ਨਿਕੋਸੀਆ, 16 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਅਤੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਿਡੇਸ ਨੇ ਪੱਛਮੀ ਏਸ਼ੀਆ ਤੇ ਯੂਰਪ ’ਚ ਚੱਲ ਰਹੇ ਸੰਘਰਸ਼ਾਂ ’ਤੇ ਚਿੰਤਾ ਜਤਾਈ ਅਤੇ ਉਨ੍ਹਾਂ ਦੋਵਾਂ ਦਾ ਮੰਨਣਾ ਹੈ ਕਿ ‘ਇਹ ਜੰਗ ਦਾ ਯੁੱਗ ਨਹੀਂ ਹੈ।’ ਮੋਦੀ ਨੇ ਇੱਥੇ ਕ੍ਰਿਸਟੋਡੌਲਿਡੇਸ ਨਾਲ ਵਾਰਤਾ ਮਗਰੋਂ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਆਪਣੇ ਸੰਬੋਧਨ ’ਚ ਇਹ ਵੀ ਕਿਹਾ ਕਿ ‘ਗੱਲਬਾਤ ਰਾਹੀਂ ਹੱਲ ਤੇ ਸਥਿਰਤਾ ਬਹਾਲ ਕਰਨਾ ਮਨੁੱਖਤਾ ਦੀ ਮੰਗ ਹੈ।’ ਪ੍ਰਧਾਨ ਮੰਤਰੀ ਨੇ ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ’ਚ ਹਮਾਇਤ ਲਈ ਸਾਈਪ੍ਰਸ ਦਾ ਧੰਨਵਾਦ ਕੀਤਾ।
ਸਾਂਝੀ ਪ੍ਰੈੱਸ ਵਾਰਤਾ ਦੌਰਾਨ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਨੇ ਕਿਹਾ, ‘ਸਾਡੇ ਵਿਚਾਲੇ ਇਤਿਹਾਸਕ ਦੋਸਤੀ ਹੈ ਅਤੇ ਸਾਡੇ ਸਬੰਧਾਂ ’ਚ ਭਰੋਸਾ ਹੈ।’ ਉਨ੍ਹਾਂ ਪਹਿਲਗਾਮ ਹਮਲੇ ਨੂੰ ਯਾਦ ਕਰਦਿਆਂ ਕਿਹਾ ਕਿ ਸਾਈਪ੍ਰਸ ਅਤਿਵਾਦ ਖ਼ਿਲਾਫ਼ ਲੜਾਈ ’ਚ ਭਾਰਤ ਨਾਲ ਪੂਰੀ ਇਕਜੁੱਟਤਾ ਨਾਲ ਖੜ੍ਹਾ ਹੈ। ਉਨ੍ਹਾਂ 12 ਜੂਨ ਨੂੰ ਵਾਪਰੇ ਅਹਿਮਦਾਬਾਦ ਜਹਾਜ਼ ਹਾਦਸੇ ’ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਮੋਦੀ ਤੇ ਕ੍ਰਿਸਟੋਡੌਲਿਡੇਸ ਨੇ ਭਾਰਤ-ਸਾਈਪ੍ਰਸ ਸਬੰਧਾਂ ਦੇ ਸਾਰੇ ਪੱਖਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਰੱਖਿਆ, ਸੁਰੱਖਿਆ, ਵਪਾਰ, ਤਕਨੀਕ, ਸਿਹਤ ਸੇਵਾ, ਨਵਿਆਉਣਯੋਗ ਊਰਜਾ ਤੇ ਜਲਵਾਯੂ ਜਿਹੇ ਖੇਤਰਾਂ ’ਚ ਸਹਿਯੋਗ ਬਾਰੇ ਗੱਲ ਕੀਤੀ ਅਤੇ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਭਾਰਤ-ਸਾਈਪ੍ਰਸ ਦੁਵੱਲੇ ਸਬੰਧਾਂ ’ਚ ਨਵਾਂ ਅਧਿਆਏ ਲਿਖਣ ਦਾ ਸੁਨਹਿਰਾ ਮੌਕਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਨਿਕੋਸੀਆ ਕੌਂਸਲ ਦੀ ਮੈਂਬਰ ਮਾਈਕੇਲਾ ਕਾਈਥਰੇਓਟੀ ਮਹਾਵਾ ਨੇ ਪ੍ਰਧਾਨ ਮੰਤਰੀ ਦਾ ਪੈਰੀਂ ਹੱਥ ਲਾ ਕੇ ਸਵਾਗਤ ਕੀਤਾ। ਬਾਅਦ ਵਿੱਚ ਮੋਦੀ ਨੇ ਭਾਰਤ-ਸਾਈਪ੍ਰਸ ਸਬੰਧਾਂ ਬਾਰੇ ਚਰਚਾ ਲਈ ਰਾਸ਼ਟਰਪਤੀ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਹਾਜ਼ਰ ਸਨ। -ਪੀਟੀਆਈ