ਕੈਨੇਡਾ ਨਾਲ ਮੁੜ ਸੁਖਾਵੇਂ ਸਬੰਧਾਂ ਲਈ ਰਾਹ ਲੱਭ ਰਹੇ ਹਾਂ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਭਾਰਤ ਤੇ ਕੈਨੇਡਾ ਨੂੰ ‘ਜ਼ਿੰਦਾ ਜਮਹੂਰੀਅਤ’ ਕਰਾਰ ਦਿੰਦਿਆਂ ਅੱਜ ਕਿਹਾ ਕਿ ਨਵੀਂ ਦਿੱਲੀ ਦਾ ਮੰਨਣਾ ਹੈ ਕਿਹਾ ਕਿ ਜੀ-7 ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਤੇ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਵਿਚਾਰਾਂ ਦੇ ਅਦਾਨ-ਪ੍ਰਦਾਨ ਅਤੇ ਦੁਵੱਲੇ ਸਬੰਧ ਮੁੜ ਕਾਇਮ ਕਰਨ ਲਈ ਰਾਹ ਲੱਭਣ ਵਾਸਤੇ ਇੱਕ ਅਹਿਮ ਮੌਕਾ ਪ੍ਰਦਾਨ ਕਰੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਦੀ ਦਿਸ਼ਾ ’ਚ ਚੁੱਕੇ ਜਾ ਰਹੇ ਕਦਮਾਂ ਸਬੰਧੀ ਸਵਾਲ ਦੇ ਜਵਾਬ ’ਚ ਇਹ ਗੱਲ ਆਖੀ। ਉਨ੍ਹਾਂ ਕਿਹਾ, ‘‘ਪਿਛਲੇ ਹਫ਼ਤੇ ਸਾਡੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਸੀ। ਗੱਲਬਾਤ ਦੌਰਾਨ ਕੈਨੇਡਿਆਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਸੱਦਾ ਪ੍ਰਵਾਨ ਕਰ ਲਿਆ ਗਿਆ ਹੈ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਇਹ ਗੱਲਬਾਤ ਦੋਵਾਂ ਪ੍ਰਧਾਨ ਮੰਤਰੀਆਂ ਲਈ ਸਬੰਧਾਂ ’ਤੇ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਉਣ ਦਾ ਮੌਕਾ ਵੀ ਸੀ। -ਪੀਟੀਆਈ