ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
ਬੇਅੰਤ ਸਿੰਘ ਸੰਧੂ
ਪੱਟੀ, 14 ਜਨਵਰੀ
ਪੱਟੀ ਹਲਕੇ ਦੇ ਪਿੰਡ ਸਭਰਾ ਵਿੱਚ ਨੌਜਵਾਨ ਜਗਰੂਪ ਸਿੰਘ ਉਰਫ਼ ਜੱਗਾ (24) ਪੁੱਤਰ ਸ਼ਿਗਾਰਾ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਾਵੇਂ ਇਸ ਘਟਨਾ ਸਬੰਧੀ ਸਥਾਨਕ ਪੁਲੀਸ ਨੂੰ ਕਾਰਵਾਈ ਕਰਨ ਲਈ ਇਤਲਾਹ ਨਹੀਂ ਦਿੱਤੀ ਪਰ ਮੀਡੀਆ ਸਾਹਮਣੇ ਆਪਣੇ ਪੁੱਤਰ ਦੀ ਮੌਤ ਦਾ ਕਾਰਨ ਨਸ਼ੇ ਦਾ ਟੀਕਾ ਲਗਾਉਣਾ ਦੱਸਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਤੋਂ ਬਾਹਰ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਲੋਹੜੀ ਮਨਾਉਣ ਘਰ ਆਇਆ ਸੀ। ਅੱਜ ਉਸ ਨੇ ਨਸ਼ੇ ਵਾਲਾ ਟੀਕਾ ਲਗਾ ਲਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਕਰੀਬ ਚਾਰ ਪੰਜ ਦਿਨ ਪਹਿਲਾਂ ਪਿੰਡ ਸਭਰਾ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ। ਉਸ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਵੀ ਪੁਲੀਸ ਕੋਲ ਜਾਣਾ ਮੁਨਾਸਿਬ ਨਹੀਂ ਸਮਝਿਆ ਸੀ। ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਪੁਲੀਸ ਨੂੰ ਨਸ਼ਿਆਂ ਦੇ ਵਪਾਰੀਆਂ ਬਾਰੇ ਪਤਾ ਹੈ ਪਰ ਪੁਲੀਸ ਪੀੜਤ ਪਰਿਵਾਰਾਂ ਦੇ ਮੂੰਹੋਂ ਕਢਵਾ ਕੇ ਵੀ ਕਾਰਵਾਈ ਨਹੀਂ ਕਰਦੀ ਸਗੋਂ ਖ਼ਾਨਾਪੂਰਤੀ ਕਰਦੀ ਹੈ। ਪਿੰਡ ਸਭਰਾ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਪੰਚਾਇਤ ਵੱਲੋਂ ਨਸ਼ਿਆਂ ਖ਼ਿਲਾਫ਼ ਮਤਾ ਵੀ ਪਾਇਆ ਹੋਇਆ ਹੈ ਅਤੇ ਪਿੰਡ ਸਭਰਾ ਵਿੱਚ ਪੁਲੀਸ ਚੌਕੀ ਹੋਣ ਦੇ ਬਾਵਜੂਦ ਵੀ ਨਸ਼ੇ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ।