ਨੌਜਵਾਨਾਂ ਵੱਲੋਂ ਨਸ਼ੇ ਸਪਲਾਈ ਦੇਣ ਆਇਆ ਤਸਕਰ ਕਾਬੂ
ਪੱਤਰ ਪ੍ਰੇਰਕ
ਮਲੇਰਕੋਟਲਾ, 20 ਮਾਰਚ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦਾ ਅਸਰ ਹੋਣ ਲੱਗਾ ਹੈ। ਕੱਲ੍ਹ ਸ਼ਾਮ ਪਿੰਡ ਹਕੀਮਪੁਰ ਖੱਟੜਾ ਦੇ ਨੌਜਵਾਨਾਂ ਨੇ ਨਸ਼ਾ ਸਪਲਾਈ ਕਰਨ ਆਏ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕਰ ਕੇ ਸੰਦੌੜ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਹਕੀਮਪੁਰ ਖੱਟੜਾ ਵਾਸੀ ਨੌਜਵਾਨ ਸੁਖਮਨਜੋਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੰਦੀਪ ਸਿੰਘ ਉਰਫ ਸਨੀ ਵਾਸੀ ਹਕੀਮਪੁਰ ਖੱਟੜਾ ਖ਼ਿਲਾਫ਼ ਕਰ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਨੌਜਵਾਨਾਂ ਕੋਲੋਂ ਚਾਰ ਗਰਾਮ ਹੈਰੋਇਨ, 2230 ਰੁਪਏ ਡਰੱਗ ਮਨੀ ਅਤੇ ਸੋਨੇ ਦੀਆਂ ਦੋ ਨੱਤੀਆਂ ਬਰਾਮਦ ਕੀਤੀਆਂ ਹਨ। ਨੌਜਵਾਨ ਸੁਖਮਨਜੋਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਬੱਸ ਅੱਡੇ ’ਚ ਕਥਿਤ ਨਸ਼ਾ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਾ ਕਾਬੂ ਕੀਤਾ ਸੰਦੀਪ ਸਿੰਘ ਉਰਫ ਸਨੀ ਆਪਣੀ ਮਾਤਾ ਸਮੇਤ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ। ਥਾਣਾ ਸੰਦੌੜ ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਚਿੱਟੇ ਸਮੇਤ ਕਾਬੂ ਕੀਤੇ ਵਿਅਕਤੀ ਦੀ ਮਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ।