ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਜਬਰ ਵਿਰੋਧੀ ਕਨਵੈਨਸ਼ਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਜੂਨ
ਜਮਹੂਰੀ ਅਧਿਕਾਰ ਸਭਾ ਦੀ ਇਕਾਈ ਸੰਗਰੂਰ ਵੱਲੋਂ ਦੇਸ਼ ਵਿੱਚ ਲੱਗੀ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਜਬਰ ਵਿਰੋਧੀ ਕਨਵੈਨਸ਼ਨ ਅਗਰਵਾਲ ਧਰਮਸ਼ਾਲਾ ’ਚ ਕਰਵਾਈ ਗਈ। ਕਨਵੈਨਸ਼ਨ ’ਚ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਨੰਦਿਤਾ ਨਰੈਣ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਮਨਧੀਰ ਸਿੰਘ ਰਾਜੋਮਾਜਰਾ, ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ ਅਤੇ ਬਸ਼ੇਸ਼ਰ ਰਾਮ ਆਦਿ ਸ਼ਾਮਲ ਸਨ। ਸ਼ੁਰੂਆਤੀ ਸੈਸ਼ਨ ਵਿੱਚ ਬਸ਼ੇਸ਼ਰ ਰਾਮ ਨੇ ਲੋਕ ਪੱਖੀ, ਮਨੁੱਖੀ ਅਧਿਕਾਰਾਂ ਤੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਦਾ ਸਵਾਗਤ ਕੀਤਾ ਅਤੇ ਮੌਜੂਦਾ ਹਾਲਾਤ ਬਾਰੇ ਵਿਚਾਰ ਰੱਖੇ। ਕਨਵੈਨਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਮੈਡਮ ਨੰਦਿਤਾ ਨਰੈਣ ਨੇ ਕੇਂਦਰੀ ਹਾਕਮਾਂ ਵੱਲੋਂ ਦੇਸ਼ ਦੇ ਜਲ, ਜੰਗਲ, ਜ਼ਮੀਨ ਅਤੇ ਜੰਗਲਾਂ ਵਿੱਚ ਪਏ ਬੇਸਕੀਮਤੀ ਖਣਿਜ ਪਦਾਰਥਾਂ ਨੂੰ ਵਿਕਾਸ ਦੇ ਨਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਦਿਖਾਈ ਜਾ ਰਹੀ ਤੇਜ਼ੀ ਉਪਰ ਚਰਚਾ ਕੀਤੀ।
ਬੁਲਾਰੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਵਿੱਤ ਸਕੱਤਰ ਤਰਸੇਮ ਲਾਲ ਨੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ ਬੁਲਡੋਜ਼ਰ ਕਲਚਰ, ਝੂਠੇ ਪੁਲੀਸ ਮੁਕਾਬਲੇ, ਪੁਲੀਸ ਹਿਰਾਸਤ ਵਿੱਚ ਮੌਤਾਂ, ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਅਣਮਨੁੱਖੀ ਜਬਰ ਨਾਲ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਅਤੇ ਸੂਬੇ ਨੂੰ ਪੁਲੀਸ ਰਾਜ ਵਿੱਚ ਤਬਦੀਲ ਕਰਨ ਬਾਰੇ ਬੋਲਦਿਆਂ ਇਸਦਾ ਵਿਰੋਧ ਕਰਨ ਦਾ ਹੋਕਾ ਦਿੱਤਾ। ਮਨਧੀਰ ਸਿੰਘ ਰਾਜੋਮਾਜਰਾ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹੱਥ ਖੜ੍ਹੇ ਕਰ ਕੇ ਪਾਸ ਕੀਤਾ ਗਿਆ। ਇਸ ਦੌਰਾਨ ਅਜਮੇਰ ਅਕਲੀਆ, ਕੁਲਵਿੰਦਰ ਬੰਟੀ ਕੁਲਵੰਤ ਸਿੰਘ, ਹਰਭਗਵਾਨ ਗੁਰਨੇ, ਗੁਲਜਾਰ ਸੌਂਕੀ, ਪ੍ਰਿੰਸੀਪਲ ਇਕਬਾਲ ਸਿੰਘ, ਮੇਜਰ ਉੱਪਲੀ ਵੱਲੋਂ ਲੋਕ ਪੱਖੀ ਅਤੇ ਇਨਕਲਾਬੀ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਅੰਤ ’ਚ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਕੁਲਦੀਪ ਸਿੰਘ ਸਕੱਤਰ ਵੱਲੋਂ ਕੀਤਾ ਗਿਆ।
ਕਨਵੈਨਸ਼ਨ ’ਚ ਬੀਕੇਯੂ ਰਾਜੇਵਾਲ ਦੇ ਰੋਹੀ ਸਿੰਘ ਮੰਗਵਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਸਾਹਿਤਕਾਰ ਪਵਨ ਹਰਚੰਦਪੁਰੀ, ਬੀਕੇਯੂ ਆਜ਼ਾਦ ਦੇ ਜਸਵੀਰ ਮੈਦੇਵਾਸ, ਬਲਵੀਰ ਲੌਂਗੋਵਾਲ, ਸੀਤਾ ਰਾਮ, ਲਾਭ ਛਾਜਲਾ, ਸੁਰਿੰਦਰ ਉਪਲੀ, ਵਿਸ਼ਵ ਕਾਂਤ, ਭਜਨ ਰੰਗੀਆਂ, ਜਗਦੇਵ ਸੰਗਰੂਰ, ਦਰਸ਼ਨ ਸਿੰਘ, ਡੀਟੀਐੱਫ ਦੇ ਹਰਭਗਵਾਨ ਗੁਰਨੇ, ਜਸਵੀਰ ਨਮੋਲ, ਸੁਖਵਿੰਦਰ ਗਿਰ, ਹਮੀਰ ਬੇਨੜਾ, ਸੁਖਦੀਪ ਹਥਨ, ਕਮਲਜੀਤ ਕੌਰ, ਚਰਨਜੀਤ ਪਟਵਾਰੀ, ਗੋਬਿੰਦਰ ਮੰਗਵਾਲ, ਮਹਿੰਦਰ ਭੱਠਲ, ਆਈਡੀਪੀ ਦੇ ਫਲਜੀਤ ਸਿੰਘ, ਅਮਰੀਕ ਖੋਖਰ, ਜਗਦੀਸ਼ ਪਾਪੜਾ, ਲਛਮਣ ਅਲੀਸ਼ੇਰ, ਕਾਮਰੇਡ ਭੂਰਾ ਸਿੰਘ ਦੁੱਗਾਂ ਤੇ ਹਰਪ੍ਰੀਤ ਕੌਰ ਆਦਿ ਸ਼ਾਮਲ ਸਨ।