ਸਥਾਨਕ ਸ਼ਹਿਰ ਦੇ ਇੱਕ ਵਪਾਰੀ ਤੋਂ ਖੁਦ ਨੂੰ ਕਿਸੇ ਗੈਂਗਸਟਰ ਦਾ ਸਾਥੀ ਦੱਸ ਕੇ ਉਸ ਕੋਲੋਂ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਵਪਾਰੀ ਸਤੀਸ਼ ਕੁਮਾਰ ਨੂੰ ਦੋ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਫੋਨ ਕਰ ਕੇ ਧਮਕੀ ਦਿੱਤੀ ਸੀ ਤੇ ਖੁਦ ਨੂੰ ਕਿਸੇ ਗੈਂਗਸਟਰ ਦਾ ਸਾਥੀ ਦੱਸਦਿਆਂ ਉਸ ਕੋਲੋਂ ਢਾਈ ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਬਾਰੇ ਵਪਾਰੀ ਦੀ ਸ਼ਿਕਾਇਤ ’ਤੇ ਤਲਵੰਡੀ ਸਾਬੋ ਪੁਲੀਸ ਨੇ ਪੜਤਾਲ ਕਰਦਿਆਂ ਤਿੰਨ ਮੁਲਜ਼ਮਾਂ ਇੰਦਰਜੀਤ ਸਿੰਘ, ਨਜ਼ੀਰ ਖਾਨ ਅਤੇ ਸਲੀਮ ਖਾਨ ਤਿੰਨੋਂ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਅਨਸਰਾਂ ਤੋਂ ਡਰਨ ਦੀ ਲੋੜ ਨਹੀਂ, ਜੇ ਕਿਸੇ ਨੂੰ ਅਜਿਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪੁਲੀਸ ਨਾਲ ਤੁਰੰਤ ਸੰਪਰਕ ਕਰ ਸਕਦਾ ਹੈ।