ਝੋਨੇ ਦੀ ਬਿਜਾਈ ਲਈ ਡੀਏਪੀ ਖਾਦ ਦੀ ਕਿੱਲਤ
ਚਰਨਜੀਤ ਭੁੱਲਰ
ਚੰਡੀਗੜ੍ਹ, 29 ਮਈ
ਪੰਜਾਬ ’ਚ ਝੋਨੇ ਦੀ ਬਿਜਾਈ ਲਈ ਡੀਏਪੀ ਖਾਦ ਦੀ ਕਿੱਲਤ ਹੋ ਗਈ ਹੈ। ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ। ਪੰਜਾਬ ਨੂੰ ਇਸ ਸਮੇਂ ਤੱਕ ਸਿਰਫ਼ 40 ਫ਼ੀਸਦੀ ਡੀਏਪੀ ਦੀ ਸਪਲਾਈ ਮਿਲੀ ਹੈ। ਬਰਸਾਤੀ ਮੱਕੀ ਦੀ ਬਿਜਾਈ ਵੀ ਜੂਨ ’ਚ ਸ਼ੁਰੂ ਹੋਣੀ ਹੈ ਜਿਸ ਕਰਕੇ ਕਿਸਾਨ ਡੀਏਪੀ ਦੀ ਮੰਗ ਕਰ ਰਹੇ ਹਨ। ਕੌਮਾਂਤਰੀ ਪੱਧਰ ’ਤੇ ਬਣੇ ਹਾਲਾਤ ਦੇ ਮੱਦੇਨਜ਼ਰ ਪੰਜਾਬ ਨੂੰ ਕੇਂਦਰ ਤਰਫ਼ੋਂ ਲੋੜੀਂਦੀ ਮਾਤਰਾ ਵਿੱਚ ਡੀਏਪੀ ਖਾਦ ਨਹੀਂ ਮਿਲੀ ਹੈ। ਬਾਜ਼ਾਰ ’ਚੋਂ ਡੀਏਪੀ ਖਾਦ ਲੈਣ ਸਮੇਂ ਕਿਸਾਨਾਂ ਨੂੰ ਖਾਦ ਡੀਲਰ ਹੋਰ ਬੇਲੋੜੇ ਉਤਪਾਦ ਖ਼ਰੀਦਣ ਲਈ ਮਜਬੂਰ ਕਰ ਰਹੇ ਹਨ।
ਵੇਰਵਿਆਂ ਅਨੁਸਾਰ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਅਤੇ ਮੱਕੀ ਲਈ ਕਰੀਬ ਦੋ ਲੱਖ ਟਨ ਡੀਏਪੀ ਖਾਦ ਦੀ ਲੋੜ ਹੈ ਪ੍ਰੰਤੂ ਹੁਣ ਤੱਕ ਸੂਬੇ ਨੂੰ 80 ਹਜ਼ਾਰ ਟਨ ਡੀਏਪੀ ਪ੍ਰਾਪਤ ਹੋਈ ਹੈ। ਹਾਲੇ 60 ਫ਼ੀਸਦੀ ਖਾਦ ਦੀ ਸਪਲਾਈ ਬਾਕੀ ਹੈ। ਪੰਜਾਬ ਸਰਕਾਰ ਨੇ ਥੋੜ੍ਹੇ ਦਿਨ ਪਹਿਲਾਂ ਕੇਂਦਰੀ ਖਾਦ ਮੰਤਰੀ ਨੂੰ ਪੱਤਰ ਲਿਖ ਕੇ ਡੀਏਪੀ ਦੀ ਸਪਲਾਈ ਦੀ ਮੰਗ ਕੀਤੀ ਹੈ। ਸੂਬੇ ਨੂੰ ਅਪਰੈਲ ’ਚ 45 ਹਜ਼ਾਰ ਟਨ ਡੀਏਪੀ ਮਿਲਣੀ ਸੀ ਪ੍ਰੰਤੂ ਸਪਲਾਈ 16 ਹਜ਼ਾਰ ਟਨ ਦੀ ਹੋਈ ਸੀ। ਇਸੇ ਤਰ੍ਹਾਂ ਮਈ ’ਚ 46 ਹਜ਼ਾਰ ਟਨ ਦੀ ਐਲੋਕੇਸ਼ਨ ਦੇ ਬਦਲੇ ’ਚ 31 ਹਜ਼ਾਰ ਟਨ ਹੀ ਡੀਏਪੀ ਖਾਦ ਮਿਲੀ ਹੈ ਜਦੋਂ ਕਿ 33 ਹਜ਼ਾਰ ਟਨ ਪੁਰਾਣਾ ਸਟਾਕ ਪਿਆ ਸੀ।
ਕੇਂਦਰ ਸਰਕਾਰ ਵੱਲੋਂ ਜੂਨ ਮਹੀਨੇ ਦੀ ਕੀਤੀ ਜਾਣ ਵਾਲੀ ਐਲੋਕੇਸ਼ਨ ’ਤੇ ਹੀ ਪੰਜਾਬ ਦੀ ਟੇਕ ਹੈ। ਪੇਂਡੂ ਸਹਿਕਾਰੀ ਸਭਾਵਾਂ ’ਚ ਹੁਣ ਤੱਕ 55 ਹਜ਼ਾਰ ਟਨ ਡੀਏਪੀ ਖਾਦ ਪੁੱਜੀ ਹੈ। ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਜਿਨ੍ਹਾਂ ਖੇਤਾਂ ਨੂੰ ਹੁਣ ਕਿਸਾਨਾਂ ਨੇ ਵਾਹ ਕੇ ਪੱਧਰਾ ਕੀਤਾ ਹੈ, ਉਨ੍ਹਾਂ ਜ਼ਮੀਨਾਂ ਨੂੰ ਡੀਏਪੀ ਖਾਦ ਦੀ ਲੋੜ ਹੈ ਅਤੇ ਇਸੇ ਤਰ੍ਹਾਂ ਮੱਕੀ ਦੀ ਬਿਜਾਂਦ ਨੂੰ ਸਰਕਾਰ ਹੱਲਾਸ਼ੇਰੀ ਦੇ ਰਹੀ ਹੈ ਪ੍ਰੰਤੂ ਮੱਕੀ ਵਾਸਤੇ ਡੀਏਪੀ ਨਹੀਂ ਮਿਲ ਰਹੀ ਹੈ। ਮਾਨਸਾ ਦੇ ਪਿੰਡ ਅਲੀਸ਼ੇਰ ਦੇ ਕਿਸਾਨ ਨਿਰਮਲ ਸਿੰਘ ਨੇ ਕਿਹਾ ਕਿ ਬਾਜ਼ਾਰ ’ਚ ਖਾਦ ਡੀਲਰ ਤੋਂ ਡੀਏਪੀ ਲੈਣੀ ਮਹਿੰਗੀ ਪੈ ਰਹੀ ਹੈ ਕਿਉਂਕਿ ਡੀਲਰ ਵਾਧੂ ਉਤਪਾਦ ਚੁਕਵਾ ਰਹੇ ਹਨ।
