ਪਹਿਲਗਾਮ ’ਚ ਸੈਰ-ਸਪਾਟਾ ਸਥਾਨ ਮੁੜ ਖੋਲ੍ਹੇ ਜਾਣਗੇ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਇੱਥੇ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਬੰਦ ਕੀਤੇ ਗਏ ਸੈਰ-ਸਪਾਟਾ ਸਥਾਨਾਂ ਨੂੰ ਪੜਾਅਵਾਰ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਤਹਿਤ 17 ਜੂਨ ਤੋਂ ਕੁਝ ਥਾਵਾਂ ਮੁੜ ਖੋਲ੍ਹੀਆਂ ਜਾਣਗੀਆਂ। ਸਿਨਹਾ ਨੇ ਕਿਹਾ, ‘ਕਸ਼ਮੀਰ ਅਤੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰਾਂ ਤੇ ਪੁਲੀਸ ਇੰਸਪੈਕਟਰ ਜਨਰਲਾਂ ਨੇ ਹਰ ਜ਼ਿਲ੍ਹੇ ਤੋਂ ਰਿਪੋਰਟਾਂ ਲਈਆਂ ਹਨ ਅਤੇ ਕੁਝ ਥਾਵਾਂ ਨੂੰ ਪੜਾਅਵਾਰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।’ ਪਹਿਲੇ ਪੜਾਅ ਤਹਿਤ ਜਿਨ੍ਹਾਂ ਥਾਵਾਂ ਨੂੰ ਸੈਲਾਨੀਆਂ ਲਈ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬੇਤਾਬ ਘਾਟੀ, ਪਹਿਲਗਾਮ ਬਾਜ਼ਾਰ ਨੇੜੇ ਪਾਰਕ, ਅਨੰਤਨਾਗ ਜ਼ਿਲ੍ਹੇ ਵਿੱਚ ਵੇਰੀਨਾਗ, ਕੋਕਰਨਾਗ ਅਤੇ ਅਚਬਲ ਬਾਗ ਸ਼ਾਮਲ ਹਨ। ਸ੍ਰੀਨਗਰ ਵਿੱਚ ਬਦਾਮਵਾੜੀ ਪਾਰਕ, ਨਿਗੀਨ ਨੇੜੇ ਡਕ ਪਾਰਕ ਅਤੇ ਹਜ਼ਰਤਬਲ ਨੇੜੇ ਤਕਦੀਰ ਪਾਰਕ ਨੂੰ ਵੀ ਪਹਿਲੇ ਪੜਾਅ ਵਿੱਚ ਦੁਬਾਰਾ ਖੋਲ੍ਹਿਆ ਜਾਵੇਗਾ। -ਪੀਟੀਆਈ