DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਗਤਪੁਰਾ ਦੀ ਨਹਿਰੀ ਕੋਠੀ ਦੀ ਜ਼ਮੀਨ ਦਾ ਪੁਲੀਸ ਨੇ ਲਿਆ ਕਬਜ਼ਾ

ਜ਼ਮੀਨ ਖਰੀਦਦਾਰਾਂ ਨੇ ਅਗਾਊਂ ਸੂਚਨਾ ਦਿੱਤੇ ਜਾਣ ਦਾ ਦੋਸ਼ ਲਾਇਆ
  • fb
  • twitter
  • whatsapp
  • whatsapp
Advertisement

ਰਮੇਸ਼ ਭਾਰਦਵਾਜ

ਲਹਿਰਾਗਾਗਾ, 3 ਜੁਲਾਈ

Advertisement

ਸਿੰਜਾਈ ਵਿਭਾਗ ਨੇ ਅੱਜ ਇੱਥੇ ਪੁਲੀਸ ਦੀ ਮਦਦ ਨਾਲ ਪਿੰਡ ਸੰਗਤਪੁਰਾ ਦੀ ਨਹਿਰੀ ਕੋਠੀ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਹਾਲਾਂਕਿ ਜ਼ਮੀਨ ਮਾਲਕਾਂ ਨੇ ਅਗਾਊਂ ਸੂਚਨਾ ਦਿੱਤੇ ਬਿਨਾਂ ਕਬਜ਼ਾ ਕਰਨ ਦੇ ਦੋਸ਼ ਲਾਏ ਹਨ।

ਇੱਥੇ ਅੱਜ ਨਹਿਰੀ ਵਿਭਾਗ ਦੇ ਐੱਸਡੀਓ ਆਰੀਅਨ ਅਨੇਜਾ, ਤਹਿਸੀਲਦਾਰ ਜੀਵਨ ਛਿੱਬੜ, ਡੀਐੱਸਪੀ ਦੀਪਇੰਦਰ ਸਿੰਘ ਜੇਜੀ, ਡੀਐੱਸਪੀ ਸੰਜੀਵ ਸਿੰਗਲਾ, ਐੱਸਐੱਚਓ ਕਰਮਜੀਤ ਸਿੰਘ, ਜ਼ਿਲ੍ਹੇਦਾਰ ਜਸਕਰਨ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਜ਼ਮੀਨ ਵਿਭਾਗ ਹਵਾਲੇ ਕੀਤੀ। ਇਸ ਦੌਰਾਨ ਕੋਈ ਵੀ ਵਿਰੋਧ ਲਈ ਸਾਹਮਣੇ ਨਹੀਂ ਆਇਆ।

ਦੱਸਣਯੋਗ ਹੈ ਕਿ ਸਿੰਜਾਈ ਵਿਭਾਗ ਵੱਲੋਂ ਪਿੰਡ ਸੰਗਤਪੁਰਾ ਦੀ ਨਹਿਰੀ ਕੋਠੀ ਦੀ ਜ਼ਮੀਨ ਸਣੇ ਸਾਲ 1998 ਵਿੱਚ ਖੁੱਲ੍ਹੀ ਨਿਲਾਮੀ ਕੀਤੀ ਸੀ, ਜਿਸ ਨੂੰ ਪਿੰਡ ਸੰਗਤਪੁਰਾ ਦੇ ਸੁੱਚਾ ਸਿੰਘ ਪੁੱਤਰ ਪ੍ਰੇਮ ਸਿੰਘ ਨੇ ਸਭ ਤੋਂ ਉੱਚੀ ਬੋਲੀ 13.51 ਲੱਖ ਰੁਪਏ ਵਿੱਚ ਖਰੀਦਿਆ ਸੀ। ਵਿਭਾਗ ਨੇ ਸ਼ਰਤਾਂ ਮੁਤਾਬਕ ਰਕਮ ਭਰਵਾ ਕੇ ਜ਼ਮੀਨ ਦਾ ਕਬਜ਼ਾ ਖ਼ਰੀਦਦਾਰ ਨੂੰ ਦੇ ਦਿੱਤਾ ਸੀ, ਜਿਸ ’ਤੇ ਅੱਜ ਵਿਭਾਗ ਨੇ ਪੁਲੀਸ ਦੀ ਮਦਦ ਨਾਲ ਕਬਜ਼ਾ ਲਿਆ ਹੈ।

ਜ਼ਿਕਰਯੋਗ ਹੈ ਕਿ ਜ਼ਮੀਨ ਦੇ ਖ਼ਰੀਦਦਾਰ ਵੱਲੋਂ ਨਿਲਾਮੀ ਦੀ ਕੁੱਲ ਰਕਮ ਵਿੱਚੋਂ 6.80 ਲੱਖ ਰੁਪਏ ਪਹਿਲਾਂ ਹੀ ਵਿਭਾਗ ਕੋਲ ਜਮ੍ਹਾਂ ਕਰਵਾਏ ਗਏ ਸਨ, ਜਦਕਿ ਕਿ ਵਿਭਾਗ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਬਿਨਾਂ ਕਰਵਾਏ ਅਤੇ ਬੋਲੀ ਅਨੁਸਾਰ ਨਿਲਾਮੀ ਦਾ ਸਮਾਨ ਪੂਰਾ ਕਰਨ ਦੇ ਬਾਵਜੂਦ 6.71 ਲੱਖ ਦਾ ਚੈੱਕ ਸਾਲ 2018 ਤੋਂ ਵਿਭਾਗ ਦੇ ਨਾਮ ’ਤੇ ਅਦਾਲਤ ਵਿੱਚ ਜਮ੍ਹਾਂ ਕਰਵਾਇਆ ਹੋਇਆ ਹੈ।

