ਸੰਗਰੂਰ ਵਿੱਚ ਕੱਢੀ ਤਿਰੰਗਾ ਯਾਤਰਾ ਵਿੱਚ ਉਮੜੀ ਭੀੜ
ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਮਈ
ਅਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਪਾਕਿਸਤਾਨ ਦੀ ਹਿਮਾਕਤ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਭਾਰਤੀ ਫੌਜਾਂ ਵੱਲੋਂ ਦੁਸ਼ਮਣ ਦੇ ਤਬਾਹ ਕੀਤੇ ਏਅਰਬੇਸਾਂ ਦੀ ਕਾਰਵਾਈ ਨੂੰ ਸਲਾਮ ਕਰਨ ਲਈ ਭਾਜਪਾ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੀ ਅਗਵਾਈ ਹੇਠ ਸੰਗਰੂਰ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਭਾਜਪਾ ਵਰਕਰਾਂ ਤੋਂ ਇਲਾਵਾ ਆਮ ਜਨਤਾ ਦੀ ਭਾਰੀ ਭੀੜ ਉਮੜੀ।
ਸ਼ਹਿਰ ਦੇ ਪਟਿਆਲਾ ਗੇਟ ਸਥਿਤ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਤੋਂ ਸ਼ੁਰੂ ਹੋਈ ਤਿਰੰਗਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚੋਂ ਗੁਜ਼ਰੀ। ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਯਾਤਰਾ ’ਚ ਸ਼ਾਮਲ ਵਰਕਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਅਤੇ ਫਰੂਟ ਵੰਡੇ ਗਏ। ਇਸ ਮੌਕੇ ਅਰਵਿੰਦ ਖੰਨਾ ਨੇ ਕਿਹਾ ਕਿ ਅਪਰੇਸ਼ਨ ਸਿੰਦੂਰ ਦੀ ਸਫ਼ਲਤਾ ਅਤੇ ਭਾਰਤੀ ਫੌਜਾਂ ਵੱਲੋਂ ਪਾਕਿਸਤਾਨ ਵਿਰੁੱਧ ਕੀਤੀ ਜਵਾਬੀ ਕਾਰਵਾਈ ਨੇ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਅਤੇ ਪੂਰੀ ਦੁਨੀਆ ਅੰਦਰ ਭਾਰਤ ਦਾ ਡੰਕਾ ਵੱਜਿਆ ਹੈ। ਪੂਰੀ ਦੁਨੀਆ ਭਾਰਤੀ ਫੌਜਾਂ ਦੀ ਕਾਬਲੀਅਤ ਅਤੇ ਬਹਾਦਰੀ ਦੀ ਸ਼ਲਾਘਾ ਕਰਦੀ ਹੈ। ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰਾ ਦੇਸ਼ ਭਾਰਤੀ ਫੌਜਾਂ ਨਾਲ ਖੜਾ ਹੈ ਅਤੇ ਇਸ ਤਿਰੰਗਾ ਯਾਤਰਾ ਦਾ ਮਕਸਦ ਭਾਰਤੀ ਫੌਜਾਂ ਦੀ ਬਹਾਦਰੀ ਨੂੰ ਸਲਾਮ ਅਤੇ ਉਨ੍ਹਾਂ ਨੂੰ ਮਾਨ ਸਨਮਾਨ ਦੇਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਫੌਜੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਭਾਰਤੀ ਫੌਜਾਂ ਨੂੰ ਸਾਜੋ ਸਮਾਨ ਦੀ ਕੋਈ ਕਮੀ ਕੇਂਦਰ ਸਰਕਾਰ ਵੱਲੋਂ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਪਿਛਲੇ ਇੱਕ ਦਹਾਕੇ ਤੋਂ ਭਾਰਤੀ ਫੌਜਾਂ ਨੂੰ ਮੇਕਿੰਗ ਇੰਡੀਆ ਅਭਿਆਨ ਤਹਿਤ ਘਰੇਲੂ ਹਥਿਆਰ ਉਪਲਬਧ ਕਰਵਾਏ ਜਾ ਰਹੇ ਹਨ ਜਿਸ ਕਾਰਨ ਭਾਰਤੀ ਫੌਜਾਂ ਯੁੱਧ ਦੇ ਮੈਦਾਨ ਵਿੱਚ ਦੁਸ਼ਮਣਾਂ ਉੱਤੇ ਹਾਵੀ ਹਨ। ਇਸ ਯਾਤਰਾ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਦੁੱਲਟ, ਭਾਜਪਾ ਯੂਥ ਮੋਰਚਾ ਦੇ ਆਗੂ, ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਹੋਰ ਵੱਖ-ਵੱਖ ਰਾਸ਼ਟਰਵਾਦੀ ਸੰਗਠਨਾਂ ਦੇ ਆਗੂ ਮੌਜੂਦ ਸਨ।