਂ ਵਿੱਚ ਜਾ ਕੇ ਜਾਣਕਾਰੀ ਹਾਸਲ ਕੀਤੀ, ਜਿੱਥੇ ਇਹ ਪੰਛੀ-ਧਾਮ ਬਣੇ ਹੋਏ ਹਨ ਅਤੇ ਸਫਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸਣੇ ਕਈ ਸ਼ਹਿਰਾਂ ਵਿੱਚ ਉਨ੍ਹਾਂ ਜਾਣਕਾਰੀ ਹਾਸਲ ਕੀਤੀ ਕਿ ਇਹ ਕਿਸ ਤਰ੍ਹਾਂ ਨਾਲ ਤਿਆਰ ਕੀਤੇ ਗਏ ਹਨ ਅਤੇ ਇਸ ਵਿੱਚ ਕੀ-ਕੀ ਸਹੂਲਤਾਂ ਦਿੱਤੀਆਂ ਹੋਈਆਂ ਹਨ, ਸੁਰੱਖਿਆ ਅਤੇ ਰੱਖ-ਰਖਾਅ ਦਾ ਪ੍ਰਬੰਧ ਕੀ ਹੈ।