ਜ਼ਮੀਨ ਦੇ ਖਰੀਦਦਾਰਾਂ ਨੇ ਦੱਸਿਆ ਕਿ ਸਿੰਜਾਈ ਵਿਭਾਗ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਭਾਰੀ ਪੁਲੀਸ ਫੋਰਸ ਨਾਲ ਇਸ ਥਾਂ ਦਾ ਕਬਜ਼ਾ ਲੈਣ ਆਇਆ ਹੈ ਪਰ ਬੀਕੇਯੂ ਏਕਤਾ ਉਗਰਾਹਾਂ ਦੇ ਸਹਿਯੋਗ ਸਦਕਾ ਵਿਭਾਗ ਅਤੇ ਪੁਲੀਸ ਜ਼ਮੀਨ ’ਤੇ ਕਬਜ਼ਾ ਕਰਨ ਵਿਚ ਸਫ਼ਲ ਨਹੀਂ ਹੋਈ ਸੀ। ਉਨ੍ਹਾਂ ਦੱਸਿਆ ਕਿ ਐਤਕੀ ਨਾ ਹੀ ਪੁਲੀਸ, ਨਾ ਸਿੰਜਾਈ ਵਿਭਾਗ ਅਤੇ ਨਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਅਗਾਊਂ ਸੂਚਨਾ ਦਿੱਤੀ ਗਈ। ਪੁਲੀਸ ਨੇ ਅਚਾਨਕ ਆ ਕੇ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਜੇਕਰ ਇਸ ਕਾਰਵਾਈ ਦੀ ਅਗਾਊਂ ਸੂਚਨਾ ਦਿੰਦਾ ਤਾਂ ਉਹ ਆਪਣਾ ਪੱਖ ਸਪੱਸ਼ਟ ਕਰਦੇ ਅਤੇ ਜ਼ਮੀਨ ਸਬੰਧੀ ਕਾਗਜ਼ਾਤ ਪ੍ਰਸ਼ਾਸਨ ਦੇ ਸਾਹਮਣੇ ਰੱਖਦੇ।

ਜ਼ਮੀਨ ਦੀ ਨਿਲਾਮੀ ਰੱਦ ਕੀਤੀ: ਸਿੰਜਾਈ ਵਿਭਾਗ

ਸਿੰਜਾਈ ਵਿਭਾਗ ਨੇ ਕਿਹਾ ਕਿ ਕੋਠੀ ਸਣੇ ਜ਼ਮੀਨ ਦੀ ਨਿਲਾਮੀ ਰੱਦ ਕੀਤੀ ਗਈ ਹੈ ਅਤੇ ਅਦਾਲਤ ਵੱਲੋਂ ਵੀ ਜ਼ਮੀਨ ਸਬੰਧੀ ਕੇਸ ਰੱਦ ਕਰ ਦਿੱਤਾ ਹੈ। ਜਦੋਂਕਿ ਜ਼ਮੀਨ ਦੇ ਵਾਰਸਾਂ ਨੇ ਕਿਹਾ ਕਿ ਜਿਸ ਹੱਦਬੰਦੀ ਤਹਿਤ ਇਸ ਥਾਂ ਦੀ ਨਿਲਾਮੀ ਰੱਦ ਕੀਤੀ ਗਈ ਸੀ ਉਸ ਵਿੱਚ ਉਨ੍ਹਾਂ ਜ਼ਮੀਨ ਨਹੀਂ ਆਉਂਦੀ ਹੈ, ਇਸ ਲਈ ਉਨ੍ਹਾਂ ਕੇਸ ਅਦਾਲਤ ਵਿੱਚ ਪਾਇਆ ਹੈ ਕਿਉਂਕਿ ਉਨ੍ਹਾਂ ਜ਼ਮੀਨ ਖਰੀਦੀ ਹੈ, ਨਾ ਕਿ ਉਨ੍ਹਾਂ ਨੂੰ ਇਹ ਅਲਾਟ ਹੋਈ ਹੈ ਤੇ ਨਾ ਕਿਰਾਏ ’ਤੇ ਹੈ ਅਤੇ ਨਾ ਹੀ ਵਿਭਾਗ ਨੇ ਪਟੇ ’ਤੇ ਦਿੱਤੀ ਹੈ।

ਕਿਸਾਨ ਜਥੇਬੰਦੀ ਨੇ ਮਾਮਲੇ ’ਚ ਦਖ਼ਲਅੰਦਾਜ਼ੀ ਤੋਂ ਹੱਥ ਖਿੱਚੇ

ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪਹਿਲਾਂ ਕਬਜ਼ੇ ਦੇ ਵਿਰੋਧ ਵਿੱਚ ਜਾਂਦੇ ਸੀ। ਇਸ ਵਾਰ ਕਬਜ਼ੇ ਸਬੰਧੀ ਕੋਈ ਅਗਾਊਂ ਸੂਚਨਾ ਨਹੀਂ ਮਿਲੀ, ਇਸ ਲਈ ਉਹ ਇਸ ਮਾਮਲੇ ਤੋਂ ਪਿੱਛੇ ਹਟ ਗਏ। ਉਨ੍ਹਾਂ ਕਿਹਾ ਕਿ ਹੁਣ ਜਥੇਬੰਦੀ ਦਾ ਫ਼ੈਸਲਾ ਹੈ ਕਿ ਦੋਵਾਂ ਧਿਰਾਂ ’ਚ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਵੇਗੀ।

Advertisement
×