ਸੀਵਰੇਜ ਕਾਮਿਆਂ ਵੱਲੋਂ ਜ਼ਿਲ੍ਹਾ ਦਫ਼ਤਰ ਅੱਗੇ ਨਾਅਰੇਬਾਜ਼ੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਜੂਨ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸਜ਼ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਹੜਤਾਲ ’ਤੇ ਚੱਲ ਰਹੇ ਸੀਵਰੇਜ ਕਾਮਿਆਂ ਵੱਲੋਂ ਇੱਥੇ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ 25 ਜੂਨ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਅਤੇ ਮੀਤ ਪ੍ਰਧਾਨ ਗੁਰਜੰਟ ਸਿੰਘ ਉਗਰਾਹਾਂ ਨੇ ਦੱਸਿਆ ਕਿ ਬੀਤੀ 10 ਜੂਨ ਤੋਂ ਸੀਵਰੇਜ ਕਾਮੇ ਲਗਾਤਾਰ ਹੜਤਾਲ ’ਤੇ ਹਨ ਅਤੇ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸੀਵਰੇਜ਼ ਦੀਆਂ ਮੋਟਰਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਦਬਾਅ ਤਹਿਤ ਵਿਭਾਗ ਦੇ ਮੁੱਖ ਕਾਰਜਕਾਰੀ ਅਫ਼ਸਰ ਵੱਲੋਂ ਮੀਟਿੰਗ ਕਰ ਕੇ 25 ਜੂਨ ਤੋਂ ਬਾਅਦ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਲਿਖਤੀ ਕੋਈ ਪੱਤਰ ਨਹੀਂ ਦਿੱਤਾ ਗਿਆ ਜਿਸ ਕਾਰਨ ਯੂਨੀਅਨ ਵੱਲੋਂ ਮੋਟਰਾਂ ਬੰਦ ਕਰਨ ਦਾ ਫੈਸਲਾ ਮੁਲਤਵੀ ਕਰ ਕੇ 25 ਜੂਨ ਤੱਕ ਹੜਤਾਲ ਅਤੇ ਧਰਨੇ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ਼ ਕਰ ਕੇ ਤੁਰੰਤ ਰੈਗੂਲਰ ਕੀਤਾ ਜਾਵੇ, 1948 ਐਕਟ ਤਹਿਤ ਤਨਖਾਹ ਗੁਜ਼ਾਰੇ ਜੋਗੀ ਕੀਤੀ ਜਾਵੇ, ਕੱਚੇ ਮੁਲਾਜ਼ਮ ਰਿਟਾਇਰਮੈਂਟ ਦੀ ਕਗਾਰ ’ਤੇ ਹਨ ਜਿਸ ਕਰਕੇ ਨੌਕਰੀ ਦੀ ਉਮਰ 65 ਸਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਵਾ ਕੇ ਉਪਰੋਕਤ ਮੰਗਾਂ ਦਾ ਮੁਕੰਮਲ ਤੌਰ ’ਤੇ ਹੱਲ ਨਾ ਕਰਵਾਇਆ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਵਿੱਚ ਸਮੂਹ ਵਰਕਰ ਪਰਿਵਾਰਾਂ ਸਮੇਤ ਸੰਘਰਸ਼ ’ਚ ਸ਼ਾਮਲ ਹੋਣਗੇ। ਇਸ ਮੌਕੇ ਯੂਨੀਅਨ ਆਗੂ ਸ੍ਰੀਨਿਵਾਸ ਸ਼ਰਮਾ, ਹਰਦੀਪ ਕੁਮਾਰ, ਕੁਲਦੀਪ ਸੈਣੀ, ਹਰਪਾਲ ਸਿੰਘ ਝਨੇੜੀ, ਜਗਸੀਰ ਸਿੰਘ, ਭਵਨ ਪੰਮੀ ਤੇ ਸ਼ਤੀਸ਼ ਕੁਮਾਰ ਆਦਿ ਸ਼ਾਮਲ ਸਨ।