- ਸਟੇਜ ਦੇ ਆਸ-ਪਾਸ ਲਾਈਆਂ ਲੋਹੇ ਦੀਆਂ ਪੱਤੀਆਂ
- ਡੱਲੇਵਾਲ ਨੇ ਕੇਂਦਰ ਨੂੰ ਮੰਗਾਂ ਮੰਨਣ ਦੀ ਅਪੀਲ ਦੁਹਰਾਈ
- ਪੰਜਾਬ ’ਚ ਭਲਕੇ ਰੇਲਾਂ ਰੋਕਣ ਦਾ ਐਲਾਨ
ਗੁਰਨਾਮ ਸਿੰਘ ਚੌਹਾਨ/ਸਰਬਜੀਤ ਸਿੰਘ ਭੰਗੂ
ਪਾਤੜਾਂ/ਪਟਿਆਲਾ, 16 ਦਸੰਬਰ
ਢਾਬੀ ਗੁਜਰਾਂ ਬਾਰਡਰ ’ਤੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕਿਸਾਨ ਮੋਰਚੇ ਦੇ ਪ੍ਰਬੰਧਕਾਂ ਨੂੰ ਖ਼ਦਸ਼ਾ ਹੈ ਕਿ ਸਰਕਾਰ ਕਿਸੇ ਵੀ ਸਮੇਂ ਡੱਲੇਵਾਲ ਨੂੰ ਉਥੋਂ ਚੁੱਕ ਕੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਉਂਜ ਕਿਸਾਨਾਂ ਨੇ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰੀ ਡਾਕਟਰਾਂ ਦੀ ਆਵਾਜਾਈ ਨੂੰ ਦੇਖਦਿਆਂ ਡੱਲੇਵਾਲ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸਟੇਜ ਦੇ ਆਸ-ਪਾਸ ਸੁਰੱਖਿਆ ਮਜ਼ਬੂਤ ਕਰਨ ਲਈ ਲੋਹੇ ਦੀਆਂ ਪੱਤੀਆਂ ਲਾਉਣ ਦਾ ਕੰਮ ਜਾਰੀ ਹੈ। ਰਾਤ ਸਮੇਂ ਗੱਡੀਆਂ ’ਤੇ ਸਪੀਕਰ ਲਗਾ ਕੇ ਕਿਸਾਨਾਂ ਨੂੰ ਚੌਕਸ ਰਹਿਣ ਅਤੇ ਜਾਗਦੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਡੱਲੇਵਾਲ ਨੇ ਕਰੀਬ ਸੱਤ ਮਿੰਟ ਤੱਕ ਦਿੱਤੇ ਭਾਸ਼ਣ ’ਚ ਕਿਹਾ ਕਿ ਕਿਸਾਨਾਂ ਦੀ ਲਾਗਤ ਅਤੇ ਆਮਦਨ ’ਚ ਬਹੁਤ ਵੱਡਾ ਫ਼ਰਕ ਹੈ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਐੱਮਐੱਸਪੀ ਤੋਂ ਜ਼ਿਆਦਾ ਭਾਅ ਦੇਣ ਬਾਰੇ ਦਿੱਤੇ ਜਾ ਰਹੇ ਬਿਆਨ ਨੂੰ ਗੁੰਮਰਾਹਕੁਨ ਕਰਾਰ ਦਿੱਤਾ ਅਤੇ ਕਿਹਾ ਕਿ ਜੇ ਇਹ ਸੱਚ ਹੈ ਤਾਂ ਫਿਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ’ਚ ਕੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਖੇਤੀਬਾੜੀ ਮੰਤਰਾਲੇ ਨੂੰ ਦਿੱਤੇ ਗਏ ਬਜਟ ਵਿੱਚੋਂ ਇਕ ਲੱਖ ਕਰੋੜ ਰੁਪਏ ਵਿੱਤ ਮੰਤਰਾਲੇ ਨੂੰ ਵਾਪਸ ਕਰ ਦਿੱਤੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ। ਕਿਸਾਨ ਆਗੂਆਂ ਨੇ 18 ਦਸੰਬਰ ਨੂੰ ਪੰਜਾਬ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਅੱਜ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕਰਨਾਟਕ ਵਿੱਚ ਟਰੈਕਟਰ ਮਾਰਚ ਕੱਢੇ ਗਏ। ਕਿਸਾਨ ਆਗੂਆਂ ਨੇ ਤਾਮਿਲਨਾਡੂ ਵਿੱਚ 15 ਥਾਵਾਂ ’ਤੇ ਰੇਲਾਂ ਰੋਕੇ ਜਾਣ ’ਤੇ ਵੀ ਤਸੱਲੀ ਪ੍ਰਗਟਾਈ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਇਨੈਲੋ ਆਗੂ ਅਭੈ ਸਿੰਘ ਚੌਟਾਲਾ, ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਐੱਸਕੇਐੱਮ ਆਗੂ ਦਰਸ਼ਨਪਾਲ, ਹਰਦਿਆਲ ਸਿੰਘ ਕੰਬੋਜ, ਗੁਰਕੀਰਤ ਸਿੰਘ ਕੋਟਲੀ ਅਤੇ ਦਲਬੀਰ ਸਿੰਘ ਗੋਲਡੀ ਸਮੇਤ ਹੋਰ ਕਈ ਆਗੂਆਂ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ। ਪੰਜਾਬੀ ਗਾਇਕ ਜਸ ਬਾਜਵਾ ਨੇ ਵੀ ਡੱਲੇਵਾਲ ਦਾ ਹਾਲ-ਚਾਲ ਪੁੱਛਿਆ।
