ਬੀਬੀਐੱਮਬੀ ਦੀ ਮੀਟਿੰਗ ’ਚ ਉੱਠਿਆ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਮੁੱਦਾ
ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੁਲਾਈ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਅੱਜ ਇੱਥੇ ਹੋਈ ਮੀਟਿੰਗ ’ਚ ਹਾਈਡਰੋ ਪ੍ਰਾਜੈਕਟਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦਾ ਮੁੱਦਾ ਉੱਠਿਆ। ਬੀਬੀਐੱਮਬੀ ਦੇ ਮੁੱਖ ਦਫ਼ਤਰ ਵਿੱਚ ਬੋਰਡ ਦੇ ਸਾਰੇ ਮੈਂਬਰਾਂ ਦੀ ਹਾਜ਼ਰੀ ’ਚ ਹੋਈ 256ਵੀਂ ਮੀਟਿੰਗ ’ਚ ਪੰਜਾਬ ਨੇ ਸੂਬਾਈ ਹਿੱਤਾਂ ਦੇ ਮੱਦੇਨਜ਼ਰ ਬੋਰਡ ਨੂੰ ਅਹਿਮ ਮੁੱਦਿਆਂ ਬਾਰੇ ਚੌਕਸ ਵੀ ਕੀਤਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਹਾਈਡਰੋ ਪ੍ਰਾਜੈਕਟਾਂ ’ਤੇ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀਆਈਐੱਸਐੱਫ) ਦੀ ਤਾਇਨਾਤੀ ਕਰ ਦਿੱਤੀ ਹੈ।
ਪੰਜਾਬ ਸਰਕਾਰ ਨੇ ਪਹਿਲਾਂ ਵੀ ਬੋਰਡ ਮੀਟਿੰਗਾਂ ਵਿੱਚ ਇਸ ਕਦਮ ਦਾ ਵਿਰੋਧ ਕੀਤਾ ਸੀ ਅਤੇ ਅੱਜ ਵੀ ਮੁੜ ਵਿਰੋਧ ਜਤਾਇਆ। ਪੰਜਾਬ ਦੇ ਇਸ ਇਤਰਾਜ਼ ਨੂੰ ਅੱਜ ਬੋਰਡ ਨੇ ਕੇਂਦਰ ਸਰਕਾਰ ਕੋਲ ਭੇਜਣ ਦੀ ਸਹਿਮਤੀ ਵੀ ਦੇ ਦਿੱਤੀ ਹੈ। ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਬੋਰਡ ਨੇ ਪਹਿਲੀ ਜਨਵਰੀ ਤੋਂ ਜੂਨ 2025 ਤੱਕ ਦੀ ਗਰਾਂਟ ਜਾਰੀ ਕਰਨ ਲਈ ਕਿਹਾ ਗਿਆ ਪਰ ਪੰਜਾਬ ਸਰਕਾਰ ਨੇ ਮੀਟਿੰਗ ਵਿੱਚ ਕਿਹਾ ਕਿ ਪਹਿਲਾਂ ਪਿਛਲੀਆਂ ਜਾਰੀ ਗਰਾਂਟਾਂ ਦਾ ਲੇਖਾ ਜੋਖਾ ਦਿੱਤਾ ਜਾਵੇ। ਅੱਜ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਨੇ ਇਹ ਵੀ ਮੁੱਦਾ ਵੀ ਚੁੱਕਿਆ ਕਿ ਬੋਰਡ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਸਕੇਲਾਂ ਅਨੁਸਾਰ ਤਨਖ਼ਾਹ ਆਦਿ ਦਿੱਤੀ ਜਾਵੇ ਅਤੇ ਹਾਈ ਪੇਅ ਸਕੇਲਾਂ ਨੂੰ ਤਰਕਸੰਗਤ ਬਣਾਇਆ ਜਾਵੇ। ਪੰਜਾਬ ਸਰਕਾਰ ਨੇ ਅੱਜ ਮੀਟਿੰਗ ਵਿੱਚ ਇਹ ਭਰੋਸਾ ਦਿੱਤਾ ਕਿ ਪੰਜਾਬ ਦੇ ਕੋਟੇ ਦੀਆਂ ਖ਼ਾਲੀ ਅਸਾਮੀਆਂ ਨੂੰ ਤਿੰਨ ਮਹੀਨੇ ਅੰਦਰ ਭਰ ਦਿੱਤਾ ਜਾਵੇਗਾ। ਪੰਜਾਬ ਨੇ ਬੀਬੀਐੱਮਬੀ ਵਿੱਚ ਸੇਵਾ ਮੁਕਤ ਅਫ਼ਸਰਾਂ ਦੀ ਮੁੜ ਤਾਇਨਾਤੀ ’ਤੇ ਵੀ ਉਂਗਲ ਉਠਾਈ ਅਤੇ ਇਹ ਸੁਝਾਅ ਦਿੱਤਾ ਕਿ ਪਹਿਲਾਂ ਇਸ ਬਾਰੇ ਇੱਕ ਨੀਤੀ ਬਣਾਈ ਜਾਵੇ। ਦੱਸਣਯੋਗ ਹੈ ਕਿ ਬੋਰਡ ਨੇ ਪਿਛਲੇ ਸਮੇਂ ਦੌਰਾਨ ਹਰਿਆਣਾ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਬੋਰਡ ’ਚ ਤਾਇਨਾਤ ਕੀਤਾ ਹੈ।
ਪੁਲ ਦੀ ਉਸਾਰੀ ਲਈ ਹਿਮਾਚਲ ਨੂੰ ਐੱਨਓਸੀ ਦੇਣ ’ਤੇ ਪੰਜਾਬ ਸਹਿਮਤ
ਬੋਰਡ ਦੀ ਮੀਟਿੰਗ ਵਿੱਚ ਪੰਜਾਬ ਨੇ ਬੀਬੀਐੱਮਬੀ ਦੀ ਜ਼ਮੀਨ ’ਤੇ ਪੁਲ ਦੀ ਉਸਾਰੀ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਐੱਨਓਸੀ ਦੇਣ ’ਤੇ ਸਹਿਮਤੀ ਦੇ ਦਿੱਤੀ। ਅੱਜ ਦੀ ਮੀਟਿੰਗ ਵਿੱਚ ਕੁੱਝ ਏਜੰਡਿਆਂ ਨੂੰ ਮੁਲਤਵੀ ਵੀ ਕੀਤਾ ਗਿਆ। ਲੀਜ਼ ਨੀਤੀ ਦੇ ਏਜੰਡੇ ਨੂੰ ਵੀ ਅਗਾਂਹ ਪਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਭਾਖੜਾ-ਨੰਗਲ ਰੇਲ ਮਾਰਗ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਹੋਈ। ਇਸ ਮੌਕੇ ਹਿੱਸੇਦਾਰ ਸੂਬਿਆਂ ਵਿੱਚ ਪਾਣੀ ਦੀ ਸਪਲਾਈ ’ਤੇ ਵੀ ਮੰਥਨ ਹੋਇਆ। ਮੀਟਿੰਗ ਵਿੱਚ ਅੱਜ ਪਾਣੀਆਂ ਦਾ ਕੋਈ ਏਜੰਡਾ ਨਾ ਹੋਣ ਕਰਕੇ ਪੰਜਾਬ ਅਤੇ ਹਰਿਆਣਾ ’ਚ ਆਪਸ ਵਿੱਚ ਮਾਹੌਲ ਸੁਖਾਵਾਂ ਬਣਿਆ ਰਿਹਾ। ਪਿਛਲੀਆਂ ਮੀਟਿੰਗਾਂ ਦੇ ਫ਼ੈਸਲਿਆਂ ਨੂੰ ਲੈ ਕੇ ਵੀ ਕੁਝ ਸਮਾਂ ਚਰਚਾ ਹੋਈ ਹੈ।