ਭਾਰਤ ਨੂੰ ਹਰ ਖੇਤਰ ’ਚ ਵਿਸ਼ਵ ਗੁਰੂ ਬਣਾਉਣ ਦਾ ਅਹਿਦ ਲੈਣ ਨੌਜਵਾਨ: ਸ਼ਾਹ
ਗੋਧਰਾ, 28 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨੌਜਵਾਨਾਂ ਨੂੰ 2047 ਜਦੋਂ ਭਾਰਤ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣੇ ਹਨ, ਤੱਕ ਮੁਲਕ ਨੂੰ ਹਰ ਖੇਤਰ ’ਚ ਵਿਸ਼ਵ ਗੁਰੂ ਬਣਾਉਣ ਅਹਿਦ ਲੈਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ’ਚ ਆਦਿਵਾਸੀ ਆਗੂ ਗੋਵਿੰਦ ਗੁਰੂ ਦੇ ਯੋਗਦਾਨ ਨੂੰ ਯਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਬਰਤਾਨਵੀ ਰਾਜ ਦੌਰਾਨ ਇਲਾਕੇ ਦੇ ਲੋਕਾਂ ਦੀ ਆਤਮਾ ਨੂੰ ਜਗਾਇਆ ਸੀ। ਸ਼ਾਹ ਵੀਡੀਓ ਕਾਨਫਰੰਸ ਰਾਹੀਂ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨ੍ਹਾਂ ਨੇ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ’ਚ ਗੋਧਰਾ ਨੇੜੇ ਵਿੰਜ਼ੋਲ ਵਿੱਚ ਸ੍ਰੀ ਗੋਵਿੰਦ ਗੁਰੂ ਯੂਨੀਵਰਸਿਟੀ ’ਚ 125 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਤੇ ਨੀਂਹ ਪੱਥਰ ਰੱਖੇ। ਉਹ ਖਰਾਬ ਮੌਸਮ ਕਾਰਨ ਇਸ ਪ੍ਰੋਗਰਾਮ ’ਚ ਨਿੱਜੀ ਤੌਰ ’ਤੇ ਸ਼ਾਮਲ ਨਹੀਂ ਹੋ ਸਕੇ। ਕੇਂਦਰੀ ਗ੍ਰਹਿ ਮੰਤਰੀ ਨੇ ਗੋਵਿੰਦ ਗੁਰੂ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਨਾਇਕ ਦੱਸਦਿਆਂ ਕਿਹਾ, ‘‘ਅੰਗਰੇਜ਼ਾਂ ਖ਼ਿਲਾਫ਼ ਉਸ ਸੰਘਰਸ਼ ’ਚ ਲਗਪਗ 1,512 ਆਦਿਵਾਸੀ ਭੈਣ-ਭਰਾ ਸ਼ਹੀਦ ਹੋਏ ਅਤੇ ਗੁਜਰਾਤ ਦਾ ਮਾਨਗੜ੍ਹ, ਭਾਰਤ ਦੀ ਆਜ਼ਾਦੀ ਲੜਾਈ ਦੇ ਇਤਿਹਾਸ ’ਚ ਅਹਿਮ ਸਥਾਨ ਬਣ ਗਿਆ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਵਿੰਦ ਗੁਰੂ ਦੀ ਬਹਾਦਰੀ ਤੋਂ ਪ੍ਰੇਰਨਾ ਲੈਂਦਿਆਂ 2047 ਤੱਕ ਭਾਰਤ ਨੂੰ ਮਹਾਨ ਰਾਸ਼ਟਰ ਬਣਾਉਣ ਦਾ ਅਹਿਦ ਲਿਆ ਹੈ।’’ ਸ਼ਾਹ ਨੇ ਆਖਿਆ, ‘‘ਇਹ ਸਾਡੇ ਸਭ ਲਈ ਅਹਿਮ ਗੱਲ ਹੈ। ਸਾਡੇ ਨੌਜਵਾਨਾਂ ਤੇ ਬੱਚਿਆਂ ਨੂੰ ਅਜਿਹਾ ਭਾਰਤ ਬਣਾਉਣ ਦਾ ਅਹਿਦ ਲੈਣ ਚਾਹੀਦਾ ਹੈ, ਜਿੱਥੇ ਮੁਲਕ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾਉਣ ਮੌਕੇ ਦੁਨੀਆ ਦੇ ਹਰ ਖੇਤਰ ’ਚ ਮੋਹਰੀ ਹੋਵੇ।’’ -ਪੀਟੀਆਈ