ਜਾਣਕਾਰੀ ਅਨੁਸਾਰ ਚੀਨ ਨੇ ਭਾਰਤ ਨੂੰ ਖਾਦ ਦੇਣੀ ਬੰਦ ਕੀਤੀ ਹੋਈ ਹੈ ਅਤੇ ਰੂਸ-ਯੂਕਰੇਨ ਜੰਗ ਕਾਰਨ ਕੌਮਾਂਤਰੀ ਮਾਰਕੀਟ ਵਿੱਚ ਡੀਏਪੀ ਖਾਦ ਦੇ ਰੇਟ ਉੱਚੇ ਹਨ। ਭਾਰਤੀ ਖਾਦ ਕੰਪਨੀਆਂ ਨੂੰ ਵਿਦੇਸ਼ ’ਚੋਂ ਡੀਏਪੀ ਸਾਰੇ ਖ਼ਰਚਿਆਂ ਸਮੇਤ 69,640 ਰੁਪਏ ਪ੍ਰਤੀ ਟਨ ਪੈਂਦੀ ਹੈ ਜਦੋਂ ਕਿ ਖਾਦ ਸਬਸਿਡੀ 27,599 ਰੁਪਏ ਅਤੇ ਖਾਦ ਵੇਚਣ ਦਾ ਰੇਟ 26,500 ਰੁਪਏ ਟਨ ਤੈਅ ਕੀਤਾ ਹੋਇਆ ਹੈ। ਕੰਪਨੀਆਂ ਨੂੰ ਪ੍ਰਤੀ ਟਨ 15,500 ਰੁਪਏ ਦਾ ਘਾਟਾ ਪੈ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਡੀਏਪੀ ਦੀ ਸਪਲਾਈ ਢੁੱਕਵੀਂ ਮਾਤਰਾ ਵਿੱਚ ਨਹੀਂ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਬਾਕੀ ਸੂਬਿਆਂ ਵਿੱਚ ਵੀ ਡੀਏਪੀ ਦੀ ਸਪਲਾਈ ਦਾ ਸੰਕਟ ਬਣਿਆ ਹੋਇਆ ਹੈ। ਪੇਂਡੂ ਸਹਿਕਾਰੀ ਸਭਾਵਾਂ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਨੇ ਕਿਹਾ ਕਿ ਪੇਂਡੂ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਦ ਦੀ ਕਿੱਲਤ ਬਣੀ ਹੋਈ ਹੈ ਅਤੇ ਕਿਸਾਨ ਖਾਦ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ’ਵਰਸਿਟੀ ਝੋਨੇ ਵਿੱਚ ਡੀਏਪੀ ਸਿਫ਼ਾਰਸ਼ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿੱਲਤ ਤਾਂ ਹੈ ਪ੍ਰੰਤੂ ਖਾਦ ਦਾ ਸੰਕਟ ਹਾਲੇ ਬਣਿਆ ਨਹੀਂ ਹੈ।
ਖਾਦ ਦੇ ਹੋਰ ਰੈਕ ਪੁੱਜ ਰਹੇ ਹਨ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੌਮਾਂਤਰੀ ਹਾਲਾਤ ਕਰਕੇ ਕੌਮੀ ਪੱਧਰ ’ਤੇ ਡੀਏਪੀ ਖਾਦ ਦੀ ਕਮੀ ਹੈ ਅਤੇ ਕਿਸੇ ਵੀ ਸੂਬੇ ਨੂੰ ਢੁੱਕਵੀਂ ਸਪਲਾਈ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖਾਦ ਮੰਤਰੀ ਨੂੰ ਪੱਤਰ ਲਿਖੇ ਹਨ ਕਿ ਪੰਜਾਬ ਨੂੰ ਖਾਦ ਦੀ ਕੋਈ ਕਮੀ ਨਾ ਆਉਣ ਦਿੱਤੀ ਜਾਵੇ। ਖੁੱਡੀਆਂ ਨੇ ਕਿਹਾ ਕਿ ਖਾਦ ਦੇ ਇੱਕ-ਦੋ ਦਿਨਾਂ ’ਚ ਹੋਰ ਰੈਕ ਵੀ ਪੰਜਾਬ ਪੁੱਜ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਪੂਰੀ ਸਪਲਾਈ ਦਿੱਤੀ ਜਾਵੇਗੀ।