ਅਸ਼ੋਕ ਸੀਕਰੀ
ਗੁਰੂਹਰਸਹਾਏ, 10 ਜੁਲਾਈ
ਸਰਕਾਰੀ ਸਕੂਲ ਆਫ ਐਮੀਨੈਂਸ ਦੇ ਅਧਿਆਪਕ ’ਤੇ ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਛੇੜ-ਛਾੜ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੀੜਤ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਡੀਈਓ ਨੇ ਕਾਰਵਾਈ ਕਰ ਕੇ ਰਿਪੋਰਟ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਸਬੰਧਤ ਅਧਿਆਪਕ ਸ਼ਿਕਾਇਤ ਵਾਲੇ ਦਿਨ ਤੋਂ ਗੈਰਹਾਜ਼ਰ ਹੈ। ਵਿਦਿਆਰਥਣਾਂ ਨਾਲ ਅਜਿਹਾ ਕਰੀਬ ਚਾਰ ਮਹੀਨਿਆਂ ਤੋਂ ਹੋ ਰਿਹਾ ਸੀ ਪਰ ਪੀੜਤ ਲੜਕੀਆਂ ਡਰ ਕਾਰਨ ਚੁੱਪ ਸਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ‘ਗੁੱਡ ਟੱਚ ਬੈਡ ਟੱਚ’ ਸਬੰਧੀ ਸੈਮੀਨਾਰ ਹੋਇਆ ਸੀ ਜਿਸ ਤੋਂ ਸਕੂਲ ਦੇ ਬੱਚੇ ਬਹੁਤ ਪ੍ਰਭਾਵਿਤ ਹੋਏ। ਹੁਣ ਜਦੋਂ ਗਰਮੀ ਦੀਆਂ ਛੁੱਟੀਆਂ ਖਤਮ ਹੋਈਆਂ ਤਾਂ ਉਸ ਅਧਿਆਪਕ ਨੇ ਇੱਕ ਵਿਦਿਆਰਥਣ ਨਾਲ ਇਹੀ ਹਰਕਤ ਮੁੜ ਕੀਤੀ। ਲੜਕੀਆਂ ਨੇ ਹੌਸਲਾ ਕਰਕੇ ਗੱਲ ਮਾਪਿਆਂ ਨੂੰ ਦੱਸੀ ਤਾਂ ਗੱਲ ਪ੍ਰਿੰਸੀਪਲ ਤੱਕ ਪਹੁੰਚ ਗਈ। ਲੜਕੀਆਂ ਅਤੇ ਮਾਪਿਆਂ ਦੀ ਲਿਖਤੀ ਸ਼ਿਕਾਇਤ ’ਤੇ ਮਹਿਲਾ ਅਧਿਆਪਕਾਂ ਦੀ ਕਮੇਟੀ ਬਣਾਈ ਗਈ। ਕਮੇਟੀ ਨੇ ਲੜਕੀਆਂ ਅਤੇ ਮਾਪਿਆਂ ਦੇ ਬਿਆਨਾਂ ਅਨੁਸਾਰ ਡੀਈਓ ਮਨੀਸ਼ ਅਰੋੜਾ ਨੂੰ ਰਿਪੋਰਟ ਭੇਜ ਦਿੱਤੀ। ਡੀਈਓ ਨੇ ਰਿਪੋਰਟ ਚੰਡੀਗੜ੍ਹ ਉੱਚ ਅਧਿਕਾਰੀਆੰ ਨੂੰ ਭੇਜ ਦਿੱਤੀ।