ਸਤਪਾਲ ਰਾਮਗੜ੍ਹੀਆ
ਪਿਹੋਵਾ, 7 ਜੁਲਾਈ
ਪਿਹੋਵਾ ਸਦਰ ਥਾਣੇ ਦੇ ਬਾਹਰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਸਬ-ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਡੀਐੱਸਪੀ ਪਿਹੋਵਾ ਨੂੰ ਸੌਂਪ ਦਿੱਤੀ ਗਈ ਹੈ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਆਈ ਵਿਰੁੱਧ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਵੀਡੀਓ ਬਣਾਉਣ ਵਾਲੇ ਵਿਅਕਤੀ ਵਿਰੁੱਧ ਵੀ ਕੇਸ ਦਰਜ ਕਰ ਲਿਆ ਹੈ। ਹਮਲੇ ਦੇ ਦੋਸ਼ੀ ਘਰੋਂ ਫ਼ਰਾਰ ਦੱਸੇ ਜਾ ਰਹੇ ਹਨ। ਦਰਅਸਲ, 5 ਜੁਲਾਈ ਦੀ ਰਾਤ ਨੂੰ ਕਰੀਬ 11 ਵਜੇ ਪਿਹੋਵਾ ਸਦਰ ਥਾਣੇ ਦੇ ਬਾਹਰ ਅਸਮਾਨਪੁਰ ਦੇ ਪਰਿਵਾਰ ਅਤੇ ਐੱਸਆਈ ਰਾਜੇਸ਼ ਕੁਮਾਰ ਵਿਚਕਾਰ ਝੜਪ ਹੋਈ ਸੀ। ਸ਼ਿਕਾਇਤਕਰਤਾ ਗੀਤਾ ਨੇ ਐੱਸਆਈ ਰਾਜੇਸ਼ ਕੁਮਾਰ ’ਤੇ ਸ਼ਰਾਬ ਦੇ ਨਸ਼ੇ ਵਿੱਚ ਥਾਣੇ ਵਿੱਚ ਉਸ ਦੇ ਪਤੀ ਤੋਂ ਸੱਤ ਹਜ਼ਾਰ ਰੁਪਏ ਮੰਗਣ, ਗਾਲ੍ਹਾਂ ਕੱਢਣ ਅਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਸੀ। ਇਸ ਮਗਰੋਂ ਜਦੋਂ ਪਰਿਵਾਰ ਥਾਣੇ ਤੋਂ ਬਾਹਰ ਆਇਆ ਤਾਂ ਗੀਤਾ ਦੇ ਦਿਓਰ ਬਿੱਟੂ ਨੇ ਐੱਸਆਈ ਰਾਜੇਸ਼ ਕੁਮਾਰ ਨੂੰ ਥੱਪੜ ਮਾਰ ਦਿੱਤੇ। ਇਸ ਦੌਰਾਨ ਕਿਸੇ ਨੇ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਹਾਲਾਂਕਿ, ਐੱਸਆਈ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਘਟਨਾ ਤੋਂ ਬਾਅਦ ਐਤਵਾਰ ਸ਼ਾਮ ਨੂੰ ਸਿਟੀ ਪੁਲੀਸ ਸਟੇਸ਼ਨ ਨੇ ਐੱਸਆਈ ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਗੀਤਾ, ਉਸ ਦੇ ਪਤੀ ਸੰਜੇ ਅਤੇ ਦਿਓਰ ਵਿਰੁੱਧ ਕੇਸ ਦਰਜ ਕੀਤਾ। ਇਸ ਤੋਂ ਇਲਾਵਾ ਵੀਡੀਓ ਬਣਾਉਣ ਵਾਲੇ ਵਿਰੁੱਧ ਵੀ ਕੇਸ ਦਰਜ ਕੀਤਾ ਹੈ।
ਘਟਨਾ ਤੋਂ ਬਾਅਦ ਐੱਸਪੀ ਨਿਤੀਸ਼ ਅਗਰਵਾਲ ਨੇ ਵੀਡੀਓ ਦੇ ਆਧਾਰ ’ਤੇ ਰਾਜੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਡੀਐੱਸਪੀ ਨਿਰਮਲ ਸਿੰਘ ਨੂੰ ਸੌਂਪ ਦਿੱਤੀ ਹੈ। ਡੀਐੱਸਪੀ ਨਿਰਮਲ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।