ਸ਼ੰਭੂ ਰੇਲਵੇ ਸਟੇਸ਼ਨ ’ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ
ਪਟਿਆਲਾ (ਸਰਬਜੀਤ ਭੰਗੂ): ਸ਼ੰਭੂ ਰੇਲਵੇ ਸਟੇਸਨ ’ਤੇ ਸੀਮਿੰਟ ਦੇ ਬੈਂਚਾਂ ’ਤੇ ਸਿਆਹੀ ਨਾਲ ਖਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ ਹਨ। ਇਨ੍ਹਾਂ ਨਾਅਰਿਆਂ ’ਚ ‘ਨਾ ਹਿੰਦੀ ਨਾ ਹਿੰਦੁਸਤਾਨ ਨਾ ਹਿੰਦੂਤਵ, ਦਿੱਲੀ ਬਣੇਗਾ ਖਾਲਿਸਤਾਨ’ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਸ਼ੰਭੂ ਰੇਲਵੇ ਸਟੇਸ਼ਨ ਦੇ ਪੁਰਾਣੇ ਪੁਲ ’ਤੇ ਵੀ ਅਜਿਹੇ ਨਾਅਰੇ ਲਿਖੇ ਗਏ ਹਨ। ਉਧਰ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇਨ੍ਹਾਂ ਨਾਅਰਿਆਂ ਸਬੰਧੀ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਉਹ ਲੋਕਾਂ ਨੂੰ 18 ਦਸੰਬਰ ਨੂੰ ਰੋਲਾਂ ਰੋਕਣ ਦੇ ਅੰਦੋਲਨ ’ਚ ਸ਼ਿਰਕਤ ਕਰਨ ਸਮੇਤ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਸਮਰਥਨ ਕਰਨ ਲਈ ਵੀ ਆਖ ਰਿਹਾ ਹੈ।
ਰਾਜਪਾਲ ਨੂੰ ਮਿਲਣਗੇ ਐੱਸਕੇਐੱਮ ਦੇ ਆਗੂ
ਪਟਿਆਲਾ (ਖੇਤਰੀ ਪ੍ਰਤੀਨਿਧ): ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਢਾਬੀ ਗੁਜਰਾਂ ’ਚ ਕਿਸਾਨ ਆਗੂ ਜਗਜੀਤ ਸਿੰੰਘ ਡੱਲੇਵਾਲ ਦੇ ਮਰਨ ਵਰਤ ਨੂੰ ਦੇਖਦਿਆਂ ਪੰਜਾਬ ਦੇ ਰਾਜਪਾਲ ਨਾਲ ਮਿਲਣ ਦਾ ਫ਼ੈਸਲਾ ਲਿਆ ਹੈ। ਐੱਸਕੇਐੱਮ ਦੇ ਆਗੂ ਡਾ. ਦਰਸ਼ਨਪਾਲ (ਸੂਬਾਈ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ) ਨੇ ਕਿਹਾ ਕਿ ਉਹ ਰਾਜਪਾਲ ਤੋਂ ਡੱਲੇਵਾਲ ਦਾ ਮਰਨ ਵਰਤ ਖੁਲਵਾਉਣ ਅਤੇ ਦਿੱਲੀ ਕੂਚ ਕਰਨ ਵਾਲੇ ਕਿਸਾਨ ਜਥਿਆਂ ’ਤੇ ਤਸ਼ੱਦਦ ਰੋਕਣ ਦੀ ਵੀ ਮੰਗ ਕਰਨਗੇ।
ਮੋਰਚਾ ਫਤਿਹ ਕਰਕੇ ਘਰ ਪਰਤਾਂਗੇ: ਜਿਗਰਜੋਤ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪੋਤਰਾ ਜਿਗਰਜੋਤ ਸਿੰਘ (7) ਬੜੇ ਦ੍ਰਿੜ੍ਹ ਇਰਾਦੇ ਅਤੇ ਹੌਸਲੇ ਨਾਲ ਆਪਣੇ ਦਾਦੇ ਕੋਲ ਬੈਠ ਕੇ ਆਉਣ-ਜਾਣ ਵਾਲੀਆਂ ਸ਼ਖਸੀਅਤਾਂ ਨੂੰ ਨਿਹਾਰਦਾ ਹੈ। ਉਹ ਵਾਰ ਵਾਰ ਸੋਸ਼ਲ ਮੀਡੀਆ ’ਤੇ ਕਿਸਾਨਾਂ ਨੂੰ ਮੋਰਚੇ ’ਚ ਪਹੁੰਚਣ ਦੀ ਅਪੀਲ ਕਰਦਿਆਂ ਕਹਿੰਦਾ ਹੈ ਕਿ ਉਨ੍ਹਾਂ ਦਾ ਦਾਦਾ ਕਿਰਸਾਨੀ ਨੂੰ ਬਚਾਉਣ ਲਈ ਮਰਨ ਵਰਤ ’ਤੇ ਬੈਠਾ ਹੈ ਅਤੇ ਉਹ ਕਿਸਾਨਾਂ ਦੇ ਸਹਿਯੋਗ ਸਦਕਾ ਹੀ ਮੋਰਚੇ ਨੂੰ ਫਤਿਹ ਕਰਕੇ ਆਪਣੇ ਘਰ ਜਾਣਗੇ।