ਨਰੇਗਾ ਕਾਮਿਆਂ ਵੱਲੋਂ ਰੈਲੀ ਭਲਕੇ
ਪਟਿਆਲਾ: ਪੰਜਾਬ ਭਰ ਦੇ ਨਰੇਗਾ ਕਾਮੇ 25 ਜੁਲਾਈ ਨੂੰ ਡੀਸੀ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਦੇਣਗੇ, ਨਰੇਗਾ ਨੂੰ ਬੰਦ ਕਰਨ ਦੀਆਂ ਸਾਜ਼ਿਸ਼ਾਂ ਵਿਰੁੱਧ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ, ਇਸ ਸਬੰਧੀ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਟਿਆਲਾ ਡੀਸੀ ਦਫ਼ਤਰ ਅੱਗੇ ਵੀ 25 ਜੁਲਾਈ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। -ਪੱਤਰ ਪ੍ਰੇਰਕ
ਸਕੂਲਾਂ ਅੱਗੇ ਭਾਰੀ ਵਾਹਨਾਂ ’ਤੇ ਪਾਬੰਦੀ
ਪਟਿਆਲਾ: ਵਧੀਕ ਜ਼ਿਲ੍ਹਾ ਮੈਜਿਸਟਰੇਟ ਈਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮਾਣਾ-ਪਟਿਆਲਾ ਸੜਕ (ਐਸਐਚ-10) ਪਸਿਆਣਾ ਚੌਕੀ ਤੱਕ, ਸਮਾਣਾ-ਪਾਤੜਾਂ ਰੋਡ ਪਿੰਡ ਕਕਰਾਲਾ ਤੱਕ, ਸਮਾਣਾ-ਭਵਾਨੀਗੜ੍ਹ ਰੋਡ ਪਿੰਡ ਫ਼ਤਹਿਗੜ੍ਹ ਛੰਨਾ ਤੱਕ ਅਤੇ ਸਮਾਣਾ-ਚੀਕਾ ਰੋਡ ਸੇਂਟ ਲਾਰੇਂਸ ਸਕੂਲ ਤੱਕ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰੀ ਵਾਹਨਾਂ (ਟਿੱਪਰ, ਟਰੱਕ ਆਦਿ) ਦੇ ਅੰਦਰ ਆਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 8 ਸਤੰਬਰ ਤੱਕ ਲਾਗੂ ਰਹਿਣਗੇ। -ਪੱਤਰ ਪ੍ਰੇਰਕ
ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ
ਸੁਨਾਮ ਊਧਮ ਸਿੰਘ ਵਾਲਾ: ਸੁਨਾਮ ਅਤੇ ਛਾਜਲੀ ਸਟੇਸ਼ਨਾਂ ਦਰਮਿਆਨ ਇੱਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਜੀਆਰਪੀ ਚੌਂਕੀ ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਦੇ ਇੰਚਾਰਜ ਸਹਾਇਕ ਥਾਣੇਦਾਰ ਅਜੇ ਕੁਮਾਰ ਅਤੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਪਗ ਇਕ ਵਜੇ ਸੁਨਾਮ-ਛਾਜਲੀ ਰੇਲਵੇ ਸਟੇਸ਼ਨਾਂ ਵਿਚਕਾਰ ਇੱਕ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। -ਨਿੱਜੀ ਪੱਤਰ ਪ੍ਰੇਰਕ
ਘਰ ਵਿੱਚੋਂ ਗਹਿਣੇ ਚੋਰੀ
ਸਮਾਣਾ: ਪਿੰਡ ਦੋਦਾ ਵਿੱਚ ਕਾਰ ਵਿੱਚ ਆਏ ਚੋਰਾਂ ਦੇ ਇੱਕ ਗਰੋਹ ਨੇ ਦਿਨ-ਦਿਹਾੜੇ ਘਰ ਦਾ ਤਾਲਾ ਤੋੜ ਕੇ ਸੋਨੇ-ਚਾਂਦੀ ਦੇ ਗਹਿਣੇ, ਨਕਦੀ ਅਤੇ ਪੁਰਾਣੇ ਚਾਂਦੀ ਦੇ ਸਿੱਕੇ ਚੋਰੀ ਕਰ ਲਏ। ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੋਨੇ ਦੀਆਂ ਦੋ ਮੁੰਦਰੀਆਂ, ਵਾਲੀਆਂ ਦਾ ਜੋੜਾ, ਚਾਂਦੀ ਦੇ ਗਹਿਣੇ, 30 ਪੁਰਾਣੇ ਚਾਂਦੀ ਦੇ ਸਿੱਕੇ ਤੇ ਕੁਝ ਨਕਦੀ ਚੋਰੀ ਹੋ ਗਈ ਹੈ। -ਪੱਤਰ ਪ੍ਰੇਰਕ