ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ 5 ਅਗਸਤ ਨੂੰ ਅੰਮ੍ਰਿਤਸਰ ਵਿੱਚ ਮਨਾਈ ਜਾ ਰਹੀ ਹੈ ਜਿਸ ਸਬੰਧ ਵਿਚ ਪਹਿਲੀ ਤੋਂ 5 ਅਗਸਤ ਤੱਕ ਸਮਾਗਮ ਹੋਣਗੇ। ਇਹ ਜਾਣਕਾਰੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਵਲੋਂ ਪਿੰਗਲਵਾੜਾ ਦੀ ਸਥਾਨਕ ਸ਼ਾਖਾ ਵਿੱਚ ਬਰਸੀ ਸਮਾਗਮ ਸਬੰਧੀ ਸਲਾਹਕਾਰ ਕਮੇਟੀ ਦੀ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਰਸੀ ਨਾਲ ਸਬੰਧਤ ਸਮਾਗਮਾਂ ਵਿਚ ਪਿੰਗਲਵਾੜਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਪਿੰਗਲਵਾੜਾ ਮਰੀਜ਼ਾਂ ਦੀਆਂ ਕਲਾ ਕਿਰਤਾਂ ਦੀ ਪ੍ਰਦਰਸ਼ਨੀ, ਸੱਭਿਆਚਾਰ ਅਤੇ ਆਚਰਣ ਦੇ ਸੰਦਰਭ ਵਿੱਚ ਸੈਮੀਨਾਰ ਹੋਵੇਗਾ। ਖੂਨਦਾਨ ਕੈਂਪ ਅਤੇ ਮੁੱਖ ਸਮਾਗਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਤੋਂ ਪਹਿਲਾਂ ਦੌੜਾਕ ਫੌਜਾ ਸਿੰਘ, ਜ਼ੋਰਾ ਸਿੰਘ ਜੈਨਪੁਰ ਅਤੇ ਰਾਮ ਪ੍ਰਕਾਸ਼ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪਿੰਗਲਵਾੜਾ ਸ਼ਾਖਾ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਅਤੇ ਸਹਾਇਕ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਬਰਸੀ ਬਸਮਾਗਮ ਵਿੱਚ ਸ਼ਾਮਲ ਹੋਣ ਲਈ ਪਿੰਗਲਵਾੜਾ ਸ਼ਾਖਾ ਤੋਂ 4 ਅਗਸਤ ਨੂੰ ਸਵੇਰੇ 7 ਵਜੇ ਬੱਸਾਂ ਰਾਹੀਂ ਸੰਗਤ ਰਵਾਨਾ ਹੋਵੇਗੀ। ਸਰਪੰਚ ਮੇਜਰ ਸਿੰਘ ਮਸਾਣੀ ਨੇ ਸਾਰਿਆਂ ਦਾ ਧੰਨਵਾਦ ਕੀਤਾ।