ਦੋ ਨਸ਼ਾ ਤਸਕਰ ਹਵਾਲਾਤ ਦੀ ਛੱਤ ਤੋੜ ਕੇ ਫਰਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਮਈ
ਇਥੇ ਥਾਣਾ ਕੋਟ ਈਸੇ ਖਾਂ ’ਚ ਨਸ਼ਾ ਤਸਕਰੀ ਦੋਸ਼ ਹੇਠ ਬੰਦ ਦੋ ਮੁਲਜ਼ਮ ਹਵਾਲਾਤ ਦੀ ਛੱਤ ਤੋੜ ਕੇ ਫ਼ਰਾਰ ਹੋ ਗਏ ਹਨ। ਬੀਤੀ ਰਾਤ ਆਏ ਝੱਖੜ ਦੌਰਾਨ ਬਿਜਲੀ ਸਪਲਾਈ ਠੱਪ ਹੋਣ ਕਾਰਨ ਥਾਣੇ ਵਿੱਚ ਘੁੱਪ ਹਨੇਰਾ ਸੀ ਅਤੇ ਜੈਨਰੇਟਰਾਂ ਦੀ ਆਵਾਜ਼ ਕਾਰਨ ਮੁਲਜ਼ਮ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਛਾਪੇ ਮਾਰ ਰਹੀਆਂ ਹਨ। ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਦੋਵੇਂ ਵਾਸੀ ਪਿੰਡ ਲੁਹਾਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਰਾਤ ਦੀ ਡਿਊਟੀ ਸਮੇਂ ਬਤੌਰ ਮੁਨਸ਼ੀ ਤਾਇਨਾਤ ਸਿਪਾਹੀ ਗੁਰਸ਼ਰਨ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਐੱਫਆਈਆਰ ਮੁਤਾਬਕ ਦੋਵਾਂ ਮੁਲਜ਼ਮਾਂ ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਥਾਣਾ ਕੋਟ ਈਸੇ ਖਾਂ ਪੁਲੀਸ ਨੇ 23 ਮਈ ਨੂੰ ਨਸ਼ੀਲੀਆਂ ਗੋਲੀਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਤੋਂ ਹੋਰ ਪੁੱਛ-ਪੜਤਾਲ ਲਈ ਅਦਾਲਤ ਤੋਂ ਦੋ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਸੀ। ਬੀਤੀ ਰਾਤ ਦੋਵਾਂ ਮੁਲਜ਼ਮਾਂ ਨੂੰ ਥਾਣੇ ਦੀ ਹਵਾਲਾਤ ਵਿੱਚ ਬੰਦ ਕੀਤਾ ਹੋਇਆ ਸੀ। ਇਸ ਦੌਰਾਨ ਮੀਂਹ ਝੱਖੜ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ।
ਥਾਣੇ ਦਾ ਇਨਵਰਟਰ ਵੀ ਅੱਧੀ ਰਾਤ ਨੂੰ ਬੰਦ ਹੋਣ ਕਾਰਨ ਥਾਣੇ ਵਿਚ ਘੁੱਪ ਹਨੇਰਾ ਛਾ ਗਿਆ ਅਤੇ ਜੈਨਰੇਟਰਾਂ ਦੀ ਆਵਾਜ਼ ਹੋਣ ਕਾਰਨ ਦੋਵੇਂ ਮੁਲਜ਼ਮ ਅੱਧੀ ਰਾਤ ਬਾਅਦ ਹਵਾਲਾਤ ਦੀ ਛੱਤ ਤੋੜ ਕੇ ਫਰਾਰ ਹੋ ਗਏ। ਥਾਣਾ ਕੋਟ ਈਸੇ ਖਾਂ ਪੁਲੀਸ ਨੇ ਦੋਵਾਂ ਮੁਲਜ਼ਮਾਂ ਦੇ ਫ਼ਰਾਰ ਹੋਣ ਸਬੰਧੀ ਸੂਬੇ ਭਰ ਦੇ ਥਾਣਾ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਥਾਣਾ ਕੋਟ ਈਸੇ ਖਾਂ ਪੁਲੀਸ ਕੋਲ ਆਪਣੀ ਇਮਾਰਤ ਨਹੀਂ ਹੈ ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੀ ਖਸਤਾ ਹਾਲ ਇਮਾਰਤ ਵਿੱਚ ਥਾਣਾ ਬਣਾਇਆ ਗਿਆ ਹੈ।